ਬੁਢਲਾਡਾ 19 ਅਕਤੂਬਰ (ਸਾਰਾ ਯਹਾ/ਅਮਨ ਮਹਿਤਾ) ਖੇਤੀ ਬਾਰੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਵੱਖ-ਵੱਖ ਕਿਸਾਨ ਜਥੇਬੰਦੀਆਂ ਦਾ ਆਰੰਭੀਆਂ ਸੰਘਰਸ਼ ਅੱਜ 19 ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ । ਕਿਸਾਨਾਂ ਨੇ ਰਿਲਾਇੰਸ ਪੈਟਰੋਲ ਪੰਪ ਨੂੰ ਘੇਰ ਕੇ ਦਿੱਤੇ ਜਾ ਰਹੇ ਦਿਨ ਰਾਤ ਦੇ ਧਰਨੇ ਵਿੱਚ ਕੇਂਦਰ ਸਰਕਾਰ ਖਿਲਾਫ਼ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ । ਅੱਜ ਇਕੱਠ ਨੂੰ ਕਿਸਾਨ ਆਗੂਆਂ ਐਡਵੋਕੇਟ ਸਵਰਨਜੀਤ ਸਿੰਘ ਦਲਿਓ , ਮਹਿੰਦਰ ਸਿੰਘ ਦਿਆਲਪੁਰਾ , ਸਤਪਾਲ ਸਿੰਘ ਬਰੇ , ਬਿੰਦਰ ਸਿੰਘ ਅਹਿਮਦਪੁਰ , ਜਸਕਰਨ ਸਿੰਘ ਸ਼ੇਰਖਾਵਾਲਾ , ਭੁਪਿੰਦਰ ਸਿੰਘ ਗੁਰਨੇ ਕਲਾਂ ਨੇ ਸੰਬੋਧਨ ਕੀਤਾ। ਆਗੂਆਂ ਨੇ ਕਿਹਾ ਕਿ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਫਸਲਾਂ ਉਗਾਉਣ ਵਾਲੇ ਕਿਸਾਨ ਅਮਰੀਕਾ ਸਾਮਰਾਜ ਦੇ ਸੱਪਾਂ , ਅਜਗਰਾਂ ਰੂਪੀ ਮੋਦੀਆਂ , ਅੰਬਾਨੀਆਂ,ਅਡਾਨੀਆਂ ਵਰਗਿਆਂ ਨੂੰ ਦਰੜ ਕੇ ਰੱਖ ਦੇਣਗੇ। ਆਗੂਆਂ ਨੇ ਕਿਹਾ ਕਿ ਹੱਕ-ਸੱਚ ਦੀ ਇਸ ਲੜਾਈ ਵਿੱਚ ਭਾਈ ਲਾਲੋਆਂ ਦੀ ਧਿਰ ਕਿਸਾਨ ਮਲਕ ਭਾਗੋਆਂ ਨੂੰ ਕਰਾਰੀ ਹਾਰ ਦੇਣਗੇ। ਕਿਸਾਨ ਇਕੱਠ ਨੇ ਮਤਾ ਪਾਸ ਕਰਕੇ ਜਿਲਾ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਮਾਨਸਾ ਕਿਸਾਨ ਮੋਰਚੇ ਦੇ ਸ਼ਹੀਦ ਜੁਗਰਾਜ ਸਿੰਘ ਗੁੜੱਦੀ ਨੂੰ ਪੰਜ ਲੱਖ ਮੁਆਵਜ਼ਾ ਦਿੱਤਾ ਜਾਵੇ , ਯੋਗਤਾ ਮੁਤਾਬਕ ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਸਾਰੇ ਸਰਕਾਰੀ ਕਰਜ਼ੇ ੋਤੇ ਲਕੀਰ ਮਾਰੀ ਜਾਵੇ। ਅੱਜ ਦੇ ਕਿਸਾਨ ਇਕੱਠ ਨੂੰ ਹੋਰਨਾਂ ਤੋਂ ਇਲਾਵਾ ਭੋਲਾ ਸਿੰਘ ਪਿੱਪਲੀਆਂ , ਹਰਿੰਦਰ ਸਿੰਘ ਸੋਢੀ , ਜਸਵੰਤ ਸਿੰਘ ਬੀਰੋਕੇ ,ਪਰਮਜੀਤ ਸਿੰਘ ਪਿੱਪਲੀਆਂ , ਜਸਵਿੰਦਰ ਸਿੰਘ ਅਹਿਮਦਪੁਰ , ਜਗਤਾਰ ਸਿੰਘ ਫੁੱਲੂਵਾਲਾ ਡੋਗਰਾ , ਡੀ ਟੀ ਐਫ ਦੇ ਗੁਰਦਾਸ ਸਿੰਘ ਗੁਰਨੇ ਖੁਰਦ ਆਦਿ ਨੇ ਸੰਬੋਧਨ ਕੀਤਾ।