*ਗੁਰਦਾਸਪੁਰ ਦਾ 20 ਸਾਲਾ ਫੌਜੀ ਡਿਊਟੀ ਦੌਰਾਨ ਸ਼ਹੀਦ, ਪਰਿਵਾਰ ਨੇ ਸਰਕਾਰ ਅੱਗੇ ਰੱਖੀ ਇਹ ਮੰਗ *

0
40

ਗੁਰਦਾਸਪੁਰ (ਸਾਰਾ ਯਹਾਂ) : ਗੁਰਦਾਸਪੁਰ ਦੇ ਪਿੰਡ ਕੀੜੀ ਅਫਗਾਨਾ ਦਾ ਰਹਿਣ ਵਾਲਾ ਭਾਰਤੀ ਫੌਜੀ ਗੁਰਵਿੰਦਰ ਸਿੰਘ ਗੋਲੀ ਲੱਗਣ ਨਾਲ ਸ਼ਹੀਦ ਹੋ ਗਿਆ। ਗੁਰਵਿੰਦਰ ਸਿੰਘ ਕਰੀਬ ਇਕ ਸਾਲ ਪਹਿਲਾਂ ਭਾਰਤੀ ਫੌਜ ‘ਚ ਭਰਤੀ ਹੋਇਆ ਸੀ, ਪਰ ਬੀਤੇ ਕੱਲ੍ਹ ਡਿਊਟੀ ਦੌਰਾਨ ਅਚਾਨਕ ਵਾਪਰੇ ਹਾਦਸੇ ‘ਚ ਗੁਰਵਿੰਦਰ ਸਿੰਘ ਗੋਲੀ ਲਗਨ ਨਾਲ ਸ਼ਹੀਦ ਹੋ ਗਿਆ। ਸ਼ਹੀਦ ਦਾ ਪਾਰਥੀਵ ਸ਼ਰੀਰ ਜਦ ਤਿਰੰਗੇ ਝੰਡੇ ਵਿੱਚ ਲਿਪਟਿਆ ਪਿੰਡ ਪਹੁੰਚਿਆ ਤਾਂ ਪਿੰਡ ਦੇ ਲੋਕਾਂ ਨੇ ਸ਼ਹੀਦ ਦੇ ਨਾਂ ਦੇ ਨਾਅਰੇ ਲਗਾਏ। 

ਸ਼ਹੀਦ ਗੁਰਵਿੰਦਰ ਸਿੰਘ 24 ARTY ਰੈਜੀਮੈਂਟ ਵਿੱਚ ਜੰਮੂ ਦੇ ਸੈਕਟਰ ਅਖਨੂਰ ‘ਚ ਤੈਨਾਤ ਸੀ। ਮ੍ਰਿਤਕ ਗੁਵਿੰਦਰ ਸਿੰਘ ਆਪਣੇ ਪਿੱਛੇ ਪਿਤਾ ਭਜਨ ਸਿੰਘ, ਮਾਤਾ ਹਰਜਿੰਦਰ ਕੌਰ, ਭਰਾ ਖੁਸ਼ਦੀਪ ਸਿੰਘ ਅਤੇ ਭੈਣਾਂ ਦਲਜੀਤ ਕੌਰ, ਬਲਜੀਤ ਕੌਰ ਅਤੇ ਸਰਬਜੀਤ ਕੌਰ ਨੂੰ ਛੱਡ ਗਿਆ ਹੈ। ਗੁਰਵਿੰਦਰ ਸਿੰਘ ਦਾ ਅੱਜ ਪਾਰਥੀਵ ਸ਼ਰੀਰ ਪਿੰਡ ਪਹੁੰਚਿਆਂ। ਆਰਮੀ ਦੇ ਜਵਾਨਾਂ ਵਲੋਂ ਸਲਾਮੀ ਦਿੰਦੇ ਹੋਏ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। 

