*ਖੇਤੀਬਾੜੀ ਵਿਭਾਗ ਨੇ ਨਰਮੇ ’ਤੇ ਗੁਲਾਬੀ ਸੁੰਡੀ ਦੇ ਹਮਲੇ ਦੀ ਰੋਕਥਾਮ ਲਈ ਚਲਾਈ ਜਾਗਰੂਕਤਾ ਮੁਹਿੰਮ*

0
22

ਮਾਨਸਾ, 07 ਸਤੰਬਰ(ਸਾਰਾ ਯਹਾਂ/ਬੀਰਬਲ ਧਾਲੀਵਾਲ) : ਮੁੱਖ ਖੇਤੀਬਾੜੀ ਅਫ਼ਸਰ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਜ਼ਿਲ੍ਹਾ ਮਾਨਸਾ ਅੰਦਰ ਪਿੰਡ ਫੱਤਾ ਮਾਲੋਕਾ, ਬਣਾਂਵਾਲੀ, ਅੱਕਾਂਵਾਲੀ, ਗੇਹਲੇ, ਕਰਮਗੜ੍ਹ ਔਤਾਂਵਾਲੀ, ਕੱਲੋ ਅਤੇ ਮੂਸਾ ਵਿੱਚ ਕੁਝ ਖੇਤਾਂ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਵੇਖਣ ਵਿੱਚ ਆਇਆ ਸੀ। ਉਨ੍ਹਾਂ ਕਿਹਾ ਕਿ ਬੇਸ਼ੱਕ ਇਹ ਹਮਲਾ ਆਰਥਿਕ ਕਗਾਰ ਤੋਂ ਕਾਫੀ ਘੱਟ ਹੈ ਪ੍ਰੰਤੂ ਫਿਰ ਵੀ ਸਮੂਹ ਬਲਾਕ ਖੇਤੀਬਾੜੀ ਅਫਸਰਾਂ ਨੂੰ ਆਪਣੇ-ਆਪਣੇ ਬਲਾਕ ਵਿੱਚ ਖੇਤੀ ਮਾਹਿਰਾਂ ਦੀਆਂ ਅਲੱਗ-ਅਲੱਗ ਟੀਮਾਂ ਬਣਾ ਕੇ ਵੱਧ ਤੋਂ ਵੱਧ ਪਿੰਡ ਕਵਰ ਕਰਦੇ ਹੋਏ ਕਿਸਾਨ ਸਿਖਲਾਈ ਕੈਂਪ ਲਗਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆ ਹਨ, ਤਾਂ ਜੋ ਕਿਸਾਨਾਂ ਨੂੰ ਇਸ ਕੀਟ ਦੇ ਹਮਲੇ ਤੋਂ ਨਰਮੇ ਦੀ ਫਸਲ ਨੂੰ ਬਚਾਉਣ ਲਈ ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾਈ ਜਾ ਸਕੇ।  ਉਨ੍ਹਾਂ ਦੱਸਿਆ ਕਿ ਇਸ ਤਹਿਤ ਬਲਾਕ ਮਾਨਸਾ ਦੇ ਪਿੰਡ ਕੱਲੋ, ਗੇਹਲੇ, ਮਲਕਪੁਰ ਖਿਆਲਾ, ਠੂਠਿਆਵਾਲੀ, ਬਲਾਕ ਸਰਦੂਲਗੜ੍ਹ ਦੇ ਪਿੰਡ ਝੰਡਾ ਖੁਰਦ, ਟਿੱਬੀ ਹਰੀ ਸਿੰਘ, ਮੀਰਪੁਰ ਖੁਰਦ, ਖੈਰਾ ਕਲਾਂ, ਖੈਰਾ ਖੁਰਦ, ਬਲਾਕ ਭੀਖੀ ਦੇ ਪਿੰਡ ਖੀਵਾ ਕਲਾਂ, ਖੀਵਾ ਖੁਰਦ, ਖੀਵਾ ਦਿਆਲੂ ਵਾਲਾ, ਸਮਾਓ, ਬਲਾਕ ਝੁਨੀਰ ਦੇ ਪਿੰਡ ਭੰਮੇ ਖੁਰਦ, ਭੰਮੇ ਕਲਾਂ, ਕੋਟ ਧਰਮੁ, ਰਾਮਾਨੰਦੀ, ਸਾਹਨੇਵਾਲੀ, ਬੁਰਜ, ਉੱਲਕ, ਜੌੜਕੀਆਂ, ਲਾਲਿਆਂਵਾਲੀ, ਭਲਾਈਕੇ, ਦਸੌਂਦੀਆ, ਬਾਜੇਵਾਲਾ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਏ ਗਏ ।  ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਦੌਰਾਨ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਆਪਣੇ ਖੇਤ ਵਿੱਚ ਅਲੱਗ-ਅਲੱਗ ਜਗ੍ਹਾ ਤੋਂ 100 ਫੁੱਲਾਂ ਦੀ ਜਾਂਚ ਕੀਤੀ ਜਾਵੇ, ਜੇਕਰ 5 ਜਾਂ 5 ਫੁੱਲਾਂ ਤੋਂ ਜਿਆਦਾ ਫੁੱਲਾਂ ਵਿੱਚ ਗੁਲਾਬੀ ਸੁੰਡੀ ਪਾਈ ਜਾਂਦੀ ਹੈ, ਤਾਂ ਹੀ ਸਪਰੇਅ ਕੀਤਾ ਜਾਵੇ ਜਾਂ ਫਿਰ ਆਪਣੇ ਖੇਤ ਵਿੱਚੋਂ 20 ਹਰੇ ਟੀਂਡੇ ਤੋੜ ਕੇ ਵੇਖਿਆ ਜਾਵੇ ਅਤੇ ਜੇਕਰ 2 ਜਾਂ 3 ਤੋਂ ਜ਼ਿਆਦਾ ਸੁੰਡੀਆਂ ਮਿਲਦੀਆਂ ਹਨ, ਤਾਂ ਹੀ ਸਪਰੇਅ ਕੀਤਾ ਜਾਵੇ।  ਉਨ੍ਹਾਂ ਦੱਸਿਆ ਕਿ ਜੇਕਰ ਨਰਮੇ ਦੀ ਫਸਲ 70 ਤੋਂ 120 ਦਿਨਾਂ ਦੀ ਹੈ ਅਤੇ ਫੁੱਲਾਂ ਜਾਂ ਟੀਂਡਿਆਂ ’ਤੇ ਹਮਲਾ 5 ਫੀਸਦੀ ਤੋਂ ਜਿਆਦਾ ਹੈ ਤਾਂ ਸਿਰਫ ਪੀ.ਏ.ਯੂ ਲੁਧਿਆਣਾ ਵੱਲੋਂ ਸਿਫਾਰਸ ਕੀਤੀਆਂ ਕੀੜੇਮਾਰ ਦਵਾਈਆਂ ਜਿਵੇਂ ਕਿ 500 ਐਮ.ਐਲ ਪ੍ਰੋਫੈਨੋਫਾਸ 50 ਫੀਸਦੀ ਈ.ਸੀ ਜਾਂ 200 ਐਮ.ਐਲ. ਇਡੌਕਸਾਕਾਰਬ 15 ਫੀਸਦੀ ਐਸ.ਸੀ. ਜਾਂ 250 ਗ੍ਰਾਮ ਥਾਇਓਡੀਕਾਰਬ 75 ਫੀਸਦੀ ਡਬਲਯੂ.ਪੀ. ਜਾਂ 40 ਐਮ.ਐਲ. ਫਲੂਬੈਂਡਾਮਾਈਡ 400 ਐਸ.ਸੀ ਜਾਂ 800 ਐਮ.ਐਲ. ਈਥੀਆਨ 50 ਫੀਸਦੀ ਈ.ਸੀ. ਦੀ 120-150 ਲੀਟਰ ਪਾਣੀ ਵਿੱਚ ਮਿਲਾਕੇ  ਸਪਰੇਅ ਕੀਤੀ ਜਾਵੇ ਅਤੇ ਜੇਕਰ ਫਸਲ 120-150 ਦਿਨਾਂ ਦੀ ਹੈ ਤਾਂ ਗੁਲਾਬੀ ਸੁੰਡੀ ਦੀ ਰੋਕਥਾਮ ਲਈ 160 ਐਮ.ਐਲ. ਡੈਲਟਾਮੈਥਰਿਨ 2.8 ਫੀਸਦੀ ਈ.ਸੀ. ਜਾਂ 200 ਐਮ.ਐਲ. ਸਾਈਪਰਮੈਥਰਿਨ 10 ਫੀਸਦੀ ਈ.ਸੀ. ਜਾਂ 100 ਐਮ.ਐਲ. ਫੈਨਵਲਰੇਟ 20 ਫੀਸਦੀ ਈ.ਸੀ. ਜਾਂ 300 ਐਮ.ਐਲ. ਬੀਟਾਸਾਈਫਲੂਥਰੀਨ 0.25 ਐਸ.ਸੀ. ਦੀ 120-150 ਲੀਟਰ ਪਾਣੀ ਵਿੱਚ ਮਿਲਾਕੇ ਸਪਰੇਅ ਕੀਤੀ ਜਾਵੇ।  ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਉਕਤ ਵਿਚੋਂ ਕਿਸੇ ਇੱਕ ਟੈਕਨੀਕਲ ਦੀ ਹੀ ਸਪਰੇਅ ਕੀਤੀ ਜਾਵੇ ਅਤੇ ਇਨ੍ਹਾਂ ਸਪਰੇਆਂ ਵਿੱਚ ਹੋਰ ਕਿਸੇ ਵੀ ਤਰ੍ਹਾਂ ਦੀ ਕੀਟਨਾਸਕ ਜਾਂ ਉਲੀਨਾਸਕ ਜਾਂ ਪੋਟਾਸੀਅਮ ਨਾਈਟੇ੍ਰਟ (13:0:45) ਨਾ ਮਿਲਾਈ ਜਾਵੇ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਅੱਗੇ ਵੀ ਇਸੇ ਤਰ੍ਹਾਂ ਜਾਰੀ ਰਹੇਗੀ।

NO COMMENTS