*ਗ਼ੈਰ-ਨਿਰਧਾਰਤ ਰੂਟਾਂ ’ਤੇ ਚਲਦੀਆਂ ਪੰਜ ਬੱਸਾਂ ਦੀ ਕੀਤੀ ਰਿਪੋਰਟ*

0
20

ਚੰਡੀਗੜ੍ਹ, 23 ਅਗਸਤ:(ਸਾਰਾ ਯਹਾਂ/ਹਿਤੇਸ਼ ਸ਼ਰਮਾ):

ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਅੱਜ ਦੱਸਿਆ ਕਿ ਵਿਭਾਗ ਵਿੱਚ ਭ੍ਰਿਸ਼ਟ ਗਤੀਵਿਧੀਆਂ ਨੂੰ ਠੱਲ੍ਹ ਪਾਉਣ ਦੇ ਮੱਦੇਨਜ਼ਰ ਗਠਿਤ ਕੀਤੇ ਗਏ ਮਨਿਸਟਰਜ਼ ਫ਼ਲਾਇੰਗ ਸਕੁਐਡ ਨੇ ਸਰਕਾਰੀ ਬੱਸ ਵਿੱਚੋਂ 20 ਲੀਟਰ ਡੀਜ਼ਲ ਚੋਰੀ ਕਰਨ ਵਾਲੇ ਡਰਾਈਵਰ ਸਣੇ ਪੈਸੇ ਲੈ ਕੇ ਸਵਾਰੀਆਂ ਨੂੰ ਟਿਕਟਾਂ ਨਾ ਦੇਣ ਵਾਲੇ ਇੱਕ ਕੰਡਕਟਰ ਨੂੰ ਕਾਬੂ ਕੀਤਾ ਹੈ। ਇਸੇ ਤਰ੍ਹਾਂ ਗ਼ੈਰ-ਨਿਰਧਾਰਤ ਰੂਟਾਂ ’ਤੇ ਚਲਦੀਆਂ ਪੰਜ ਬੱਸਾਂ ਅਤੇ ਸਵਾਰੀਆਂ ਤੋਂ ਬਿਨਾਂ ਬੱਸ ਚਲਾਉਣ ਸਬੰਧੀ ਰਿਪੋਰਟ ਕੀਤੀ ਗਈ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ. ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਫ਼ਲਾਇੰਗ ਸਕੁਐਡ ਨੇ ਹਰਿਆਣਾ ਦੇ ਜੀਵਨ ਨਗਰ ਵਿਖੇ ਛਾਪੇਮਾਰੀ ਦੌਰਾਨ ਡਰਾਈਵਰ ਰਣਜੀਤ ਸਿੰਘ ਨੂੰ ਉਸ ਨੂੰ ਅਲਾਟ ਕੀਤੀ ਗਈ ਪਨਬਸ ਡਿਪੂ ਲੁਧਿਆਣਾ ਦੀ ਬੱਸ ਨੰਬਰ ਪੀ.ਬੀ-10-ਐਫ.ਐਫ 4952 ਵਿਚੋਂ 20 ਲੀਟਰ ਡੀਜ਼ਲ ਚੋਰੀ ਕਰਦੇ ਹੋਏ ਰੰਗੇ-ਹੱਥੀਂ ਕਾਬੂ ਕੀਤਾ ਹੈ।

ਇਸੇ ਤਰ੍ਹਾਂ ਧਾਰ ਕਲਾਂ (ਪਠਾਨਕੋਟ) ਵਿਖੇ ਚੈਕਿੰਗ ਦੌਰਾਨ ਫ਼ਲਾਇੰਗ ਸਕੁਐਡ ਵੱਲੋਂ ਪਠਾਨਕੋਟ ਡਿਪੂ ਦੀ ਬੱਸ ਨੰਬਰ ਪੀ.ਬੀ-06-ਏ.ਐਸ 8772 ਦੇ ਕੰਡਕਟਰ ਅਮਨਦੀਪ ਨੂੰ ਸਵਾਰੀਆਂ ਤੋਂ 545 ਰੁਪਏ ਵਸੂਲ ਕੇ ਟਿਕਟਾਂ ਨਾ ਜਾਰੀ ਕਰਨ ਦੇ ਦੋਸ਼ ਹੇਠ ਫੜਿਆ ਗਿਆ ਹੈ।