ਇਸ ਮੌਕੇ ਪਿੰਡ ‘ਚ ਸੋਗ ਦੀ ਲਹਿਰ ਸੀ ਅਤੇ ਹਰ ਇਕ ਦੀ ਅੱਖ ਨਮ ਸੀ। ਆਰਮੀ ਦੇ ਅਧਿਕਾਰੀਆਂ ਨੇ ਕੁਝ ਵੀ ਬੋਲਣ ਤੋਂ ਗੁਰੇਜ਼ ਕੀਤਾ। ਓਥੇ ਹੀ ਪਿੰਡ ਦੇ ਸਰਪੰਚ ਜਸਵਿੰਦਰ ਸਿੰਘ ਅਤੇ ਪਿੰਡ ਦੇ ਹੀ ਆਰਮੀ ‘ਚੋਂ ਰਿਟਾਰਡ ਸੂਬੇਦਾਰ ਬਲਬੀਰ ਸਿੰਘ ਦਾ ਕਹਿਣਾ ਸੀ, ਕਿ ਇਸ ਪਰਿਵਾਰ ‘ਚੋਂ ਗੁਰਵਿੰਦਰ ਸਿੰਘ ਸਮੇਤ ਤਿੰਨ ਲੋਕਾਂ ਨੇ ਫੌਜ ‘ਚ ਸੇਵਾਵਾਂ ਦਿੰਦੇ ਹੋਏ ਦੇਸ਼ ਦੀ ਖਾਤਿਰ ਆਪਣੀ ਜਾਨ ਕੁਰਬਾਨ ਕੀਤੀ ਹੈ। ਗੁਰਵਿੰਦਰ ਸਿੰਘ ਦੀ ਕੁਰਬਾਨੀ ਤੇ ਜਿਥੇ ਸਾਨੂੰ ਮਾਣ ਹੈ, ਓਥੇ ਹੀ ਇਸ ਗੱਲ ਦਾ ਦੁੱਖ ਵੀ ਹੈ ਕਿ ਪਿੰਡ ਨੇ ਆਪਣੇ ਜਵਾਨ ਬੇਟੇ ਨੂੰ ਸਦਾ ਲਈ ਗੁਆ ਦਿੱਤਾ ਹੈ।

ਉਨ੍ਹਾਂ ਦਾ ਕਹਿਣ ਸੀ ਕਿ ਗੁਰਵਿੰਦਰ ਸਿੰਘ ਦੇ ਮਾਤਾ-ਪਿਤਾ ਬਿਮਾਰ ਹਨ ਅਤੇ ਵੱਡਾ ਭਰਾ ਬੇਰੁਜ਼ਗਾਰ ਹੈ। ਅਪੀਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਗੁਰਵਿੰਦਰ ਸਿੰਘ ਦੀ ਨੌਕਰੀ ਬੇਨਿਫੀਟਪੂਰਨ ਤੌਰ ‘ਤੇ ਭਰਾ ਨੂੰ ਅਤੇ ਮਾਤਾ-ਪਿਤਾ ਨੂੰ ਉਸਦੀ ਪੈਨਸ਼ਨ ਮਿਲਣੀ ਚਾਹੀਦੀ ਹੈ। ਇਸ ਦੌਰਾਨ ਸ਼ਹੀਦ ਗੁਰਵਿੰਦਰ ਸਿੰਘ ਦੇ ਭਰਾ ਖੁਸ਼ਦੀਪ ਸਿੰਘ ਨੇ ਕਿਹਾ ਕਿ ਜਿਥੇ ਸਾਨੂੰ ਭਰਾ ਦੀ ਕੁਰਬਾਨੀ ਤੇ ਮਾਣ ਹੈ, ਉਥੇ ਹੀ ਭਰਾ ਦੇ ਚਲੇ ਜਾਣ ਦਾ ਦੁੱਖ ਵੀ ਹੈ। ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ, ਕਿ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਭਰਾ ਗੁਰਵਿੰਦਰ ਸਿੰਘ ਦੇ ਨੌਕਰੀ ਦੇ ਬੇਨਿਫਿਟਸ ਮਾਤਾ-ਪਿਤਾ ਨੂੰ ਦਿੱਤੇ ਜਾਣ। Tags:

NO COMMENTS