*ਗੁੱਸੇ ‘ਚ ਆਏ ਮੂਸੇਵਾਲਾ ਦੇ ਪਿਤਾ ਨੇ ਕਿਹਾ-ਭਗਵੰਤ ਮਾਨ ਸਭ ਤੋਂ ਕਮਜ਼ੋਰ CM, ਜਲੰਧਰ ਚੋਣਾਂ ‘ਚ ਹਰਾਨ ਦੀ ਕੀਤੀ ਅਪੀਲ*

0
84

(ਸਾਰਾ ਯਹਾਂ/ਬਿਊਰੋ ਨਿਊਜ਼ ) : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੂਜਿਆਂ ਦੀ ਆਲੋਚਨਾ ਕਰਨ ਵਾਲੇ ਸਭ ਤੋਂ ਕਮਜ਼ੋਰ ਮੁੱਖ ਮੰਤਰੀ ਸਾਬਤ ਹੋਏ ਹਨ। ਉਨ੍ਹਾਂ ਕਿਹਾ ਕਿ ਬਠਿੰਡਾ ਜੇਲ੍ਹ ਵਿੱਚ ਬੰਦ ਕੈਦੀਆਂ ਨੇ ਉਨ੍ਹਾਂ ਦੀ ਵੀਡੀਓ ਵਾਇਰਲ ਕੀਤੀ ਹੈ। ਇਸ ‘ਤੇ ਉਸ ਦੇ ਖਿਲਾਫ਼ ਤੁਰੰਤ ਮਾਮਲਾ ਦਰਜ਼ ਕਰ ਲਿਆ ਗਿਆ ਸੀ ਪਰ ਸਰਕਾਰ ਨੇ ਲਾਰੇਂਸ ਬਿਸ਼ਨੋਈ ਦੀ ਇੰਟਰਵਿਊ ‘ਤੇ ਚੁੱਪ ਧਾਰੀ ਰੱਖੀ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਇਹ ਸਰਕਾਰ ਕਾਤਲਾਂ ਨੂੰ ਸ਼ਹਿ ਦੇ ਰਹੀ ਹੈ।

ਬਲਕੌਰ ਸਿੰਘ ਐਤਵਾਰ ਨੂੰ ਪਿੰਡ ਮੂਸਾ ਵਿਖੇ ਸਿੱਧੂ ਦੇ ਚਹੇਤਿਆਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਆਪਣੇ ਆਪ ਨੂੰ ਇਮਾਨਦਾਰ ਕਹਿਣ ਵਾਲੀ ਕੇਜਰੀਵਾਲ ਅਤੇ ਭਗਵੰਤ ਮਾਨ ਸਰਕਾਰ ਜੇਲ੍ਹ ਦੀ ਬੈਰਕ ਵਿੱਚੋਂ ਇੱਕ ਲੱਖ ਰੁਪਏ ਦੀ ਉਗਰਾਹੀ ਕਰ ਰਹੀ ਹੈ। ਤਾਂ ਜੋ ਬਦਲੇ ਵਿੱਚ ਮੋਬਾਈਲ ਅਤੇ ਹੋਰ ਸਹੂਲਤਾਂ ਦਿੱਤੀਆਂ ਜਾ ਸਕਣ। ਉਨ੍ਹਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੇ ਸਬੰਧ ਵਿੱਚ ਜਿਨ੍ਹਾਂ ਵਿਅਕਤੀਆਂ ‘ਤੇ ਉਨ੍ਹਾਂ ਨੂੰ ਸ਼ੱਕ ਹੈ, ਉਨ੍ਹਾਂ ਦੇ ਨਾਂ ਕਈ ਵਾਰ ਦੱਸੇ ਜਾ ਚੁੱਕੇ ਹਨ ਪਰ ਸਰਕਾਰ ਇਸ ਮਾਮਲੇ ਵਿੱਚ ਪੂਰੀ ਤਰ੍ਹਾਂ ਚੁੱਪ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਤੱਕ ਕਿਸੇ ਵੀ ਸਰਕਾਰ ਨੇ ਲਾਰੈਂਸ ਜੇਲ੍ਹ ਵਿੱਚੋਂ ਜਾਰੀ ਵੀਡੀਓ ’ਤੇ ਕੋਈ ਕਾਰਵਾਈ ਨਹੀਂ ਕੀਤੀ, ਸਿਰਫ਼ ਕਮੇਟੀ ਬਣਾ ਕੇ ਸਮਾਂ ਬਿਤਾਇਆ ਜਾ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਜਲੰਧਰ ਦੇ ਲੋਕਾਂ ਨੂੰ ਜ਼ਿਮਨੀ ਚੋਣਾਂ ‘ਚ ‘ਆਪ’ ਸਰਕਾਰ ਨੂੰ ਕਰਾਰੀ ਹਾਰ ਦੇਣੀ ਚਾਹੀਦੀ ਹੈ ਅਤੇ ਉਨ੍ਹਾਂ ਤੋਂ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ। ਉਨ੍ਹਾਂ ਨੇ ਕਿਹਾ ਕਿ ਇਹ ਉਨ੍ਹਾਂ ਦੇ ਪੁੱਤਰ ਦਾ ਕਸੂਰ ਸੀ ਕਿ ਉਸ ਦੇ ਚਿਹਰੇ ਤੋਂ ਸਿੱਖ ਦਿਖਾਈ ਦੇ ਰਿਹਾ ਸੀ। ਸਿੱਧੂ ਮੂਸੇਵਾਲਾ ਦੇ ਗੀਤ ‘ਮੇਰਾ ਨਾਮ’ ਦੀ ਮਕਬੂਲੀਅਤ ਨੇ ਸਰਕਾਰ ਦੇ ਮੂੰਹ ‘ਤੇ ਕਰਾਰੀ ਚਪੇੜ ਮਾਰ ਦਿੱਤੀ ਹੈ ਕਿ ਸਰਕਾਰ ਉਸ ਨੂੰ ਇਨਸਾਫ ਤਾਂ ਨਹੀਂ ਦੇ ਸਕਦੀ ਪਰ ਲੋਕਾਂ ਦੇ ਦਿਲਾਂ ‘ਚੋਂ ਨਹੀਂ ਕੱਢ ਸਕਦੀ।

ਬਲਕੌਰ ਸਿੰਘ ਨੇ ਕਿਹਾ ਕਿ ਭਗਵੰਤ ਮਾਨ ਝੂਠ ਬੋਲ ਕੇ ਸੱਤਾ ਵਿੱਚ ਆਇਆ ਹੈ, ਜੋ ਚੌਪਾਲ ਵਿੱਚ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਦੀ ਗੱਲ ਕਰਦਾ ਸੀ, ਹੁਣ ਉਹ ਖੁਦ ਇਸ ਤੋਂ ਭੱਜ ਰਿਹਾ ਹੈ। ਸਿੱਧੂ ਦੀ ਮਾਤਾ ਚਰਨ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੁਲਿਸ ਦੇ ਹੱਥ ਬੰਨ੍ਹ ਦਿੱਤੇ ਹਨ, ਜੋ ਪੁਲਿਸ ਨੂੰ ਕੰਮ ਨਹੀਂ ਕਰਨ ਦੇ ਰਹੀ, ਪਰ ਯਾਦ ਰੱਖੋ ਕਿ ਸਰਕਾਰਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ ਅਤੇ ਕੁਰਸੀ ਬਦਲਣ ਨੂੰ ਸਮਾਂ ਨਹੀਂ ਲਗਦਾ।

NO COMMENTS