ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨਾਂ ਨੇ ਰੋਸ ਮਾਰਚ ਕੀਤੇ ਅਤੇ ਪ੍ਰਧਾਨ ਮੰਤਰੀ ਦੇ ਪੁਤਲੇ ਫੂਕੇ

0
15

ਸਰਦੂਲਗੜ੍ਹ 30, ਜਨਵਰੀ (ਸਾਰਾ ਯਹਾ /ਬਲਜੀਤ ਪਾਲ): ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅੱਜ ਵੱਖ-ਵੱਖ ਪਿੰਡਾਂ ਵਿੱਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕੇ ਗਏ। ਕਿਸਾਨ ਆਗੂ ਉੱਤਮ ਸਿੰਘ ਰਾਮਾਂ ਨੰਦੀ ਨੇ ਦੱਸਿਆ ਕਿ ਹਲਕੇ ਦੇ ਪਿੰਡ ਰਾਮਾਨੰਦੀ ਵਿਖੇ ਸਮੂਹ ਕਿਸਾਨਾਂ ਤੇ ਜਥੇਬੰਦੀ ਦੇ ਵਰਕਰਾਂ ਨੇ ਰਲ ਕੇ ਪਹਿਲਾਂ ਪਿੰਡ ਵਿਚ ਇਕ ਰੋਸ ਮਾਰਚ ਕੱਢਿਆ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਰਪੋਰੇਟ ਘਰਾਣਿਆਂ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਬੋਲਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਬੁਖਲਾਹਟ ਵਿੱਚ ਆ ਚੁੱਕੀ ਹੈ ਕਿਸਾਨਾਂ ਦੇ ਵਧ ਰਹੇ ਸੰਘਰਸ਼ ਨੂੰ ਉਹ ਸਹਿਣ ਨਹੀਂ ਕਰ ਰਹੀ। ਇਸ ਲਈ ਉਹ ਕਿਸਾਨ ਆਗੂਆਂ ਤੇ ਵੱਖ ਵੱਖ ਧਾਰਾਵਾਂ ਲਾ ਕੇ ਮਾਮਲਾ ਦਰਜ ਕਰ ਰਹੀ ਹੈ। ਉਨ੍ਹਾਂ ਕਿਹਾ ਕਿਸਾਨ ਕਿਸਾਨੀ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਪਿੰਡਾਂ ਵਿੱਚ ਕਮੇਟੀਆਂ ਬਣਾ ਕੇ ਘਰ-ਘਰ ਦੇ ਇਕ ਮੈਂਬਰ ਨੂੰ ਦਿੱਲੀ ਪਹੁੰਚਣ ਦੀਆਂ ਅਪੀਲਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਉਨ੍ਹਾਂ ਚਿਰ ਕਿਸਾਨਾਂ ਦਾ ਸੰਘਰਸ਼ ਜਾਰੀ ਰਹੇਗਾ। ਰੋਸ ਮਾਰਚ ਸਮੇਂ ਕਿਸਾਨ ਆਗੂਆਂ ਦੇ ਨਾਲ-ਨਾਲ ਔਰਤਾਂ ਵੀ ਭਾਰੀ ਗਿਣਤੀ ਵਿਚ ਹਾਜ਼ਰ ਸਨ। ਇਸ ਮੌਕੇ ਸਮੂਹ ਪਿੰਡ ਵਾਸੀ ਅਤੇ ਜਥੇਬੰਦੀ ਦੇ ਵਰਕਰ ਤੇ ਆਗੂ ਹਾਜ਼ਰ ਸਨ ।


NO COMMENTS