*ਗੀਤਾ ਭਵਨ ਚ ਕੀਤਾ ਤੁਲਸੀ ਵਿਆਹ*

0
64

ਮਾਨਸਾ 23 ਨਵੰਬਰ (ਸਾਰਾ ਯਹਾਂ/ਮੁੱਖ ਸੰਪਾਦਕ):ਸ੍ਰੀ ਕ੍ਰਿਸ਼ਨ ਕੀਰਤਨ ਮੰਡਲ ਵੱਲੋਂ ਗੀਤਾ ਭਵਨ ਵਿਖੇ ਚੱਲ ਰਹੀ ਕੱਤਕ ਮਹੀਨੇ ਦੀ ਕਥਾ ਦੋਰਾਨ ਅੱਜ ਵੀਰਵਾਰ ਨੂੰ ਤੁਲਸੀ ਵਿਆਹ ਦਾ ਸਮਾਗਮ ਕਰਵਾਇਆ ਗਿਆ।ਜਿਸ ਵਿਚ ਤੁਲਸੀ ਪੱਖ ਵੱਲੋਂ ਸਾਬਕਾ ਨਾਇਬ ਤਹਿਸੀਲਦਾਰ ਉਮ ਪ੍ਰਕਾਸ਼ ਤੇ ਉਨ੍ਹਾਂ ਦੀ ਪਤਨੀ ਵਿਨੋਦ ਰਾਣੀ ਵੱਲੋਂ ਤੁਲਸੀ ਪੱਖ ਦੀਆਂ ਰਸਮਾਂ ਨਿਭਾਈਆਂ ਗਈਆਂ। ਜਿਸ ਵਿਚ ਉਨ੍ਹਾਂ ਵੱਲੋਂ ਸਾਲੀਗ੍ਰਾਮ ਦੀ ਬਾਰਾਤ ਵਿਚ ਆਏ ਬਰਾਤੀਆਂ ਦਾ ਭਰਵਾਂ ਸਵਾਗਤ ਕੀਤਾ ਤੇ ਚਾਹ ਮਿਠਾਈ ਦੀ ਵੀ ਸੇਵਾ ਕੀਤੀ। ਇਸ ਤੇ ਇਲਾਵਾ ਕੰਨਿਆ ਰੂਪੀ ਤੁਲਸੀ ਦੀ ਵਿਦਾਈ ਵੀ ਕੀਤੀ। ਇਸ ਦੋਰਾਨ ਔਰਤਾਂ ਵਲੋਂ ਇਕ ਦੂਜੇ ਨੂੰ ਸਿਠਨੀਆ ਵੀ ਦਿੱਤੀਆਂ ਗਈਆਂ। ਇਸ ਸਮਾਗਮ ਸਬੰਧੀ ਇਕੱਠ ਨੂੰ ਸੰਬੋਧਨ ਕਰਦਿਆਂ ਗੀਤਾ ਭਵਨ ਦੇ ਪੁਜਾਰੀ ਆਚਾਰੀਆ ਬਿ੍ਜਵਾਸੀ ਨੇ ਕਿਹਾ ਕਿ ਸਨਾਤਨ ਧਰਮ ‘ਚ ਇਕਾਦਸ਼ੀ ਤਿਥੀ ਦਾ ਵਿਸ਼ੇਸ਼ ਮਹੱਤਵ ਹੈ, ਖਾਸ ਕਰਕੇ ਦੇਵਉਠਨੀ ਇਕਾਦਸ਼ੀ। ਉਨ੍ਹਾਂ ਕਿਹਾ ਕਿ ਕਿਉਂਕਿ ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਇਕਾਦਸ਼ੀ ‘ਤੇ ਭਗਵਾਨ ਵਿਸ਼ਨੂੰ 4 ਮਹੀਨਿਆਂ ਬਾਅਦ ਆਪਣੀ ਯੋਗ ਨਿਦਰਾ ਤੋਂ ਜਾਗਦੇ ਹਨ। ਇਸ ਲਈ ਵਿਆਹ ਆਦਿ ਸ਼ੁਭ ਕਾਰਜ ਵੀ ਇਸ ਤਰੀਕ ਤੋਂ ਸ਼ੁਰੂ ਹੋ ਜਾਂਦੇ ਹਨ। ਤੁਲਸੀ ਵਿਆਹ ਦੇਵਉਠਨੀ ਇਕਾਦਸ਼ੀ ਤੋਂ ਇਕ ਦਿਨ ਬਾਅਦ ਅਰਥਾਤ ਦ੍ਵਾਦਸ਼ੀ ਤਰੀਕ ਨੂੰ ਕੀਤਾ ਜਾਂਦਾ ਹੈ।