ਗੁੰਡਾ ਕੌਣ….??

0
571

ਬੇਰੁਜ਼ਗਾਰ ਹਰਦੀਪ ਦੀ ਮਸਾਂ ਹੀ ਇਕ ਪ੍ਰਾਈਵੇਟ ਫਾਈਨਾਂਸ ਕੰਪਨੀ ਵਿਚ ਨੌਕਰੀ ਲੱਗੀ ਸੀ। ਉਹ ਲੋਕਾਂ ਦੁਆਰਾ ਉਧਾਰ ਲਏ ਪੈਸਿਆਂ ਦੀ ਕਿਸ਼ਤ ਇਕੱਠੀ ਕਰਨ ਰੋਜ਼ਾਨਾ ਹੀ ਘਰ-ਘਰ ਜਾਇਆ ਕਰਦਾ ਸੀ।  ਇਸੇ ਦੌਰਾਨ ਹੀ ਕੋਰੋਨਾ ਮਹਾਂਮਾਰੀ ਨੇ ਪੂਰੇ ਵਿਸ਼ਵ ਵਿਚ ਪੈਰ ਪਸਾਰ ਲਏ। ਲੋਕਾਂ ਦੇ ਕਾਰੋਬਾਰ ਠੱਪ ਹੋ ਗਏ ਤੇ ਮੋਹਤਬਰ ਲੀਡਰ ਨੂੰ ਬਹਾਨਾ ਮਿਲ ਗਿਆ ਲੋਕਾਂ ਦੇ ਉਧਾਰ ਲਏ ਪੈਸੇ ਜ਼ਬਤ ਕਰਵਾਉਣ ਦਾ। ਉਹ ਰੋਜ਼ਾਨਾ ਹੀ ਇਕੱਠ ਕਰਕੇ ਹਰ ਫਾਇਨਾਂਸ ਕੰਪਨੀ ਤੋਂ ਉਗਰਾਹੀ ਕਰਨ ਆਏ ਮੁੰਡਿਆਂ ਨੂੰ ਘੇਰ ਘੇਰ ਬੇਇੱਜਤ ਕਰਨ ਲੱਗ ਪਏ। ਇੱਕ ਦਿਨ ਇਸੇ ਝੁੰਡ ਵਿਚ ਹਰਦੀਪ ਵੀ ਫਸ ਗਿਆ।       ਹਰਦੀਪ ਆਪਣੀ ਡਿਊਟੀ ਦੌਰਾਨ ਕਿਸੇ ਘਰ ਤੋਂ ਕਿਸ਼ਤ ਦੀ ਉਗਰਾਹੀ ਕਰਨ ਚਲਾ ਗਿਆ। ਓਥੇ ਪਹੁੰਚਦਿਆਂ ਹੀ ਪਿੰਡ ਦੇ ਕੁਝ ਮੋਹਤਬਰ ਲੀਡਰ ਅਖਵਾਉਣ ਵਾਲੇ ਬੰਦੇ ਇਕੱਠੇ ਹੋ ਗਏ। ਉਨ੍ਹਾਂ ਨੇ ਕਰਜ਼ੇ ਦੀ ਕਿਸ਼ਤ ਲੈਣ ਆਏ ਹਰਦੀਪ ਨੂੰ ਫੜ੍ਹ ਕੇ ਬਿਠਾ ਲਿਆ, ਬੰਨ੍ਹ ਲਿਆ ਤੇ ਬੇਇੱਜਤ ਕੀਤਾ।  ਪਿੰਡ ਦੀਆਂ ਜਿਹੜੀਆਂ ਔਰਤਾਂ ਨੇ ਉਧਾਰ ਪੈਸੇ ਲਏ ਸਨ ਉਨ੍ਹਾਂ ਨੇ ਨਾਅਰੇਬਾਜ਼ੀ ਸ਼ੂਰੂ ਕਰ ਦਿੱਤੀ।  “ਅਸੀਂ ਕਿਸ਼ਤਾਂ ਨਹੀਂ ਭਰਾਂਗੀਆਂ, ਗੁੰਡਾਗਰਦੀ ਨਹੀਂ ਚੱਲੂਗੀ”। ਬੇਇੱਜਤ ਹੋਇਆ ਹਰਦੀਪ ਸੋਚ ਰਿਹਾ ਸੀ ਕਿ ਪੈਸੇ ਉਧਾਰ ਲੈ ਕੇ ਮੁੱਕਰਨ ਵਾਲੇ ਬੰਦੇ ਗੁੰਡੇ ਨੇ ਕਿ ਉਹ ਆਪ ਗੁੰਡਾ ਹੈ ਜੋ ਮਾਮੂਲੀ ਜਿਹੀ ਤਨਖ਼ਾਹ ਤੇ ਆਪਣੀ ਡਿਊਟੀ ਨਿਭਾਉੰਦਾ ਹੋਇਆ ਹੱਕ ਦੀ ਕਮਾਈ ਕਰ ਰਿਹਾ ਹੈ।       