ਗਣਤੰਤਰ ਦਿਵਸ ਮੌਕੇ ਕੈਪਟਨ ਨੇ ਕੀਤੀ ਪ੍ਰਧਾਨ ਮੰਤਰੀ ਨੂੰ ਅਪੀਲ, ਕਿਸਾਨਾਂ ਦੀਆਂ ਮੰਗਾਂ ਮੰਨਣ

0
22

ਪਟਿਆਲਾ 26, ਜਨਵਰੀ (ਸਾਰਾ ਯਹਾਂ /ਮੁੱਖ ਸੰਪਾਦਕ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਗਣਤੰਤਰ ਦਿਵਸ ਦੇ ਜਸ਼ਨਾਂ ਦੌਰਾਨ ਕਿਹਾ ਕਿ ਉਨ੍ਹਾਂ ਦਾ ਦਿਲ ਕਿਸਾਨਾਂ ਦੇ ਨਾਲ ਹੈ। ਇਸੇ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਖੇਤੀ ਸੁਧਾਰਾਂ ਬਾਰੇ ਕਾਇਮ ਕੀਤੀ ਉਚ ਤਾਕਤੀ ਕਮੇਟੀ ਵਿੱਚ ਪੰਜਾਬ ਨੂੰ ਜਾਣਬੁੱਝ ਕੇ ਬਾਹਰ ਰੱਖਿਆ ਕਿਉਕਿ ਕੇਂਦਰ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਕਿ ਸੂਬੇ ਤੋਂ ਰੋਹ ਭਰੀਆਂ ਆਵਾਜ਼ਾਂ ਉਠਣਗੀਆਂ। ਇਸ ਦੇ ਨਾਲ ਹੀ ਉਨ੍ਹਾਂ ਐਲਾਨ ਕੀਤਾ ਕਿ ਇਹ ਆਵਾਜ਼ਾਂ ਉਦੋਂ ਤੱਕ ਬੁਲੰਦ ਹੁੰਦੀਆਂ ਰਹਿਣਗੀਆਂ, ਜਦੋਂ ਤੱਕ ਕਿਸਾਨਾਂ ਦੇ ਹਿੱਤ ਸੁਰੱਖਿਅਤ ਨਹੀਂ ਹੋ ਜਾਂਦੇ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਤਾਂ ਕਮੇਟੀ ਵਿੱਚ ਉਨ੍ਹਾਂ ਵੱਲੋਂ ਕੇਂਦਰ ਨੂੰ ਇਸ ਮੁੱਦੇ ਬਾਰੇ ਪੱਤਰ ਲਿਖਣ ਤੋਂ ਬਾਅਦ ਹੀ ਸ਼ਾਮਲ ਕੀਤਾ ਗਿਆ ਸੀ। ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਖੇਤੀ ਕਾਨੂੰਨਾਂ ਬਾਰੇ ਉਨ੍ਹਾਂ ਅਤੇ ਉਨ੍ਹਾਂ ਦੀ ਸਰਕਾਰ ਨਾਲ ਕਦੇ ਵੀ ਸਲਾਹ-ਮਸ਼ਵਰਾ ਨਹੀਂ ਕੀਤਾ ਗਿਆ।

ਪ੍ਰਧਾਨ ਮੰਤਰੀ ਨੂੰ ਅੰਦੋਲਨਕਾਰੀ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਖੇਤੀ ਕਾਨੂੰਨ ਪੂਰੀ ਤਰ੍ਹਾਂ ਗਲਤ ਹਨ ਕਿਉਂਕਿ ਭਾਰਤੀ ਸੰਵਿਧਾਨ ਦੀ ਸੂਚੀ 7 ਅਧੀਨ ਖੇਤੀਬਾੜੀ ਸੂਬਾਈ ਵਿਸ਼ਾ ਹੋਣ ਕਰਕੇ ਕੇਂਦਰ ਵੱਲੋਂ ਇਹ ਕਾਨੂੰਨ ਬਣਾਉਣ ਹੀ ਸੰਘੀ ਢਾਂਚੇ ਦੀ ਵਿਰੁੱਧ ਹੈ। ਮੰਗਲਵਾਰ ਨੂੰ ਰਾਜਾ ਭਲਿੰਦਰਾ ਸਿੰਘ ਸਪੋਰਟਸ ਕੰਪਲੈਕਸ ਵਿਖੇ ਕੌਮੀ ਝੰਡਾ ਲਹਿਰਾਉਣ ਮੌਕੇ ਮੁੱਖ ਮੰਤਰੀ ਨੇ ਬਾਬਾ ਸਾਹਿਬ ਡਾ. ਬੀਆਰ ਅੰਬੇਦਕਰ ਦੇ ਯੋਗਦਾਨ ਨੂੰ ਚੇਤੇ ਕੀਤਾ ਜਿਨ੍ਹਾਂ ਨੇ ਸਾਡਾ ਸੰਵਿਧਾਨ ਬਣਾਇਆ।