ਪੌਰਾਣਿਕ ਕਥਾ ਅਨੁਸਾਰ ਜਲੰਧਰ ਨਾਂ ਦਾ ਰਾਖਸ਼ ਸੀ ਜਿਸ ਦੀ ਪਤਨੀ ਵਰਿੰਦਾ ਇਕ ਪਤੀਵਰਤਾ ਔਰਤ ਤੇ ਭਗਵਾਨ ਵਿਸ਼ਨੂੰ ਦੀ ਪਰਮ ਭਗਤ ਸੀ। ਜਲੰਧਰ ਨੇ ਦਹਿਸ਼ਤਗਰਦੀ ਫੈਲਾਈ ਹੋਈ ਸੀ ਜਿਸ ਕਾਰਨ ਸਾਰੇ ਦੇਵਤੇ ਪਰੇਸ਼ਾਨ ਸਨ। ਉਸ ਦੈਂਤ ਦੇ ਜ਼ੁਲਮਾਂ ​​ਤੋਂ ਛੁਟਕਾਰਾ ਪਾਉਣ ਲਈ ਸਾਰੇ ਦੇਵਤੇ ਭਗਵਾਨ ਵਿਸ਼ਨੂੰ ਕੋਲ ਪਹੁੰਚੇ ਤੇ ਉਨ੍ਹਾਂ ਨੂੰ ਸਾਰੀ ਗੱਲ ਦੱਸੀ। ਹੱਲ ਇਹ ਨਿਕਲਿਆ ਕਿ ਵਰਿੰਦਾ ਦੀ ਪਵਿੱਤਰਤਾ ਨੂੰ ਭੰਗ ਕਰ ਕੇ ਹੀ ਜਲੰਧਰ ਨੂੰ ਹਰਾਇਆ ਜਾ ਸਕਦਾ ਹੈ। ਇਸ ਲਈ ਭਗਵਾਨ ਵਿਸ਼ਨੂੰ ਨੇ ਜਲੰਧਰ ਦਾ ਰੂਪ ਧਾਰਿਆ। ਵਰਿੰਦਾ ਨੇ ਉਨ੍ਹਾਂ ਨੂੰ ਆਪਣਾ ਪਤੀ ਸਮਝ ਕੇ ਛੂਹ ਲਿਆ, ਜਿਸ ਕਾਰਨ ਵਰਿੰਦਾ ਦਾ ਪਤੀਵਰਤਾ ਧਰਮ ਟੁੱਟ ਗਿਆ। ਇਸ ਕਾਰਨ ਜਲੰਧਰ ਦੀਆਂ ਸਾਰੀਆਂ ਤਾਕਤਾਂ ਨਸ਼ਟ ਹੋ ਗਈਆਂ ਤੇ ਭਗਵਾਨ ਸ਼ਿਵ ਨੇ ਯੁੱਧ ‘ਚ ਉਸ ਦਾ ਸਿਰ ਕਲਮ ਕਰ ਦਿੱਤਾ। ਜਦੋਂ ਵਰਿੰਦਾ ਨੂੰ ਪਤਾ ਲੱਗਾ ਕਿ ਉਸ ਨਾਲ ਧੋਖਾ ਕੀਤਾ ਗਿਆ ਹੈ ਤਾਂ ਉਹ ਗੁੱਸੇ ਨਾਲ ਭਰ ਗਈ, ਜਿਸ ਕਾਰਨ ਉਸ ਨੇ ਭਗਵਾਨ ਵਿਸ਼ਨੂੰ ਨੂੰ ਸਰਾਪ ਦਿੱਤਾ। ਸ਼੍ਰੀ ਹਰਿ ਨੂੰ ਵਰਿੰਦਾ ਨੇ ਪੱਥਰ ਬਣਨ ਦਾ ਸਰਾਪ ਦਿੱਤਾ ਸੀ ਜਿਸ ਨੂੰ ਭਗਵਾਨ ਵਿਸ਼ਨੂੰ ਨੇ ਸਵੀਕਾਰ ਕਰ ਲਿਆ ਤੇ ਉਹ ਪੱਥਰ ਬਣ ਗਏ। ਇਹ ਦੇਖ ਕੇ ਮਾਂ ਲਕਸ਼ਮੀ ਬਹੁਤ ਦੁਖੀ ਹੋਈ ਤੇ ਵਰਿੰਦਾ ਨੂੰ ਆਪਣਾ ਸਰਾਪ ਵਾਪਸ ਲੈਣ ਲਈ ਪ੍ਰਾਰਥਨਾ ਕੀਤੀ।