ਕਿਸ਼ਤਾਂ ਇਕੱਠੀਆਂ ਕਰਨ ਤੋਂ ਨਾਕਾਮ ਰਹੇ ਹਰਦੀਪ ਨੂੰ ਫਾਈਨਾਂਸ ਕੰਪਨੀ ਵਾਲਿਆਂ ਨੇ ਨੌਕਰੀ ਤੋਂ ਕੱਢ ਦਿੱਤਾ ਤੇ ਉਹ ਫੇਰ ਬੇਰੁਜ਼ਗਾਰ ਹੋ ਗਿਆ। ਕੁਝ ਕੁ ਦਿਨਾਂ ਬਾਅਦ ਪਿੰਡ ਦੇ ਓਹੀ ਮੋਹਤਬਰ ਲੀਡਰ ਆਗੂ ਉਨ੍ਹਾਂ ਹੀ ਔਰਤਾਂ ਪਾਸੋਂ ਉਧਾਰ ਲਏ ਪੈਸੇ ਦੀਆਂ ਕਿਸ਼ਤਾਂ ਇਕੱਠੀਆਂ ਕਰ ਰਹੇ ਸਨ, ਤੇ ਉਹ ਔਰਤਾਂ ਵੀ ਖੁਸ਼ੀ ਖੁਸ਼ੀ ਕਿਸ਼ਤਾਂ ਭਰਨ ਲੱਗੀਆਂ।  ਹਰਦੀਪ ਨੇ ਕੰਪਨੀਆਂ ਪਾਸੋਂ ਘੋਖ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਕਰਜ਼ੇ ਮੁਆਫ ਕਰਨ ਲਈ ਧਰਨੇ ਮੁਜਾਹਰੇ ਕਰਨ ਵਾਲੇ ਉਸੇ ਹੀ ਮੋਹਤਬਰ ਲੀਡਰ ਨੇ ਫਾਇਨਾਂਸ ਕੰਪਨੀ ਨਾਲ ਗਿਟਮਿਟ ਕਰ ਲਈ ਕਿ ਉਨ੍ਹਾਂ ਦੇ ਬੇਟੇ ਨੂੰ ਨੌਕਰੀ ਤੇ ਰੱਖੋ, ਕੰਪਨੀ ਦੀਆਂ ਡੁੱਬੀਆਂ ਕਿਸ਼ਤਾਂ ਉਹ ਆਪ ਦਿਵਾਉਣਗੇ।        ਹਰਦੀਪ ਨੂੰ ਲੋਕਾਂ ਦੀ ਨਾਸਮਝੀ ‘ਤੇ ਹਾਸਾ ਆ ਰਿਹਾ ਸੀ ਤੇ ਉਨ੍ਹਾਂ ਨੌਜਵਾਨਾਂ ਤੇ ਅਫਸੋਸ ਹੋ ਰਿਹਾ ਸੀ ਜੋ ਅੱਜ ਵੀ ਉਨ੍ਹਾਂ ਮੋਹਤਬਰ ਲੀਡਰਾਂ ਪਿੱਛੇ ਝੰਡੇ ਚੁੱਕੀ ਤੁਰੇ ਫਿਰਦੇ ਨੇ, ਬਿਨਾਂ ਆਪਣੇ ਭਵਿੱਖ, ਆਪਣੇ ਘਰ ਦੀ ਪਰਵਾਹ ਕੀਤੇ।। ਹਰਦੀਪ ਸੋਚਦਾ ਹੈ ਕਿ ਕਾਸ਼ ਇਹ ਪਿੱਛਲੱਗ ਨੌਜਵਾਨ ਅਤੇ ਲੋਕ ਸਮਝ ਸਕਦੇ ਕਿ ਆਪਣੀ ਤੇ ਆਪਣੇ ਘਰ ਦੀ ਤਰੱਕੀ ਵਿਚ ਹੀ ਦੇਸ਼ ਅਤੇ ਸੰਸਾਰ ਦੀ ਤਰੱਕੀ ਹੁੰਦੀ ਹੈ। ਆਪਣੀ ਸੋਚ ਕਿਸੇ ਹੋਰ ਪਿੱਛੇ ਰੱਖ ਕੇ ਕੱਟੜ ਹੋ ਜਾਣ ਵਾਲੇ ਲੋਕ ਆਪਣੀ ਅਤੇ ਦੇਸ਼ ਦੀ ਤਰੱਕੀ ਲਈ ਖੋਰਾ ਹੁੰਦੇ ਨੇ। ਹਰਦੀਪ ਆਪਣੀ ਹਾਲਤ ਵੱਲ ਵੇਖਦਿਆਂ ਸੋਚ ਰਿਹਾ ਸੀ ਕਿ ਆਖ਼ਰ ਗੁੰਡਾ ਕੌਣ ਹੈ?? ਲੋਕ ਆਪਣਿਆਂ ਦੀ ਬਜਾਇ ਜੇਕਰ ਇਸੇ ਤਰ੍ਹਾਂ ਭ੍ਰਿਸ਼ਟ ਨੇਤਾਵਾਂ ਦਾ ਵਿਰੋਧ ਕਰਨ, ਲੋਕਾਂ ਨੂੰ ਮੁਫਤਖੋਰੇ ਨਾ ਬਣਾ ਕੇ ਸਗੋਂ ਮਿਹਨਤੀ ਬਣਾਇਆ ਜਾਵੇ ਤਾਂ ਦੇਸ਼ ਦਾ ਮੁਹਾਂਦਰਾ ਹੋਰ ਹੀ ਹੋਵੇ। 
    __ਭੁਪਿੰਦਰ ਤੱਗੜ

NO COMMENTS