*ਗਣਤੰਤਰ ਦਿਵਸ ਪਰੇਡ ‘ਤੇ ਕੋਰੋਨਾ ਦਾ ਸਾਇਆ, 15 ਸਾਲਾਂ ਤੋਂ ਘੱਟ ਉਮਰ ਦੇ ਬੱਚੇ ਨਹੀਂ ਹੋਣਗੇ ਸਮਾਗਮ ‘ਚ ਸ਼ਾਮਲ*

0
17

Republic Day 25,ਜਨਵਰੀ (ਸਾਰਾ ਯਹਾਂ/ਬਿਊਰੋ ਨਿਊਜ਼): ਦਿੱਲੀ ਪੁਲਿਸ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ ਗਣਤੰਤਰ ਦਿਵਸ ਪਰੇਡ ਸਮਾਗਮ ਵਿੱਚ ਹਿੱਸਾ ਲੈਣ ਵਾਲੇ ਲੋਕਾਂ ਦਾ ਮੁਕੰਮਲ ਕਰੋਨਾ ਟੀਕਾਕਰਨ ਲਾਜ਼ਮੀ ਹੋਵੇਗਾ ਜਦਕਿ 15 ਸਾਲਾਂ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਦੀ ਆਗਿਆ ਨਹੀਂ ਹੋਵੇਗੀ।

ਪੁਲਿਸ ਮੁਤਾਬਕ ਲੋਕਾਂ ਨੂੰ 26 ਜਨਵਰੀ ਨੂੰ ਰਾਜਪਥ ’ਤੇ ਹੋਣ ਵਾਲੇ ਸਮਾਗਮ ਵਿੱਚ ਸਾਰੇ ਕੋਵਿਡ ਪ੍ਰੋਟੋਕੋਲਾਂ ਦੀ ਪਾਲਣਾ ਕਰਨੀ ਪਵੇਗੀ ਜਿਵੇਂ ਮਾਸਕ ਪਾਉਣ ਤੇ ਸਮਾਜਿਕ ਦੂਰੀ ਬਣਾ ਕੇ ਰੱਖਣਾ। ਦਿੱਲੀ ਪੁਲਿਸ ਨੇ ਟਵੀਟ ਕੀਤਾ,‘ਕਰੋਨਾਵਾਇਰਸ ਖ਼ਿਲਾਫ਼ ਵੈਕਸੀਨ ਦੀਆਂ ਦੋਵੇਂ ਡੋਜ਼ਾਂ ਲੱਗਣੀਆਂ ਲਾਜ਼ਮੀ ਹਨ। ਸਮਾਗਮ ਵਿੱਚ ਆਉਣ ਵਾਲੇ ਲੋਕਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਟੀਕਾਕਰਨ ਸਰਟੀਫਿਕੇਟ ਨਾਲ ਲੈ ਕੇ ਆਉਣ।


ਦਿੱਲੀ ਪੁਲਿਸ ਨੇ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਟਵੀਟ ਕੀਤਾ ਕਿ ਬੈਠਣ ਵਾਲੇ ਬਲਾਕ ਇੱਥੇ ਆਉਣ ਵਾਲੇ ਲੋਕਾਂ ਲਈ ਸਵੇਰੇ 7 ਵਜੇ ਤੋਂ ਖੁੱਲ੍ਹ ਜਾਣਗੇ ਤੇ ਉਨ੍ਹਾਂ ਲੋਕਾਂ ਨੂੰ ਸਮੇਂ ਸਿਰ ਪੁੱਜਣ ਲਈ ਕਿਹਾ। ਪਾਰਕਿੰਗ ਦੀ ਸੁਵਿਧਾ ਸੀਮਤ ਹੋਣ ਕਾਰਨ ਲੋਕਾਂ ਨੂੰ ਕਾਰ ਪੂਲ ਜਾਂ ਟੈਕਸੀ ਸੇਵਾ ਲੈਣ ਦੀ ਸਲਾਹ ਦਿੱਤੀ ਗਈ ਹੈ।

ਉਨ੍ਹਾਂ ਸਾਰਿਆਂ ਨੂੰ ਇੱਕ ਪੁਖ਼ਤਾ ਆਈਡੀ ਕਾਰਡ ਕੋਲ ਰੱਖਣ ਤੋਂ ਇਲਾਵਾ ਸੁਰੱਖਿਆ ਲਈ ਚੈਕਿੰਗ ਦੌਰਾਨ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਬੀਤੇ ਦਿਨ ਦਿੱਲੀ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਸਥਾਨਾ ਨੇ ਕਿਹਾ ਸੀ ਕਿ ਕੌਮੀ ਰਾਜਧਾਨੀ ਵਿੱਚ ਸੁਰੱਖਿਆ ਡਿਊਟੀ ਲਈ 27,000 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਜਦਕਿ ਗਣਤੰਤਰ ਦਿਵਸ ਦੇ ਮੱਦੇਨਜ਼ਰ ਅਤਿਵਾਦ ਵਿਰੋਧੀ ਕਦਮ ਚੁੱਕੇ ਗਏ ਹਨ। ਉਨ੍ਹਾਂ ਕਿਹਾ ਕਿ ਸੁਰੱਖਿਆ ਲਈ ਡਰੋਨ ਵਿਰੋਧੀ ਤਕਨਾਲੋਜੀ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ।

NO COMMENTS