*ਗਊਸ਼ਾਲਾ ਖੋਖਰ ਕਲਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਗਊਸ਼ਾਲਾ ਕਮੇਟੀ ਦੀ ਹੋਈ ਅਹਿਮ ਮੀਟਿੰਗ*

0
115

ਮਾਨਸਾ, 11 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ ): ਗਊਸ਼ਾਲਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਬੇਸਹਾਰਾ ਗਊਵੰਸ਼ ਨੂੰ ਗਊਸ਼ਾਲਾ ’ਚ ਲਿਜਾਉਣ ਸਬੰਧੀ ਡਿਪਟੀ ਕਮਿਸ਼ਨਰ ਸ਼੍ਰੀ ਪਰਮਵੀਰ ਸਿੰਘ ਦੀ ਪ੍ਰਧਾਨਗੀ ਹੇਠ ਗਊਸ਼ਾਲਾ ਖੋਖਰ ਕਲਾਂ ਕਮੇਟੀ ਦੀ ਇੱਕ ਅਹਿਮ ਮੀਟਿੰਗ ਹੋਈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਜਲਦ ਹੀ 300 ਬੇਸਹਾਰਾ ਪਸ਼ੂਆਂ ਨੂੰ ਸੜਕਾਂ ਤੋਂ ਗਊਸ਼ਾਲਾ ਵਿਖੇ ਲਿਜਾਇਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਗਊਸ਼ਾਲਾ ਦੀ ਬਿਹਤਰੀ ਲਈ ਜਲਦ ਹੀ ਸਬ-ਕਮੇਟੀ ਬਣਾਈ ਜਾਵੇਗੀ ਅਤੇ ਲੋਕਾਂ ਨੂੰ ਨਾਲ ਜੋੜ ਕੇ ਬੇਸਹਾਰਾ ਪਸ਼ੂਆਂ ਦੀ ਚੰਗੀ ਤਰ੍ਹਾਂ ਸਾਂਭ-ਸੰਭਾਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਗਊਸ਼ਾਲਾ ਖੋਖਰ ਕਲਾਂ ਵਿਖੇ ਪਾਰਕ ਅਤੇ ਬੋਟਿੰਗ ਪਾਰਕ ਨੂੰ ਵੀ ਹੋਰ ਸੋਹਣਾ ਬਣਾਇਆ ਜਾਵੇਗਾ ਅਤੇ ਜਲਦ ਹੀ ਪੁਰਾਤਨ ਸੱਭਿਆਚਾਰ ਨੂੰ ਪ੍ਰਦਰਸ਼ਿਤ ਕਰਦੇ ਮਿਊਜ਼ਿਅਮ ਦਾ ਕੰਮ ਮੁਕੰਮਲ ਕਰਕੇ ਲੋਕਾਂ ਦੇ ਸਪੁਰਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਗਊਸ਼ਾਲਾ ਵਿੱਚ ਸਾਫ਼ ਪਾਣੀ ਲਈ ਇੱਕ ਆਰ.ਓ. ਸਿਸਟਮ ਦਾ ਪ੍ਰਬੰਧ ਕੀਤਾ ਜਾਵੇ ਅਤੇ ਇੱਕ ਸੋਲਰ ਮੋਟਰ ਲਗਵਾਈ ਜਾਵੇ।
ਉਨ੍ਹਾਂ ਪਸ਼ੂ ਪਾਲਣ ਵਿਭਾਗ ਨੂੰ ਹਦਾਇਤ ਕੀਤੀ ਕਿ ਪਸ਼ੂਆਂ ਦੇ ਚਿਪ ਸਿਸਟਮ ਲਗਾਵਾਉਣ ਸਬੰਧੀ ਘੋਖ ਕੀਤੀ ਜਾਵੇ, ਤਾਂ ਜੋ ਬਾਹਰੋਂ ਆਉਣ ਵਾਲੇ ਪਸ਼ੂਆਂ ਨੂੰ ਜ਼ਿਲ੍ਹੇ ਵਿੱਚ ਆਉਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਪੁਲਿਸ ਨੂੰ ਵੀ ਹਦਾਇਤ ਕੀਤੀ ਕਿ ਉਹ ਯਕੀਨੀ ਬਣਾਉਣ ਕਿ ਕੋਈ ਵੀ ਸ਼ਰਾਰਤੀ ਅਨਸਰ ਪਸ਼ੂਆਂ ਨੂੰ ਸੜਕਾਂ ’ਤੇ ਛੱਡ ਕੇ ਨਾ ਜਾਵੇ। ਉਨ੍ਹਾਂ ਕਮੇਟੀ ਮੈਂਬਰਾਂ ਨੂੰ ਕਿਹਾ ਕਿ ਗਊਸ਼ਾਲਾ ਨੂੰ ਚੰਗੀ ਤਰ੍ਹਾਂ ਚਲਾਉਣ ਲਈ ਆਮਦਨ ਦੇ ਸਾਧਨ ਵਧਾਏ ਜਾਣ। ਉਨ੍ਹਾਂ ਕਿਹਾ ਕਿ ਜਲਦੀ ਹੀ ਇੱਕ ਡਰਾਅ ਸਿਸਟਮ ਕੱਢਿਆ ਜਾਵੇਗਾ, ਜਿਸ ਵਿੱਚ ਜੇਤੂਆਂ ਨੂੰ ਆਕਰਸ਼ਕ ਇਨਾਮ ਦਿੱਤੇ ਜਾਣਗੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਰਵਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਅਮਿਤ ਬੈਂਬੀ, ਐਸ.ਡੀ.ਐਮ. ਮਾਨਸਾ ਸ਼੍ਰੀ ਪ੍ਰਮੋਦ ਸਿੰਗਲਾ, ਡੀ.ਸੀ.ਐਫ.ਏ. ਅਸ਼ਵਨੀ ਕੁਮਾਰ, ਈ.ਓ. ਵਿਪਿਨ ਕੁਮਾਰ, ਈ.ਓ. ਆਸ਼ੀਸ਼ ਕੁਮਾਰ, ਈ.ਓ. ਬਲਵਿੰਦਰ ਸਿੰਘ, ਸੁਪਰਡੈਂਟ ਪਵਨ ਕੁਮਾਰ, ਕੋਆਰਡੀਨੇਟਰ ਮਗਨਰੇਗਾ ਮਨਦੀਪ ਸਿੱਧੂ, ਸੰਜੀਵ ਪਿੰਕਾ, ਪ੍ਰਵੀਨ ਟੋਨੀ ਸ਼ਰਮਾ, ਭੀਮਸੇਨ ਜੈਨ, ਪ੍ਰਕਾਸ਼ ਜੈਨ, ਵਿਨੋਦ ਭੰਮਾ, ਵਿਜੈ ਭਦੋੜ ਅਤੇ ਧੰਨਦੇਵ ਗਰਗ ਤੋਂ ਇਲਾਵਾ ਹੋਰ ਕਮੇਟੀ ਮੈਂਬਰ ਮੌਜੂਦ ਸਨ। 

NO COMMENTS