ਬੁਢਲਾਡਾ 11,ਦਸੰਬਰ (ਸਾਰਾ ਯਹਾ /ਅਮਨ ਮਹਿਤਾ): ਖੇਤੀ ਕਾਨੂੰਨਾਂ ਵਿਰੁੱਧ ਲੜੀ ਜਾ ਰਹੀ ਫੈਸਲਾਕੁੰਨ ਲੜਾਈ ਚ ਯੋਗਦਾਨ ਪਾਉਣ ਲਈ ਹਰ ਪੰਜਾਬੀ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਇਹ ਜੰਗ ਜਿੱਤੀ ਜਾ ਸਕੇ। ਖੇਤੀ ਘੋਲ਼ ਦੀ ਜੰਗ ਨੂੰ ਜਿੱਤੇ ਬਿਨ ਪੰਜਾਬ ਅਤੇ ਕਿਸਾਨੀ ਦੀ ਹੋਂਦ ਨੂੰ ਨਹੀਂ ਬਚਾਇਆ ਜਾ ਸਕਦਾ। ਇਹ ਸ਼ਬਦ ਅੱਜ ਸਾਬਕਾ ਚੇਅਰਮੈਨ ਅਤੇ ਵਿਧਾਇਕ ਸੁਖਵਿੰਦਰ ਸਿੰਘ ਔਲਖ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਨਾਲ ਸਬੰਧਤ ਉੱਠੇ ਸ਼ੰਘਰਸ਼ ਦੌਰਾਨ ਪੰਜਾਬ ਤੇ ਪੰਜਾਬੀਆਂ ਲਈ ਵੱਡਾ ਦੁਖਾਂਤ ਸਾਹਮਣੇ ਆਇਆ ਹੈ। ਜਿਸ ਸ਼ੋਮਣੀ ਅਕਾਲੀ ਦਲ ਨੇ ਹਮੇਸ਼ਾਂ ਪੰਜਾਬ ਅਤੇ ਕਿਸਾਨਾਂ ਦੀਆਂ ਮੰਗਾਂ ਦੀ ਤਰਜਮਾਨੀ ਕੀਤੀ,ਪਹਿਰੇਦਾਰ ਅਤੇ ਝੰਡਾ ਬਰਦਾਰ ਬਣਿਆ ਰਿਹਾ। ਉਸ ਹੀ ਪਾਰਟੀ ਦੀ ਮੁੱਖ ਲੀਡਰਸ਼ਿਪ ਕਿਸਾਨ ਮਾਰੂ ਖੇਤੀ ਕਾਨੂੰਨਾਂ ਨੂੰ ਲੈਕੇ ਨਰਿੰਦਰ ਮੋਦੀ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਨਾਲ ਅੰਦਰਖਾਤੇ ਸਹਿਮਤੀ ਪ੍ਰਗਟ ਕਰਦੀ ਰਹੀ। ਵਿਧਾਇਕ ਔਲਖ ਨੇ ਕਿਹਾ 2010 ਚ ਕੇਂਦਰ ਦੀ ਕਾਂਗਰਸ ਸਰਕਾਰ ਮੌਕੇ ਨਵੇਂ ਖੇਤੀ ਕਾਨੂੰਨ ਲਈ ਮੁੱਖ ਮੰਤਰੀਆਂ ਦੀਆਂ ਕਮੇਟੀਆਂ ਬਣਾਉਣ ਦੀ ਪ੍ਰੀਕਿਰਿਆ ਤੋਂ ਲੈਕੇ ਕਾਨੂੰਨ ਦਾ ਖਰੜਾ ਤਿਆਰ ਕਰਨਾ, ਆਰਡੀਨੈਂਸ ਲਿਆਉਣ, ਲੋਕ ਸਭਾ ਤੇ ਰਾਜ ਸਭਾ ਚ ਬਿੱਲ ਪੇਸ਼ ਕਰਨ ਤੱਕ ਮੋਹਰੀ ਅਕਾਲੀ ਲੀਡਰਸ਼ਿਪ ਦਾ ਚੁੱਪ ਰਹਿਣ ਅਤੇ ਕਾਰਪੋਰੇਟ ਦੇ ਹੱਕ ਚ ਖੜਨ ਨਾਲ ਉਨ੍ਹਾਂ ਦਾ ਆਪਣਾ ਨਿੱਜੀ ਸਿਆਸੀ ਨੁਕਸਾਨ ਤਾਂ ਹੋਇਆ ਹੈ ਇਸ ਤੋਂ ਅੱਗੇ ਕਿਸਾਨਾਂ ਦੀ ਸਮਝੀ ਜਾਂਦੀ ਪਾਰਟੀ ਸ਼ੋਮਣੀ ਅਕਾਲੀ ਦੇ ਇਤਿਹਾਸ ਨੂੰ ਵੀ ਕਲੰਕਿਤ ਕਰ ਦਿੱਤਾ ਹੈ ਅਤੇ ਹਾਸ਼ੀਏ ਉੱਤੇ ਧੱਕ ਦਿੱਤਾ ਹੋ। ਉਨ੍ਹਾਂ ਕਿਹਾ ਸ਼ੋਮਣੀ ਅਕਾਲੀ ਦਲ ਨੇ ਅਜ਼ਾਦੀ ਦੀ ਲੜਾਈ ਤੋਂ ਲੈਕੇ ਐਮਰਜੈਂਸੀ ਤੱਕ ਭਾਰਤ ਦੇ ਲੋਕਾਂ ਦੀ ਮੋਹਰੀ ਹੋਕੇ ਅਗਵਾਈ ਕੀਤੀ ਅਤੇ ਹਰ ਲੜਾਈ ਜਿੱਤੀ ਪਰ ਅਕਾਲੀ ਦਲ ਨੇ ਕਦੇ ਵੀ ਲੋਕਾਂ ਦਾ ਭਰੋਸਾ ਨਹੀਂ ਟੁੱਟਣ ਦਿੱਤਾ। ਖੇਤੀ ਕਾਨੂੰਨਾਂ ਦੇ ਮਾਮਲਿਆਂ ਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਚੁੱਪ ਰਹਿਣ ਵਾਲੀ ਨਿਭਾਈ ਗਈ ਭੂਮਿਕਾ ਸਦਕਾ ਕਿਸਾਨੀ ਘੋਲ਼ਾ ਦੀ ਅਗਵਾਈ ਕਰਨ ਵਾਲੇ ਸ਼ੋਮਣੀ ਅਕਾਲੀ ਦਲ ਨੂੰ ਅੱਜ ਆਪਣੇ ਹੀ ਪੰਜਾਬ ਦੇ ਕਿਸਾਨਾਂ ਅੱਗੇ ਜਵਾਬਦੇਹ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਗ਼ਲਤੀ ਲੀਡਰਸ਼ਿਪ ਦੀ ਹੈ ਪਰ ਇਸਦਾ ਖ਼ਮਿਆਜ਼ਾ ਪੰਜਾਬ,ਕਿਸਾਨਾਂ ਅਤੇ ਸਮੁੱਚੀ ਪਾਰਟੀ ਨੂੰ ਭੁਗਤਣਾ ਪੈ ਰਿਹਾ ਹੈ। ਔਲਖ ਨੇ ਕਿਹਾ ਜੇਕਰ ਸ਼ੋਮਣੀ ਅਕਾਲੀ ਦਲ ਆਪਣੀਆਂ ਕਿਸਾਨ ਪੱਖੀ ਨੀਤੀਆਂ ਨੂੰ ਮੁੱਖ ਰੱਖਕੇ ਕਾਰਪੋਰੇਟ ਘਰਾਣਿਆਂ ਦੇ ਹੱਕ ਚ ਬਣਨ ਵਾਲੇ ਕਾਨੂੰਨਾਂ ਵਿਰੁੱਧ ਪਹਿਲੇ ਪੜ੍ਹਾਅ ਉੱਤੇ ਹੀ ਅਵਾਜ਼ ਬੁਲੰਦ ਕਰਕੇ ਸ਼ੰਘਰਸ਼ ਕਰਦਾ ਤਾਂ ਪਾਰਟੀ ਮੁੜ ਇਤਿਹਾਸਕ ਭੂਮਿਕਾ ਚ ਉਭਰਦੀ ਅਤੇ ਦੇਸ਼ ਦੇ ਕਿਸਾਨਾਂ ਦੀ ਅਗਵਾਈ ਕਰਦੀ। ਸਾਬਕਾ ਵਿਧਾਇਕ ਨੇ ਕਿਹਾ ਪੰਜਾਬ ਦੀ ਸਾਮੂਹਿਕ ਮਾਨਸਿਕਤਾ ਦੀ ਉਸਾਰੀ ਸਿੱਖ ਗੁਰੂ ਸਾਹਿਬਾਨ ਦੀ ਗੁਰਬਾਣੀ ਦੇ ਫਲਸਫੇ ਚੋਂ ਹੁੰਦੀ ਹੈ ਜੋ ਹਮੇਸ਼ਾਂ ਹੀ ਮਲਿਕ ਭਾਗੋਆਂ ਨੂੰ ਨਕਾਰ ਕੇ ਭਾਈ ਲਾਲੋਆਂ ਦੇ ਨਾਲ ਜਾ ਖੜਦੀ ਹੈ,ਇਹ ਸਭ ਵਾਰ ਵਾਰ ਜੋ ਵਾਪਰ ਰਿਹਾ ਹੈ ਸਿੱਖ ਲੀਡਰਸ਼ਿਪ ਨੂੰ ਇਸ ਵੱਲ ਧਿਆਨ ਦੇਣਾ ਹੀ ਪਵੇਗਾ। ਉਨ੍ਹਾਂ ਕਿਹਾ ਪੰਜਾਬ ਦੀ ਮਾਨਸਿਕਤਾ ਚ ਪੰਜਾਬ ਪਿਆਰ ਵਾਲੇ ਜ਼ਜਬਾਤਾਂ ਦੇ ਜੋ ਦਰਿਆ ਵਗਦੇ ਰਹਿੰਦੇ ਹਨ ਨੂੰ ਕਦੇ ਵੀ ਕਾਰਪੋਰੇਟ ਮਨ ਦੀ ਬਣਤਰ ਨਾਲ ਨਹੀਂ ਸਮਝਿਆ ਜਾ ਸਕਦਾ ਬਲਕਿ ਪੰਜਾਬ ਤੇ ਸਿੱਖ ਇਤਿਹਾਸ ਚੋਂ ਸੇਧ ਲੈਣੀ ਪਵੇਗੀ।