ਮਾਨਸਾ, 17 ਮਾਰਚ(ਸਾਰਾ ਯਹਾਂ /ਮੁੱਖ ਸੰਪਾਦਕ) : ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨ, ਸਚਿਨ ਸ਼ਰਮਾ ਨੇ ਬੜੇ ਦੁੱਖ ਨਾਲ ਗਊਧਨ ਦੀ ਹੋਈ ਹੱਤਿਆ ਦੀ ਨਿੰਦਿਆ ਕਰਦਿਆਂ ਕਿਹਾ ਕਿ ਮਾਨਸਾ ਜਿ਼ਲ੍ਹੇ ਦੇ ਫਰਵਾਹੀ ਪਿੰਡ ਤੋਂ ਭੀਖੀ ਦੇ ਨਜ਼ਦੀਕ ਨਹਿਰ *ਚ ਵਹਿ ਰਹੇ ਗਊਧਨ ਦੇ ਅਵਸ਼ੇਸ਼ ਪਿੰਡ ਵਾਸੀਆਂ ਨੇ ਵੇਖੇ ਜਿਨ੍ਹਾਂ ਦੀ ਅੰਦਾਜ਼ਨ ਗਿਣਤੀ 3 ਹੈ ਅਤੇ ਇਨ੍ਹਾਂ ਵਿਚ ਇਕ ਗਊਧਨ ਦਾ ਸਿਰ ਸ਼ਾਮਲ ਹੈ।ਜਿ਼ਲ੍ਹਾ ਪ੍ਰਸ਼ਾਸਨ, ਪੁਲਿਸ ਅਤੇ ਪਸ਼ੂਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਕਮਲ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾਕਟਰਾਂ ਦੀ ਟੀਮ ਦੁਆਰਾ ਇਹ ਅਵਸੇ਼ਸ਼ ਨਹਿਰ *ਚੋਂ ਕੱਢੇ ਗਏ।ਇਸ ਟੀਮ ਦੀ ਅਗਵਾਈ ਡਾ. ਰਵਿੰਦਰ ਸਿੰਘ ਵੀ.ਓ. ਦੁਆਰਾ ਕੀਤੀ ਗਈ। ਗਊਧਨ ਦੇ ਅੰਗਾਂ ਨੂੰ ਕਬਜ਼ੇ *ਚ ਲੈ ਕੇ ਜਾਂਚ ਲਈ ਖਰੜ ਸਥਿਤ ਲੈਬੋਰੇਟਰੀ ਅਤੇ ਆਰ.ਬੀ.ਡੀ.ਐਲ. ਜਲੰਧਰ ਵਿਖੇ ਭੇਜਿਆ ਜਾਵੇਗਾ, ਜਿਸ ਉਪਰੰਤ ਹੀ ਪਤਾ ਲੱਗ ਸਕੇਗਾ ਕਿ ਗਊਧਨ ਕਿਹੜਾ ਹੈ ਅਤੇ ਕਿੰਨਾ ਸਮਾਂ ਪਹਿਲਾਂ ਇਸ ਦੀ ਹੱਤਿਆ ਕੀਤੀ ਗਈ ਹੈ।ਸਥਾਨਕ ਪੁਲਿਸ ਦੁਆਰਾ ਇਕ ਐਫ.ਆਈ.ਆਰ. ਵੀ ਦਰਜ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਕੁਝ ਅਸਮਾਜਿਕ ਤੱਤਾਂ ਦੁਆਰਾ ਜਿਸ ਪ੍ਰਕਾਰ ਆਪਣੇ ਗਲਤ ਮਨਸੂਬਿਆਂ ਨੂੰ ਅੰਜਾਮ ਦੇ ਕੇ ਪਵਿੱਤਰ ਗਊ ਮਾਤਾ ਦੀ ਹੱਤਿਆ ਕਰ ਕੇ ਸੂਬੇ ਅੰਦਰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ, ਆਪਸੀ ਪਿਆਰ ਅਤੇ ਭਾਈਚਾਰੇ ਵਿਚ ਫੁੱਟ ਪਾ ਕੇ ਮਹੌਲ ਖ਼ਰਾਬ ਕਰਨ ਦੀ ਲਗਾਤਾਰ ਕੋਸਿ਼ਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਕਮਿਸ਼ਨ ਬਰਦਾਸ਼ਤ ਨਾ ਕਰਦੇ ਹੋਏ ਸਖ਼ਤ ਕਾਨੂੰਨੀ ਕਾਰਵਾਈ ਕਰੇਗਾ, ਜਿਸ ਲਈ ਜਲਦੀ ਹੀ ਪੰਜਾਬ ਗਊ ਸੇਵਾ ਕਮਿਸ਼ਨ ਦੇ ਸਾਰੇ ਮੈਂਬਰ ਉਨ੍ਹਾਂ ਦੀ ਪ੍ਰਧਾਨਗੀ ਹੇਠ ਮਾਨਸਾ ਜਿ਼ਲ੍ਹੇ ਵਿਚ ਜਿ਼ਲ੍ਹਾ ਗਊ ਭਲਾਈ ਸੋਸਾਇਟੀ ਦੀ ਮੀਟਿੰਗ ਕਰ ਕੇ ਠੋਸ ਕਾਰਵਾਈ ਕਰਨ ਜਾ ਰਹੇ ਹਨ। ਇਸ ਲਈ ਕਮਿਸ਼ਨ ਬਿਨਾਂ ਕਿਸੇ ਭੇਦ ਭਾਵ ਅਤੇ ਪੱਖਪਾਤ ਦੇ ਦੋਸ਼ੀਆਂ ਨੂੰ ਉਨ੍ਹਾਂ ਦੁਆਰਾ ਕੀਤੇ ਇਸ ਅਸਮਾਜਿਕ ਕਾਰੇ ਲਈ ਸਜ਼ਾ ਦਿਵਾਉਣ ਲਈ ਹਰ ਸੰਭਵ ਯਤਨ ਜਾਰੀ ਰੱਖਦੇ ਹੋਏ ਪ੍ਰਸ਼ਾਸਨ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰੇਗਾ।
ਸ੍ਰੀ ਸਚਿਨ ਸ਼ਰਮਾ ਨੇ ਕਿਹਾ ਕਿ ਇਹ ਗੁਨਹਗਾਰ ਚਾਹੇ ਕਿਸੇ ਵੀ ਰਾਜਨੀਤਿਕ ਦਲ ਦੇ ਸੰਪਰਕ ਵਿਚ ਹੋਣ ਜਾਂ ਕਿਸੇ ਵੀ ਰਸੂਖ਼ਦਾਇਕ ਵਿਅਕਤੀ ਨਾਲ ਸਬੰਧ ਰੱਖਦੇ ਹੋਣ, ਇਨ੍ਹਾਂ ਨੂੰ ਕਿਸੇ ਵੀ ਕੀਮਤ *ਤੇ ਬਖ਼ਸਿ਼ਆ ਨਹੀਂ ਜਾਵੇਗਾ। ਇਸ ਦੇ ਲਈ ਉਹ ਹਰ ਚੁਣੌਤੀ ਲਈ ਤਿਆਰ ਹਨ। ਪੰਜਾਬ ਗਊ ਸੇਵਾ ਕਮਿਸ਼ਨ ਪਹਿਲਾਂ ਵੀ ਗਊਧਨ ਭਲਾਈ ਲਈ ਵਚਨਬੱਧ ਸੀ, ਹੈ ਅਤੇ ਅੱਗੇ ਵੀ ਰਹੇਗਾ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਇਸ ਨਿੰਦਣਯੋਗ ਅਪਰਾਧ ਕਰਨ ਵਾਲਿਆਂ ਨੂੰ ਉਨ੍ਹਾਂ ਦੇ ਅੰਜਾਮ ਤੱਕ ਪਹੁੰਚਾਇਆ ਜਾਵੇ, ਇਹੀ ਉਨ੍ਹਾਂ ਦੀ ਅਤੇ ਕਮਿਸ਼ਨ ਦੀ ਤਰਜੀਹ ਹੋਵੇਗੀ।ਪੰਜਾਬ ਗਊ ਸੇਵਾ ਕਮਿਸ਼ਨ ਦੁਆਰਾ ਪਹਿਲਾਂ ਵੀ ਅਜਿਹੇ ਅਪਰਾਧੀਆਂ ਨੂੰ ਚੇਤਾਵਨੀ ਦਿੰਦੇ ਹੋਏ ਅਜਿਹੀਆਂ ਹਰਕਤਾਂ ਤੋਂ ਬਾਜ ਆਉਣ ਲਈ ਚੇਤਾਵਨੀ ਦਿੱਤੀ ਜਾ ਚੁੱਕੀ ਹੈ, ਪ੍ਰੰਤੂ ਹੁਣ ਕਾਨੂੰਨੀ ਕਾਰਵਾਈ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੈ।
ਉਨ੍ਹਾਂ ਕਿਹਾ ਕਿ ਗਊ ਮਾਤਾ ਦਾ ਗੌਰਵ ਅਤੇ ਸ਼ਾਨ ਸਦਾ ਬਰਕਰਾਰ ਰੱਖਣ ਲਈ, ਗਊ ਮਾਤਾ ਨੂੰ ਰਾਸ਼ਟਰ ਮਾਤਾ ਘੋਸਿ਼ਤ ਕਰਵਾਉਣ ਲਈ ਯਤਨ ਹੋਰ ਤੇਜ਼ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਗਊ ਮਾਤਾ ਦੇ ਸਨਮਾਨ ਲਈ ਅਤੇ ਅਪਰਾਧੀਆਂ ਦੁਆਰਾ ਕੀਤੀਆਂ ਜਾਂਦੀਆਂ ਅਜਿਹੀਆਂ ਘਟਨਾਵਾਂ ਲਈ ਠੋਸ ਕਾਨੂੰਨ ਬਣਾਉਣ ਦੀ ਹਮੇਸ਼ਾ ਉਹ ਮੰਗ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਵਿਸਿ਼ਆਂ ਸਬੰਧੀ ਜਲਦੀ ਹੀ ਮੁੱਖ ਮੰਤਰੀ ਪੰਜਾਬ, ਕੈਪਟਨ ਅਮਰਿੰਦਰ ਸਿੰਘ ਨਾਲ ਮਿਲ ਕੇ ਉਨ੍ਹਾਂ ਕੋਲ ਇਹ ਮੰਗ ਉਠਾਈ ਜਾਵੇਗੀ।