ਗੁੱਸਾ ਸ਼ਾਂਤ ਹੋਣ ਤੋਂ ਬਾਅਦ ਵਰਿੰਦਾ ਨੇ ਭਗਵਾਨ ਵਿਸ਼ਨੂੰ ਨੂੰ ਸਰਾਪ ਤੋਂ ਮੁਕਤ ਕਰ ਦਿੱਤਾ ਪਰ ਵਰਿੰਦਾ ਨੇ ਖੁਦ ਆਤਮਦਾਹ ਕਰ ਲਿਆ। ਜਿਸ ਥਾਂ ਵਰਿੰਦਾ ਭਸਮ ਹੋਈ, ਉੱਥੇ ਇੱਕ ਬੂਟਾ ਉੱਗ ਗਿਆ। ਭਗਵਾਨ ਵਿਸ਼ਨੂੰ ਨੇ ਇਸ ਪੌਦੇ ਦਾ ਨਾਂ ਤੁਲਸੀ ਰੱਖਿਆ। ਭਗਵਾਨ ਵਿਸ਼ਨੂੰ ਨੇ ਇਹ ਵੀ ਕਿਹਾ ਕਿ ਤੁਲਸੀ ਦੇ ਨਾਲ ਸ਼ਾਲੀਗ੍ਰਾਮ ਯਾਨੀ ਉਨ੍ਹਾਂ ਦੇ ਸਰੂਪ ਦੀ ਪੂਜਾ ਕੀਤੀ ਜਾਵੇਗੀ। ਇਸ ਲਈ ਹਰ ਸਾਲ ਦੇਵਉਠਨੀ ਇਕਾਦਸ਼ੀ ‘ਤੇ ਭਗਵਾਨ ਵਿਸ਼ਨੂੰ ਦੇ ਰੂਪ ਸ਼ਾਲੀਗ੍ਰਾਮ ਤੇ ਤੁਲਸੀ ਦਾ ਵਿਆਹ ਕਰਨ ਦੀ ਪਰੰਪਰਾ ਹੈ।ਉਨ੍ਹਾਂ ਕਿਹਾ ਕਿ ਜਦੋਂ ਅੱਜ ਤੱਕ ਚੱਲ ਰਹੀ ਹੈ।ਇਸ ਮੋਕੇ ਇਸ ਮੌਕੇ ਧਰਮ ਪਾਲ ਪਾਲੀ, ਪਵਨ ਧੀਰ ,ਅਮਰ ਪੀ ਪੀ , ਇੰਦਰ ਸੈਨ, ਅਮਰ ਨਾਥ ਲੀਲਾ ਰਾਮ, ਸੁਰਿੰਦਰ ਲਾਲੀ,ਮੱਖਣ ਲਾਲ, ਦੀਵਾਨ ਭਾਰਤੀ,ਗਿਆਨ ਚੰਦ, ਰਾਜ ਕੁਮਾਰ, ਦੀਪਕ ਮੋਬਾਈਲ, ਸੰਜੂ, ਸਤੀਸ਼ ਧੀਰ, ਅਸ਼ੋਕ ਗੋਗੀ,ਵਿਨੋਦ ਰਾਣੀ,ਕਿ੍ਸਨਾ ਦੇਵੀ, ਨੀਸੂ, ਨੀਲਮ ਰਾਣੀ, ਅਭਿਨਾਸ, ਸੀਲਾ ਦੇਵੀ, ਕਮਲੇਸ ਰਾਣੀ, ਦਰਸਨਾ ਦੇਵੀ, ਸੁਸਮਾ ਦੇਵੀ,ਮੂਰਤੀ, ਕਿਰਨਾ ਰਾਣੀ, ਨਿਰਮਲਾ ਦੇਵੀ, ਮੰਜੂ, ਸਰੋਜ ਬਾਲਾ, ਸੁਨੀਤਾ ਤੋ ਇਲਾਵਾ ਵੱਡੀ ਗਿਣਤੀ ਵਿਚ ਔਰਤਾਂ ਹਾਜ਼ਰ ਸਨ।

NO COMMENTS