ਮਾਨਸਾ (ਬੁਢਲਾਡਾ), 05 ਜੁਲਾਈ:-(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐੱਮ ਏ ਪੰਜਾਬੀ, ਭਾਗ ਦੂਜਾ, ਸਮੈਸਟਰ ਤੀਜਾ ਦਾ ਨਤੀਜਾ ਘੋਸ਼ਿਤ ਕੀਤਾ ਗਿਆ, ਜਿਸ ਵਿੱਚ ਗੁਰੂ ਨਾਨਕ ਕਾਲਜ ਬੁਢਲਾਡਾ ਦਾ ਨਤੀਜਾ ਸੌ ਫ਼ੀਸਦੀ ਰਿਹਾ। ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਨਦੀਪ ਕੌਰ ਨੇ ਕਿਹਾ ਕਿ ਪੰਜਾਬੀ ਵਿਭਾਗ ਦੇ ਵਿਦਿਆਰਥੀਆਂ ਨੇ ਸਾਹਿਤਕ ਤੇ ਸੱਭਿਆਚਾਰਕ ਖੇਤਰ ਦੇ ਨਾਲ-ਨਾਲ ਅਕਾਦਮਿਕ ਖੇਤਰ ਵਿਚ ਹਮੇਸ਼ਾ ਹੀ ਇਤਿਹਾਸ ਰਚਿਆ ਹੈ ਅਤੇ ਆਪਣੀ ਮਿਹਨਤ ਤੇ ਲਗਨ ਨਾਲ ਵੱਡੀਆਂ ਮੱਲਾਂ ਮਾਰੀਆਂ ਹਨ।ਉਹਨਾਂ ਵਿਦਿਆਰਥੀਆਂ ਦੀ ਸ਼ਾਨਦਾਰ ਕਾਰਗੁਜ਼ਾਰੀ ਲਈ ਵਧਾਈ ਦਿੱਤੀ ਤੇ ਆਪਣੀ ਮਾਂ ਬੋਲੀ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿਣ ਲਈ ਪ੍ਰੇਰਿਤ ਕੀਤਾ। ਦਸੰਬਰ 2023 ਦੇ ਨਤੀਜੇ ਵਿਚ ਵਿਦਿਆਰਥਣ ਪ੍ਰਵਜੋਤ ਕੌਰ ਨੇ 8.80 ਐੱਸਜੀਪੀਏ (SGPA) ਹਾਸਿਲ ਕਰਕੇ ਪਹਿਲਾ ਸਥਾਨ, ਅਮਰਦੀਪ ਕੌਰ, ਹਰਦੀਪ ਕੌਰ, ਮਨਪ੍ਰੀਤ ਕੌਰ ਅਤੇ ਰੁਕਮਣੀ ਨੇ 8.20 ਐੱਸਜੀਪੀਏ (SGPA) ਹਾਸਿਲ ਕਰਕੇ ਦੂਜਾ ਸਥਾਨ ਅਤੇ ਮਨਦੀਪ ਕੌਰ, ਕੁਲਵਿੰਦਰ ਕੌਰ, ਖੁਸ਼ਪ੍ਰੀਤ ਕੌਰ ਅਤੇ ਅਮਨਪ੍ਰੀਤ ਕੌਰ ਨੇ 8.0 ਐੱਸਜੀਪੀਏ(SGPA) ਹਾਸਿਲ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਸ ਪ੍ਰਾਪਤੀ ‘ਤੇ ਕਾਲਜ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਸਮੂਹ ਵਿਦਿਆਥੀਆਂ ਅਤੇ ਵਿਭਾਗ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਵਿਭਾਗ ਨੇ ਹਮੇਸ਼ਾ ਹੀ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਹਨ। ਇਸ ਵਿਭਾਗ ਦੀ ਮਿਹਨਤ ਦਾ ਨਤੀਜਾ ਹੀ ਹੈ ਕਿ ਇਸ ਵਿਭਾਗ ਦੇ ਵਿਦਿਆਰਥੀ ਪੰਜਾਬ,ਹਰਿਆਣਾ ਤੇ ਦਿੱਲੀ ਦੇ ਚੰਗੇ ਵਿਦਿਅਕ ਅਦਾਰਿਆਂ ਵਿੱਚ ਆਪਣੀਆਂ ਸੇਵਾਵਾਂ ਦੇ ਕੇ ਮਾਂ ਬੋਲੀ ਪੰਜਾਬੀ ਦੀ ਸੇਵਾ ਕਰ ਰਹੇ ਹਨ।