*ਖੇਤੀ ਮਸ਼ੀਨਾਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਉਪਰੰਤ ਕਿਸਾਨਾਂ ਨੂੰ ਸਬਸਿਡੀ ਦੀ ਪ੍ਰਕਿਰਿਆ ਜਾਰੀ-ਮੁੱਖ ਖੇਤੀਬਾੜੀ ਅਫ਼ਸਰ*

0
7

ਮਾਨਸਾ, 02 ਨਵੰਬਰ: (ਸਾਰਾ ਯਹਾਂ/ਬੀਰਬਲ ਧਾਲੀਵਾਲ):
ਮੁੱਖ ਖੇਤੀਬਾੜੀ ਅਫਸਰ ਡਾ. ਦਿਲਬਾਗ ਸਿੰਘ ਨੇ ਦੱਸਿਆ ਕਿ ਸਾਲ 2023—24 ਦੌਰਾਨ ਝੋਨੇ ਦੀ ਪਰਾਲੀ ਦਾ ਪ੍ਰਬੰਧਨ ਕਰਨ ਲਈ ਕਿਸਾਨਾਂ ਨੂੰ ਵੱਖ—ਵੱਖ ਮਸ਼ੀਨਰੀਆਂ ਜਿਵੇਂ ਕਿ ਸੁਪਰ ਸੀਡਰ, ਬੇਲਰ, ਸਰਫੇਸ ਸੀਡਰ, ਜੀਰੋ ਟਿੱਲ ਡਰਿੱਲ ਆਦਿ ਸਬਸਿਡੀ ’ਤੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਲਈ ਪਹਿਲਾਂ ਕਿਸਾਨਾਂ ਪਾਸੋਂ ਅਰਜੀਆਂ ਦੀ ਮੰਗ ਕੀਤੀ ਗਈ ਸੀ ਅਤੇ ਡਰਾਅ ਸਿਸਟਮ ਰਾਹੀਂ ਲਾਭਪਾਤਰੀ ਕਿਸਾਨਾਂ ਦੀ ਚੋਣ ਕਰਕੇ ਮਸ਼ੀਨਰੀ ਖਰੀਦ ਕਰਨ ਲਈ ਮਨਜ਼ੂਰੀ ਪੱਤਰ ਜਾਰੀ ਕੀਤੇ ਗਏ ਸਨ।
ਉਨ੍ਹਾਂ ਦੱਸਿਆ ਕਿ ਜਿੰਨ੍ਹਾਂ ਕਿਸਾਨਾਂ ਵੱਲੋਂ ਮਸ਼ੀਨੀਰੀ ਦੀ ਖਰੀਦ ਕਰ ਲਈ ਗਈ ਹੈ, ਉਨ੍ਹਾਂ ਦੀਆਂ ਮਸ਼ੀਨਾਂ ਫਿਜੀਕਲ ਤੌਰ ’ਤੇ ਚੈਕ ਕਰਨ ਉਪਰੰਤ ਉਨ੍ਹਾਂ ਨੂੰ ਸਬਸਿਡੀ ਦੀ ਰਕਮ ਜਾਰੀ ਕੀਤੀ ਜਾਣੀ ਹੈ। ਇਸ ਦੇ ਲਈ ਜ਼ਿਲ੍ਹੇ ਦੇ ਵੱਖ—ਵੱਖ ਬਲਾਕ ਪੱਧਰ ’ਤੇ ਕਿਸਾਨਾਂ ਨੂੰ ਬੁਲਾ ਕੇ ਮਸ਼ੀਨਰੀ ਦੀ ਵੈਰੀਫਿਕੇਸ਼ਨ ਕੀਤੀ ਗਈ ਅਤੇ ਇਸ ਦੀ ਵਰਤੋਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ। ਇਸ ਕੰਮ ਦੀ ਮੋਨੀਟਰਿੰਗ ਲਈ ਸ੍ਰੀ ਅਰੁਣ ਕੁਮਾਰ, ਸੰਯੁਕਤ ਡਾਇਰੈਕਟਰ ਹਾਈਡ੍ਰੋਲੋਜੀ, ਪੰਜਾਬ ਵੱਲੋਂ ਵਿਸ਼ੇਸ਼ ਤੌਰ ’ਤੇ ਮਾਨਸਾ ਵਿਖੇ ਸਿਰਕਤ ਕੀਤੀ ਗਈ।
ਉਨ੍ਹਾਂ ਵੱਲੋਂ ਬਲਾਕ ਬੁਢਲਾਡਾ, ਭੀਖੀ ਅਤੇ ਮਾਨਸਾ ਵਿਖੇ ਆਪਣੀ ਹਾਜ਼ਰੀ ਵਿੱਚ ਮਸ਼ੀਨਰੀ ਦੀ ਫਿਜ਼ੀਕਲ ਵੈਰੀਫਿਕੇਸ਼ਨ ਕਰਵਾਈ ਗਈ। ਇਸ ਦੌਰਾਨ ਲਗਭਗ 350 ਮਸ਼ੀਨਾਂ ਦੀ ਫਿਜੀਕਲ ਵੈਰੀਫਿਕੇਸ਼ਨ ਕੀਤੀ ਗਈ। ਇਨ੍ਹਾਂ ਕਿਸਾਨਾਂ ਨੂੰ ਕੁਝ ਦਿਨਾਂ ਵਿੱਚ ਸਬਸਿਡੀ ਮੁਹੱਈਆ ਕਰਵਾ ਦਿੱਤੀ ਜਾਵੇਗੀ।
ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਪਰਾਲੀ ਦੇ ਸੁਚੱਜੇ ਪ੍ਰਬੰਧਨ ਕਰਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਨਾਲ ਹੀ ਪਰਾਲੀ ਨੂੰ ਖੇਤ ਵਿੱਚ ਮਿਲਾਉਣ ’ਤੇ ਹੋਣ ਵਾਲੇ ਫਾਇਦਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਮਸ਼ੀਨਰੀ ਦੀ ਹੋਰ ਕਿਸਾਨਾਂ ਦੇ ਖੇਤਾਂ ਵਿੱਚ ਵੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ ਤਾਂ ਜੋ ਪੰਜਾਬ ਸਰਕਾਰ ਵੱਲੋਂ ਪ੍ਰਦੂਸ਼ਨ ਰਹਿਤ ਪੰਜਾਬ ਸਬੰਧੀ ਚਲਾਈ ਜਾ ਰਹੀ ਮੁਹਿੰਮ ਨੂੰ ਸਫਲ ਬਣਾਇਆ ਜਾ ਸਕੇ।
ਇਸ ਮੌਕੇ ਸ੍ਰੀ ਮਨੋਜ਼ ਕੁਮਾਰ, ਬਲਾਕ ਖੇਤੀਬਾੜੀ ਅਫਸਰ, ਮਾਨਸਾ, ਸ੍ਰੀ ਹਰਵਿੰਦਰ ਸਿੰਘ, ਬਲਾਕ ਖੇਤੀਬਾੜੀ ਅਫਸਰ ਭੀਖੀ ਅਤੇ ਖੇਤੀਬਾੜੀ ਵਿਕਾਸ ਅਫਸਰ ਵੱਲੋਂ ਵੱਖ—ਵੱਖ ਬਲਾਕਾਂ ਵਿੱਚ ਮਸ਼ੀਨਰੀ ਦੀ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਗਈ। 

NO COMMENTS