*ਗਰਭਵਤੀ ਔਰਤਾਂ ਦੀ ਜਾਂਚ ਅਤੇ ਜਾਗਰੂਕਤਾ ਲਈ ਸਿਹਤ ਕੇਂਦਰ ਖ਼ਿਆਲਾ ਕਲਾਂ ਵਿਖੇ ਲਗਾਇਆ ਕੈਂਪ*

0
13

ਮਾਨਸਾ, 10 ਅਪ੍ਰੈਲ (ਸਾਰਾ ਯਹਾਂ/ਬਿਊਰੋ ਨਿਊਜ਼ )  :  ਸਿਵਲ ਸਰਜਨ ਮਾਨਸਾ ਡਾ. ਅਸਵਨੀ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਮੂਦਾਇਕ ਸਿਹਤ ਕੇਂਦਰ ਖਿਆਲਾ ਕਲਾਂ ਵਿਖੇ ਪ੍ਰਧਾਨ ਮੰਤਰੀ ਮਾਤਿ੍ਰਤਵ ਸੁੱਰਖਿਆ ਅਭਿਆਨ ਤਹਿਤ ਗਰਭਵਤੀ ਔਰਤਾਂ ਦੀ ਜਾਂਚ ਅਤੇ ਜਾਗਰੂਕਤਾ ਲਈ ਕੈਂਪ ਲਗਾਇਆ ਗਿਆ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਹਰਦੀਪ ਸ਼ਰਮਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮਾਤਿ੍ਰਤਵ ਸੁੱਰਖਿਆ ਅਭਿਆਨ ਤਹਿਤ ਹਰ ਮਹੀਨੇ ਦੀ 9 ਤਾਰੀਖ ਨੂੰ ਹਾਈ ਰਿਸਕ ਗਰਭਵਤੀ ਔਰਤਾਂ ਦੇ ਜਰੂਰੀ ਜਾਂਚ ਕੈਂਪ ਦੇ ਵਧੀਆ ਨਤੀਜੇ ਸਾਹਮਣੇ ਆਏ ਹਨ। ਉਨਾਂ ਦੱਸਿਆ ਕਿ ਇਸ ਤੋਂ ਉਤਸਾਹਿਤ ਹੁੰਦਿਆਂ ਸਿਹਤ ਵਿਭਾਗ ਵੱਲੋਂ ਹਰ ਮਹੀਨੇ ਦੀ 23 ਤਾਰੀਖ ਨੂੰ ਵੀ ਹਾਈ ਰਿਸਕ ਗਰਭਵਤੀ ਔਰਤਾਂ ਦੇ ਜਾਂਚ ਕੈਂਪ ਲਗਾਏ ਜਾਣਗੇ।  ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਮੂਦਾਇਕ ਸਿਹਤ ਕੇਂਦਰ ਖਿਆਲਾ ਕਲਾਂ ਵਿਖੇ ਦੋ ਔਰਤਾਂ ਦੇ ਮਾਹਿਰ ਡਾਕਟਰ ਤਾਇਨਾਤ ਕਰਕੇ ਡਿਲਿਵਰੀ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ। ਔਰਤਾਂ ਦੇ ਮਾਹਿਰ ਡਾਕਟਰਾਂ ਵੱਲੋਂ ਇਨਾਂ ਸਪੈਸ਼ਲ ਕੈਂਪਾ ਦੌਰਾਨ ਖਤਰੇ ਵਾਲੀਆਂ ਗਰਭਵਤੀ ਔਰਤਾਂ ਦੀ ਜਲਦੀ ਪਹਿਚਾਣ ਕਰਕੇ  ਲੋੜੀਦੀ ਮੈਡੀਕਲ ਸਹੂਲਤ ਮੁਹੱਈਆ ਕੀਤੀ ਜਾਂਦੀ ਹੈ। ਉਨਾਂ ਦੱਸਿਆ ਕਿ ਗਰਭਵਤੀ ਔਰਤਾਂ ਦੇ ਤਿੰਨ ਜ਼ਰੂਰੀ ਚੈਕਅਪ ਕਰਵਾਉਣ ਨਾਲ ਜਣੇਪੇ ਦੌਰਾਨ ਹੋਣ ਵਾਲੀਆਂ ਮੁਸ਼ਿਕਲਾਂ ਅਤੇ ਜੱਚਾ-ਬੱਚਾ ਦੀ ਮੌਤ ਦਰ ਨੂੰ ਘੱਟ ਕਰਨ ਵਿੱਚ ਮਦਦ ਮਿਲੇਗੀ।  ਸੀਨੀਅਰ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਇਨਾਂ ਕੈਂਪਾ ਵਿੱਚ ਗਰਭਵਤੀ ਔਰਤਾਂ ਨੂੰ ਸਿਹਤ ਸੰਸਥਾਵਾਂ ਵਿੱਚ ਚੈੱਕਅਪ ਲਈ ਲੈ ਕੇ ਆਉਣ ਲਈ ਟਰਾਂਸਪੋਰਟ ਦਾ ਪ੍ਰਬੰਧ ਕੀਤਾ ਜਾਂਦਾ ਹੈ। ਗਰਭਵਤੀ ਔਰਤਾਂ ਨੂੰ ਚੈਕਅਪ ਸੈਸ਼ਨ ਵਿੱਚ ਲੈ ਕੇ ਆਉਣ ਲਈ ਆਸ਼ਾ ਵਰਕਰਾਂ ਨੂੰ 100 ਰੁਪਏ ਮਿਹਨਤਾਨੇ ਵੱਜੋਂ ਦਿੱਤੇ ਜਾਂਦੇ ਹਨ। ਇਸ ਮੌਕੇ ਚੈਕਅੱਪ ਲਈ ਆਈਆਂ ਯੋਗ ਗਰਭਵਤੀ ਔਰਤਾਂ ਨੂੰ ਜੱਚਾ-ਬੱਚਾ ਕਾਰਡ ਵਿੱਚ ਦਰਜ ਜਾਣਕਾਰੀ ਰਾਹੀਂ ਗਰਭ ਸਮੇਂ ਹੋਣ ਵਾਲੀਆਂ ਮੁਸ਼ਿਕਲਾਂ ਅਤੇ ਬੱਚੇ ਦੀ ਸੰਭਾਲ ਬਾਰੇ ਅਤੇ ਖੂਨ ਦੀ ਮਾਤਰਾ ਪੂਰੀ ਰੱਖਣ ਲਈ ਹਰੀਆਂ ਪੱਤੇਦਾਰ ਸਬਜੀਆਂ ਤੇ ਆਇਰਨ ਦੀਆਂ ਗੋਲੀਆਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ। ਔਰਤਾਂ ਦੇ ਮਾਹਿਰ ਡਾਕਟਰ ਸਿਵਾਲੀ ਸਿੰਗਲਾ, ਡਾਕਟਰ ਆਸ਼ਾ ਕਿਰਨ ਅਤੇ ਡਾ. ਬਲਜਿੰਦਰ ਕੌਰ ਵੱਲੋਂ ਔਰਤਾਂ ਦੀ ਜਾਂਚ ਕੀਤੀ ਗਈ।    

NO COMMENTS