ਖੇਤੀ ਬਿੱਲਾ ਦੇ ਵਿਰੋਧ ਚ ਕਿਸਾਨ ਜਥੇਬੰਦੀ ਵੱਲੋਂ ਤਲਵੰਡੀ ਸਾਬੋ ਪਾਵਰ ਪਲਾਟ ਬਣਾਂਵਾਲੀ ਅੱਗੇ ਦਿੱਤਾ ਧਰਨਾ

0
39

ਮਾਨਸਾ1 ਅਕਤੂਬਰ (ਸਾਰਾ ਯਹਾ/ਬਪਸ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋ ਤਲਵੰਡੀ ਸਾਬੋ ਪਾਵਰ ਪਲਾਟ ਬਣਾਂਵਾਲੀ ਦੇ ਗੇਟ ਅੱਗੇ ਅਨਮਿੱਥੇ ਸਮੇਂ ਲਈ ਧਰਨਾ ਲਗਾ ਦਿੱਤਾ ਹੈ। ਯੂਨੀਅਨ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਚੱਲ ਰਹੇ ਕਾਰੋਬਾਰ ਅਦਾਰਿਆਂ ਅੱਗੇ ਧਰਨੇ ਅਤੇ ਘਿਰਾਓ ਕਰਨ ਦੇ ਫ਼ੈਸਲੇ ਅਨੁਸਾਰ ਜਥੇਬੰਦੀ ਵੱਲੋਂ ਥਰਮਲ ਪਲਾਂਟ ਬਣਾਂਵਾਲੀ ਅੱਗੇ ਅਣਮਿਥੇ ਸਮੇਂ ਲਈ ਦਿਨ ਰਾਤ ਦਾ ਧਰਨਾ ਸ਼ੁਰੂ ਕਰ ਦਿੱਤਾ ਹੈ। ਧਰਨੇ ਦੌਰਾਨ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਆਰਡੀਨੈੱਸ ਜਾਰੀ ਕਰਕੇ ਜੋ ਕਿਸਾਨ ਵਿਰੋਧੀ ਫ਼ੈਸਲੇ ਲਏ ਹਨ। ਇਹ ਵੱਡੀਆਂ ਕੰਪਨੀਆਂ ਲਈ ਕਿਸਾਨਾਂ ਤੋਂ ਜਮੀਨਾਂ ਖੋਹਣ ਦੇ ਰਾਹ ਪੱਧਰੇ ਕੀਤੇ ਹਨ ਤਾਂ ਜੋ ਕੰਪਨੀਆਂ ਆਸਾਨੀ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਲੈ ਕੇ ਵੱਡੇ ਖੇਤੀ ਫਾਰਮ ਬਣਾ ਸਕਣ। ਇਸ ਗੱਲ ਨੂੰ ਸਮਝਦਿਆਂ ਜਥੇਬੰਦੀ ਨੇ ਇਨ੍ਹਾਂ ਕੰਪਨੀਆਂ ਦੇ ਪਹਿਲਾਂ ਤੋਂ ਚੱਲ ਰਹੇ ਕਾਰੋਬਾਰ ਨੂੰ ਰੋਕਣ ਜਾਂ ਪ੍ਰਭਾਵਿਤ ਕਰਨ ਲਈ ਇਨ੍ਹਾਂ ਦੇ ਕਾਰੋਬਾਰੀ ਅਦਾਰਿਆਂ ਦੇ ਘਿਰਾਓ ਕਰਨ ਅਤੇ ਧਰਨੇ ਲਾਉਣ ਦੇ ਫ਼ੈਸਲੇ ਅਨੁਸਾਰ ਬਣਾਂਵਾਲੀ ਥਰਮਲ ਅੱਗੇ ਦਰੀਆਂ ਵਿਛਾਕੇ ਧਰਨਾ ਸੁਰੂ ਕਰ ਦਿੱਤਾ ਹੈ ਜੋ ਦਿਨ-ਰਾਤ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਜਿੱਥੇ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਦੀ ਤਿਆਰੀ ਹੈ ਉੱਥੇ ਕੇਂਦਰ ਸਰਕਾਰ ਬਿਜਲੀ ਐਕਟ-2020 ਲਿਆ ਕੇ ਬਿਜਲੀ ਦਾ ਸਮੁੱਚਾ ਪ੍ਰਬੰਧ ਅਡਾਨੀਆਂ-ਅੰਬਾਨੀਆਂ ਆਦਿ ਅਮੀਰ ਕਾਰਪੋਰੇਟ ਘਰਾਣਿਆਂ ਨੂੰ ਦੇ ਦੇਵੇਗੀ। ਜਿਸ ਕਰਕੇ ਬਿਜਲੀ ਦੇ ਰੇਟ ਅਸਮਾਨੀ ਚੜ੍ਹ ਜਾਣਗੇ ਤੇ ਆਮ ਲੋਕਾਂ ਲਈ ਬਿਜਲੀ ਦੀ ਸਹੂਲਤ ਪਹੁੰਚ ਤੋਂ ਬਾਹਰ ਹੋ ਜਾਵੇਗੀ। ਥਰਮਲ ਅੱਗੇ ਧਰਨਾ ਲਾ ਕੇ ਜਥੇਬੰਦੀ ਵੱਲੋਂ ਬਿਜਲੀ ਦੇ ਪ੍ਰਾਈਵੇਟ ਵਪਾਰੀਆਂ ਨੂੰ ਤਾੜਨਾ ਕੀਤੀ ਗਈ ਹੈ ਕਿ ਉਹ ਆਪਣੇ ਖੂਨੀ ਪੰਜੇ ਸਰਕਾਰੀ ਬਿਜਲੀ ਪ੍ਰਬੰਧ ਤੋਂ ਦੂਰ ਰੱਖਣ। ਇਸ ਮੌਕੇ ਤਲਵੰਡੀ ਸਾਬੋ ਬਲਾਕ ਦੇ ਨਛੱਤਰ ਸਿੰਘ ਬਹਿਮਣ, ਜ਼ਿਲ੍ਹਾ ਆਗੂ ਜਗਦੇਵ ਸਿੰਘ ਜੋਗੇਵਾਲਾ, ਮਾਨਸਾ ਜ਼ਿਲ੍ਹੇ ਦੇ ਇੰਦਰਜੀਤ ਸਿੰਘ ਝੱਬਰ, ਉੱਤਮ ਸਿੰਘ ਰਾਮਾਨੰਦੀ, ਜਗਦੇਵ ਸਿੰਘ ਭੈਣੀਬਾਘਾ, ਸਾਧੂ ਸਿੰਘ ਅਲੀਸ਼ੇਰ ਅਤੇ ਜੱਗਾ ਸਿੰਘ ਜਟਾਣਾ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਸੈਕੜੇ ਕਿਸਾਨ ਮੌਜੂਦ ਸਨ।

NO COMMENTS