ਫ਼ਲਾਇੰਗ ਸਕੁਐਡ ਨੇ ਪੰਜ ਬੱਸਾਂ ਨੂੰ ਵੀ ਗ਼ੈਰ-ਨਿਰਧਾਰਤ ਰੂਟਾਂ ’ਤੇ ਚਲਦਿਆਂ ਪਾਇਆ ਹੈ। ਗੁਰਾਇਆ ਵਿਖੇ ਚੈਕਿੰਗ ਦੌਰਾਨ ਤਰਨ ਤਾਰਨ ਡਿਪੂ ਦੀ ਬੱਸ ਨੰਬਰ ਪੀ.ਬੀ-02-ਈ.ਜੀ 4673 ਅਤੇ ਅੰਮ੍ਰਿਤਸਰ-2 ਡਿਪੂ ਦੀ ਬੱਸ ਨੰਬਰ ਪੀ.ਬੀ-02-ਈ.ਜੀ 3064 ਅਤੇ ਫ਼ਗਵਾੜਾ ਵਿਖੇ ਚੈਕਿੰਗ ਦੌਰਾਨ ਅੰਮ੍ਰਿਤਸਰ-1 ਡਿਪੂ ਦੀ ਬੱਸ ਨੰਬਰ ਪੀ.ਬੀ-02-ਈ.ਐਚ 2749 ਅਤੇ ਨਵਾਂਸ਼ਹਿਰ ਡਿਪੂ ਦੀ ਬੱਸ ਨੰਬਰ ਪੀ.ਬੀ-32-ਪੀ 3598 ਨੂੰ ਗ਼ੈਰ-ਨਿਰਧਾਰਤ ਰੂਟਾਂ ’ਤੇ ਚਲਦੇ ਪਾਇਆ ਗਿਆ। ਇਸੇ ਤਰ੍ਹਾਂ ਕਰਤਾਰਪੁਰ ਵਿਖੇ ਚੈਕਿੰਗ ਦੌਰਾਨ ਪੱਟੀ ਡਿਪੂ ਦੀ ਬੱਸ ਨੰਬਰ ਪੀ.ਬੀ-02-ਈ.ਜੀ 9427 ਵੀ ਆਪਣੇ ਨਿਰਧਾਰਿਤ ਰੂਟ ਤੋਂ ਵੱਖਰੇ ਰੂਟ ’ਤੇ ਚਲਦੀ ਪਾਈ ਗਈ ਜਦਕਿ ਬਟਾਲਾ ਡਿਪੂ ਦੀ ਬੱਸ ਨੰਬਰ ਪੀ.ਬੀ-06-ਬੀ.ਸੀ 0216 ਨੂੰ ਬਿਨਾਂ ਸਵਾਰੀਆਂ ਤੋਂ ਲਿਜਾਂਦੇ ਪਾਇਆ ਗਿਆ।

ਟਰਾਂਸਪੋਰਟ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹੈ ਕਿ ਰਿਪੋਰਟ ਕੀਤੇ ਗਏ ਡਰਾਈਵਰਾਂ ਅਤੇ ਕੰਡਕਟਰਾਂ ਵਿਰੁੱਧ ਬਣਦੀ ਅਨੁਸ਼ਾਸਨੀ ਕਾਰਵਾਈ ਤੁਰੰਤ ਅਮਲ ਵਿੱਚ ਲਿਆਂਦੀ ਜਾਵੇ।

NO COMMENTS