ਗਰੀਬਾਂ ਦੀ ਬੇਵੱਸੀ ‘ਤੇ ਕਾਂਗਰਸ ਤੇ ਬੀਜੇਪੀ ਦੇ ਸਿਆਸੀ ਛੱਕੇ, ਰਾਜਾ ਵੜਿੰਗ ਦੀ ਰੇਲ ਮੰਤਰੀ ਕੋਲ ਸ਼ਿਕਾਇਤ

0
53

ਬਠਿੰਡਾ: ਜ਼ਿਲ੍ਹਾ ਬਠਿੰਡਾ ‘ਚ ਭਾਜਪਾ ਦੇ ਮੈਂਬਰਾਂ ਵੱਲੋਂ ਅੱਜ ਬਠਿੰਡਾ ਰੇਲਵੇ ਸਟੇਸ਼ਨ ‘ਤੇ ਪੁੱਜੇ ਰੇਲਵੇ ਅਧਿਕਾਰੀਆਂ ਨੂੰ ਕਾਂਗਰਸੀ ਐਮਐਲਏ ਅਮਰਿੰਦਰ ਸਿੰਘ ਰਾਜਾ ਵੜਿੰਗ ਖਿਲਾਫ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ। ਭਾਜਪਾ ਵਰਕਰਾਂ ਨੇ ਰਾਜਾ ਵੜਿੰਗ ਖਿਲਾਫ ਇਹ ਸ਼ਿਕਾਇਤ ਕੇਂਦਰੀ ਰੇਲਵੇ ਮੰਤਰੀ ਨੂੰ ਵੀ ਭੇਜੀ ਹੈ।

ਭਾਜਪਾ ਮੈਂਬਰਾਂ ਮੁਤਾਬਕ ਰਾਜਾ ਵੜਿੰਗ ਨੇ ਰੇਲਵੇ ਸਟੇਸ਼ਨ ‘ਤੇ ਆ ਕੇ ਕਾਨੂੰਨ ਦੀ ਉਲੰਘਣਾ ਕੀਤੀ ਹੈ ਜਿਸ ਵਿੱਚ ਉਸ ਨੇ ਰੇਲਵੇ ਸਟੇਸ਼ਨ ਤੇ ਬਣੇ ਕੰਟਰੋਲ ਰੂਮ ਅੰਦਰ ਜਾ ਕੇ ਅਨਾਊਂਸਮੈਂਟ ਕੀਤੀ। ਭਾਜਪਾ ਦਾ ਦੋਸ਼ ਹੈ ਕਿ ਵੜਿੰਗ ਨੇ ਯਾਤਰੀਆਂ ਨੂੰ ਅਨਾਊਂਸਮੈਂਟ ਕੀਤੀ ਕਿ ਉਨ੍ਹਾਂ ਦਾ ਸਾਰਾ ਖਰਚਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਖੁਦ ਕਰ ਰਹੇ ਹਨ ਜੋ ਕਿ ਸਰਾਸਰ ਝੂਠ ਹੈ। ਇਹ ਰੇਲਵੇ ਦੇ ਕਾਨੂੰਨਾਂ ਦੀ ਉਲੰਘਣਾ ਵੀ ਹੈ।

ਭਾਜਪਾ ਦੇ ਪਾਰਟੀ ਵਰਕਰਾਂ ਨੇ ਹੁਣ ਵੜਿੰਗ ਖਿਲਾਫ ਸਖ਼ਤ ਕਾਰਵਾਈ ਦਾ ਮੰਗ ਕੀਤੀ ਹੈ। ਉਧਰ, ਦੂਜੇ ਪਾਸੇ ਸ਼ਿਕਾਇਤ ਦਰਜ ਕਰਵਾਉਣ ਆਏ ਬੀਜੇਪੀ ਦੇ ਨੇਤਾਵਾਂ ਨੇ ਵੀ ਸਮਾਜਿਕ ਦੂਰੀ ਦੀਆਂ ਧੱਜੀਆਂ ਉਡਾਈਆਂ ਤੇ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਕੀਤੇ ਬਿਨ੍ਹਾਂ ਇੱਕ ਦੂਜੇ ਉੱਤੇ ਚੜ੍ਹ-ਚੜ੍ਹ ਫੋਟੋਆਂ ਖਿੱਚਵਾਈਆਂ ਗਈਆਂ।

ਦਰਅਸਲ, ਇਹ ਮਾਮਲਾ ਬੀਤੇ ਕੁਝ ਦਿਨਾਂ ਦਾ ਹੈ ਜਦੋਂ ਪ੍ਰਵਾਸੀ ਮਜ਼ਦੂਰਾਂ ਨੂੰ ਵਾਪਸ ਭੇਜਣ ਲਈ ਬਠਿੰਡਾ ਤੋਂ ਟ੍ਰੇਨ ਚੱਲੀ ਸੀ। ਇਸ ਦੌਰਾਨ ਰਾਜਾ ਵੜਿੰਗ ਵੱਲੋਂ ਮਜ਼ਦੂਰਾਂ ਨੂੰ ਪਰਚੇ ਵੰਡੇ ਗਏ ਜਿਸ ਦੇ ਨਾਲ ਇਹ ਕਿਹਾ ਜਾ ਰਿਹਾ ਸੀ ਕਿ ਉਨ੍ਹਾਂ ਦਾ ਸਾਰਾ ਖਰਚਾ ਸੋਨੀਆ ਗਾਂਧੀ ਤੇ ਕੈਪਟਨ ਅਮਰਿੰਦਰ ਸਿੰਘ ਕਰ ਰਹੇ ਹਨ।

NO COMMENTS