ਗਰੁੱਪ 3 ਤੇ 4 ਮੁਲਾਜ਼ਮਾਂ ਦੇ ਕੁਆਰਟਰਾਂ ਦੀ ਦੋ ਦਹਾਕਿਆਂ ਵਿੱਚ ਪਹਿਲੀ ਦਫ਼ਾ ਹੋਵੇਗੀ ਕਾਇਆ ਕਲਪ: ਵਿਜੈ ਇੰਦਰ ਸਿੰਗਲਾ

0
31

ਚੰਡੀਗੜ੍ਹ, 20 ਜੁਲਾਈ  (ਸਾਰਾ ਯਹਾ, ਬਲਜੀਤ ਸ਼ਰਮਾ)  ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਗਰੁੱਪ 3 ਤੇ 4 ਦੇ ਮੁਲਾਜ਼ਮਾਂ ਦੇ 2758 ਕੁਆਰਟਰਾਂ ਦੀ ਮੁਰੰਮਤ ਵਾਸਤੇ 14.68 ਕਰੋੜ ਰੁਪਏ ਦੀ ਰਾਸ਼ੀ ਪ੍ਰਵਾਨ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੁਆਰਟਰਾਂ ਦੀ ਮੁਰੰਮਤ ਦਾ ਕੰਮ ਤਕਰੀਬਨ ਦੋ ਦਹਾਕਿਆਂ ਤੋਂ ਬਾਅਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗਰੁੱਪ 3 ਮੁਲਾਜ਼ਮਾਂ ਦੇ 2056 ਕੁਆਰਟਰਾਂ ਦੀ ਮੁਰੰਮਤ ਉਤੇ 9.74 ਕਰੋੜ ਰੁਪਏ ਖਰਚੇ ਜਾਣਗੇ, ਜਦੋਂ ਕਿ ਗਰੁੱਪ 4 ਮੁਲਾਜ਼ਮਾਂ ਦੇ 702 ਕੁਆਰਟਰਾਂ ਵਾਸਤੇ 4.95 ਕਰੋੜ ਰੁਪਏ ਦੀ ਰਾਸ਼ੀ ਖਰਚੀ ਜਾਵੇਗੀ।

ਸ੍ਰੀ ਸਿੰਗਲਾ ਨੇ ਕਿਹਾ ਕਿ ਗਰੁੱਪ 3 ਤੇ 4 ਮੁਲਾਜ਼ਮਾਂ ਦੇ ਕੁਆਰਟਰਾਂ ਦੀ ਬਹੁਤ ਸਾਲਾਂ ਤੋਂ ਮੁਰੰਮਤ ਨਹੀਂ ਹੋਈ ਸੀ, ਜਿਸ ਕਾਰਨ ਮੁਲਾਜ਼ਮਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਹੁਣ ਸਾਡੀ ਸਰਕਾਰ ਨੇ ਇਨ੍ਹਾਂ ਕੁਆਰਟਰਾਂ ਦੀ ਮੁਰੰਮਤ ਦਾ ਕੰਮ ਤਰਜੀਹ ਦੇ ਆਧਾਰ ਉਤੇ ਕਰਵਾਉਣ ਲਈ ਇਹ ਕੰਮ ਆਪਣੇ ਹੱਥ ਵਿੱਚ ਲਿਆ ਹੈ। ਉਨ੍ਹਾਂ ਦੱਸਿਆ ਕਿ ਰਾਜ ਮਿਸਤਰੀ, ਪਲੰਬਰ, ਬਿਜਲੀ ਤੇ ਹੋਰ ਫੁਟਕਲ ਕੰਮਾਂ ਸਮੇਤ ਮੁਰੰਮਤ ਦਾ ਸਾਰਾ ਕੰਮ ਯਕੀਨੀ ਬਣਾਇਆ ਜਾਵੇਗਾ ਅਤੇ ਇਸ ਦੇ ਮਿਆਰ ਨੂੰ ਕਾਇਮ ਕੀਤਾ ਜਾਵੇਗਾ।

ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ਮੁਰੰਮਤ ਦੇ ਫੰਡਾਂ ਦੀ ਪ੍ਰਵਾਨਗੀ ਦੇ ਨਾਲ ਲੋਕ ਨਿਰਮਾਣ ਵਿਭਾਗ ਨੇ ਸ਼ਹੀਦ ਭਗਤ ਸਿੰਘ ਨਗਰ, ਬਰਨਾਲਾ ਤੇ ਰੂਪਨਗਰ ਵਰਗੇ ਛੋਟੇ ਸ਼ਹਿਰਾਂ ਉਤੇ ਵੀ ਆਪਣਾ ਧਿਆਨ ਕੇਂਦਰਤ ਕੀਤਾ ਹੈ ਅਤੇ ਇਨ੍ਹਾਂ ਸ਼ਹਿਰਾਂ ਵਿੱਚ ਵੀ ਤਕਰੀਬਨ 200 ਕੁਆਰਟਰਾਂ ਦੀ ਮੁਰੰਮਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਚੰਡੀਗੜ੍ਹ, ਪਟਿਆਲਾ, ਅੰਮਿ੍ਰਤਸਰ, ਸੰਗਰੂਰ, ਬਠਿੰਡਾ ਅਤੇ ਜਲੰਧਰ ਵਿੱਚ ਕੁਆਰਟਰਾਂ ਨੂੰ ਨਵੀਂ ਦਿੱਖ ਦੇਣ ਦਾ ਕੰਮ ਇਨ੍ਹਾਂ ਫੰਡਾਂ ਨਾਲ ਕੀਤਾ ਜਾਵੇਗਾ।

ਸ੍ਰੀ ਸਿੰਗਲਾ ਨੇ ਕਿਹਾ ਕਿ ਲੋਕ ਨਿਰਮਾਣ ਵਿਭਾਗ ਵੱਲੋਂ ਬਾਕਾਇਦਾ ਆਧਾਰ ਉਤੇ ਸਰਕਾਰੀ ਇਮਾਰਤਾਂ ਦੀ ਮੁਰੰਮਤ ਤੇ ਸਾਂਭ ਸੰਭਾਲ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਮਾਰਤਾਂ ਤੇ ਸੜਕਾਂ ਦੀ ਸਮਾਂਬੱਧ ਮੁਰੰਮਤ ਤੇ ਸਾਂਭ ਸੰਭਾਲ ਹੋਣ ਨਾਲ ਇਸ ਬੁਨਿਆਦੀ ਢਾਂਚੇ ਦੀ ਮਿਆਦ ਵਧਦੀ ਹੈ, ਜਿਸ ਨਾਲ ਨਵੀਆਂ ਇਮਾਰਤਾਂ ਤੇ ਸੜਕਾਂ ਬਣਾਉਣ ਉਤੇ ਲੱਗਣ ਵਾਲਾ ਕਰ ਦਾਤਾਵਾਂ ਦਾ ਪੈਸਾ ਬਚਾਉਣ ਵਿੱਚ ਮਦਦ ਮਿਲਦੀ ਹੈ।

——  

NO COMMENTS