ਕਿਸਾਨਾਂ ਦੇ ਅੰਦੋਲਨ ਦੌਰਾਨ ਅੱਜ ਕੱਢੇ ਜਾ ਰਹੇ ਟਰੈਕਟਰ ਮਾਰਚ ਦੇ ਸ਼ਾਂਤਮਈ ਰਹਿਣ ਦੀ ਉਮੀਦ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ, ‘‘ਬਜ਼ੁਰਗ ਕਿਸਾਨ ਕੌਮੀ ਰਾਜਧਾਨੀ ਦੀਆਂ ਸਰਹੱਦਾਂ ’ਤੇ ਆਪਣੇ ਲਈ ਨਹੀਂ ਬੈਠੇ ਸਗੋਂ ਆਪਣੇ ਬੱਚਿਆਂ ਅਤੇ ਆਉਣ ਵਾਲੀਆਂ ਪੀੜੀਆਂ ਦਾ ਭਵਿੱਖ ਸੁਰੱਖਿਅਤ ਬਣਾਉਣ ਲਈ ਬੈਠੇ ਹਨ।”

ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸੂਬਾ ਸਰਕਾਰ ਕਿਸਾਨਾਂ ਨਾਲ ਮੋਢੇ ਨਾਲ ਮੋਢੇ ਜੋੜ ਕੇ ਖੜੀ ਹੈ। ਉਨਾਂ ਕਿਹਾ, ‘‘ਸ਼ਾਂਤੀ ਬਣਾਈ ਰੱਖੋ, ਪੂਰਾ ਮੁਲਕ ਤੁਹਾਡੇ ਨਾਲ ਹੈ।’’ ਉਨਾਂ ਦੱਸਿਆ ਕਿ ਯੂਕੇ ਦੇ 122 ਸੰਸਦ ਮੈਂਬਰਾਂ ਨੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਉਠਾਈ ਅਤੇ ਹੋਰ ਮੁਲਕਾਂ ਨੇ ਵੀ ਅੰਦੋਲਨ ਦੀ ਹਮਾਇਤ ਕੀਤੀ ਕਿਉਂਕਿ ਇਸ ਸੰਘਰਸ਼ ਦੌਰਾਨ ਕਿਸਾਨਾਂ ਨੇ ਅਮਨ ਕਾਇਮ ਰੱਖਿਆ।

ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਨਾਲ ਕਿਹਾ ਕਿ ਉਨ੍ਹਾਂ ਨੇ ਇਹ ਕਦੇ ਵੀ ਨਹੀਂ ਸੀ ਸੋਚਿਆ ਕਿ ਇਹ ਦਿਨ ਵੀ ਦੇਖਣੇ ਪੈਣਗੇ ਕਿ ਪੰਜਾਬ ਦੇ ਕਿਸਾਨਾਂ ਨੂੰ ਇਸ ਹੱਦ ਤੱਕ ਅਣਗੌਲਿਆ ਕਰ ਦਿੱਤਾ ਜਾਵੇਗਾ ਜਿਨ੍ਹਾਂ ਨੇ ਹਰੀ ਕ੍ਰਾਂਤੀ ਰਾਹੀਂ ਮੁਲਕ ਨੂੰ ਅਨਾਜ ਪੱਖੋਂ ਸਵੈ-ਨਿਰਭਰ ਬਣਾਇਆ ਅਤੇ ਇਹ ਯਕੀਨੀ ਬਣਾਇਆ ਕਿ ਭਾਰਤ ਨੂੰ ਅਮਰੀਕਾ ਦੀ ਪੀਐਲ 480 ਤਹਿਤ ਰੋਟੀ ਲਈ ਹੱਥ ਅੱਡਣ ਦੀ ਨੌਬਤ ਨਾ ਆਵੇ। ਮੁੱਖ ਮੰਤਰੀ ਨੇ ਕਿਹਾ ਕਿ ਇੱਕ ਸਮੇਂ ਤਾਂ ਪੰਜਾਬ ਦੇ ਕਿਸਾਨਾਂ ਦਾ ਮੁਲਕ ਦੇ ਅੰਨ ਭੰਡਾਰ ਵਿੱਚ 50 ਫੀਸਦੀ ਯੋਗਦਾਨ ਰਿਹਾ ਹੈ ਅਤੇ ਇੱਥੋਂ ਤੱਕ ਕਿ ਹੁਣ ਵੀ 40 ਫੀਸਦੀ ਯੋਗਦਾਨ ਹੈ। ਉਨ੍ਹਾਂ ਕਿਹਾ, ‘‘ਸਾਡੇ ਮੁਲਕ ਲਈ ਕਿਸਾਨਾਂ ਵੱਲੋਂ ਪਾਏ ਯੋਗਦਾਨ ਨੂੰ ਅਸੀਂ ਕਦੇ ਵੀ ਭੁੱਲ ਨਹੀਂ ਸਕਦੇ।”

NO COMMENTS