ਖੇਤੀਬਾੜੀ ਵਿਭਾਗ ਤੇ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਟੀਮ ਨੇ ਕੀਤਾ ਨਰਮੇ ਦੇ ਖੇਤਾਂ ਦਾ ਦੌਰਾ

0
81

ਮਾਨਸਾ, 08 ਸਤੰਬਰ(ਸਾਰਾ ਯਹਾ, ਹੀਰਾ ਸਿੰਘ ਮਿੱਤਲ) : ਖੇਤੀਬਾੜੀ ਵਿਭਾਗ ਮਾਨਸਾ ਅਤੇ ਕ੍ਰਿਸੀ ਵਿਗਿਆਨ ਕੇਂਦਰ ਮਾਨਸਾ ਦੀ ਸਾਂਝੀ ਟੀਮ ਨੇ ਬਲਾਕ ਝੁਨੀਰ ਦੇ ਪਿੰਡ ਸਾਹਨੇਵਾਲਾ, ਉਲਕ, ਬੁਰਜ, ਜ਼ੋੜਕੀਆ ਅਤੇ ਮੀਆਂ ਦੇ ਨਰਮੇ ਦੇ ਖੇਤਾਂ ਦਾ ਦੌਰਾ ਕਰਕੇ ਨਰਮਾ ਉਤਪਾਦਕ ਕਿਸਾਨਾਂ ਨੂੰ ਫੁੱਲਾਂ ਅਤੇ ਟੀਡਿਆਂ ਨਾਲ ਲੱਦੀ ਨਰਮੇ ਦੀ ਫਸਲ ਦੀ ਸੁਚੱਜੀ ਸਾਂਭ-ਸੰਭਾਲ ਸਬੰਧੀ ਤਕਨੀਕੀ ਜਾਣਕਾਰੀ ਦਿੱਤੀ।
ਇਸ ਮੌਕੇ ਖੇਤੀਬਾੜੀ ਅਫਸਰ ਡਾ. ਸੁਰੇਸ ਕੁਮਾਰ, ਸਹਾਇਕ ਵਿਗਿਆਨੀ ਡਾ. ਗੁਰਦੀਪ ਸਿੰਘ ਅਤੇ ਖੇਤੀਬਾੜੀ ਵਿਕਾਸ ਅਫਸਰ ਸ੍ਰੀ ਹਰਵਿੰਦਰ ਸਿੰਘ ਦੀ ਟੀਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਲਕੀਆ ਤੇ ਰੇਤਲੀਆਂ ਜ਼ਮੀਨਾਂ, ਜਿੰਨ੍ਹਾਂ ਵਿੱਚ ਬਾਰਿਸ਼ ਦਾ ਪਾਣੀ ਖੜ੍ਹਦਾ ਹੈ, ਉਸ ਨਰਮੇ ਵਿੱਚ ਪੱਤੇ ਪੀਲੇ, ਭੂਰੇ ਜਾਂ ਸੁਕਣ ਦੀ ਹਾਲਤ ਵਿੱਚ 1 ਕਿਲੋਗ੍ਰਾਮ ਮੈਗਨੀਸੀਅਮ ਸਲਫੇਟ ਪ੍ਰਤੀ ਏਕੜ ਦੀਆਂ 2 ਸਪਰੇਆਂ 8-10 ਦਿਨਾਂ ਦੇ ਅੰਤਰ ‘ਤੇ ਜਰੂਰੀ ਹਨ।
ਉਨ੍ਹਾਂ ਦੱਸਿਆ ਕਿ ਬਾਰਿਸ ਵਾਲੇ, ਬੱਦਲ ਵਾਈ ਦੇ ਸਿੱਲੇ ਮੌਸਮ ਵਿੱਚ ਨਰਮੇ ਦੇ ਬੂਟਿਆਂ ਦੇ ਸੁੱਕ ਕੇ ਸਾੜ ਪੈਣ ਤੋਂ ਰੋਕਣ ਲਈ 200 ਮਿਲੀਲੀਟਰ ਐਮੀਸਟਾਰ ਟੌਪ 200 ਲਿਟਰ ਪਾਣੀ ਵਿੱਚ ਘੋਲਕੇ ਪ੍ਰਤੀ ਏਕੜ ਛਿੜਕਾਅ ਕਰਨਾ ਚਾਹੀਦਾ ਹੈ।ਖੇਤੀ ਮਾਹਿਰਾਂ ਦੀ ਟੀਮ ਨੇ ਹਰੇਕ ਨਰਮਾ ਉਤਪਾਦਕ ਕਿਸਾਨਾਂ ਨੂੰ ਫੁੱਲਾਂ ‘ਤੇ ਆਈ ਫਸਲ ਉਪਰ ਹਫਤੇ ਦੇ ਅੰਤਰ ‘ਤੇ 2 ਕਿਲੋਗ੍ਰਾਮ ਪੋਟਾਸੀਅਮ ਨਾਈਟਰੇਟ (13:0:45) ਪ੍ਰਤੀ ਏਕੜ ਦੀਆਂ ਚਾਰ ਸਪਰੇਆਂ ਕਰਨ ਦੀ ਜਰੂਰਤ ‘ਤੇ ਜੋਰ ਦਿੱਤਾ।
ਉਨ੍ਹਾਂ ਕਿਹਾ ਕਿ ਰੇਤਲੀਆਂ-ਹਲਕੀਆਂ ਜਮੀਨਾਂ ਵਿੱਚ ਜਿਨ੍ਹਾਂ ਕਿਸਾਨਾਂ ਨੇ ਫੁੱਲਾਂ ਤੋਂ ਪਹਿਲਾਂ ਯੂਰੀਆਂ ਦੀ ਖੁਰਾਕ ਸਿਫਾਰਸ ਨਾਲੋਂ ਘੱਟ ਪਾਈ ਹੈ, ਉਨ੍ਹਾਂ ਖੇਤਾਂ ਵਿੱਚ ਜ਼ਮੀਨੀ ਤੱਤਾਂ ਦੀ ਘਾਟ ਅਤੇ ਬਾਰਿਸ਼ ਤੇ ਸਿੱਲੇ ਮੌਸਮ ਕਾਰਣ ਕਿਸੇ-ਕਿਸੇ ਖੇਤ ਵਿੱਚ ਬੂਟਿਆਂ ਦੇ ਪੱਤੇ ਸੁੱਕ ਕੇ ਭੂਰੇ ਰੰਗ ਦੇ ਹੋਏ ਹਨ ਅਤੇ ਬਲਾਈਟ ਵਰਗੇ ਸਾੜ ਦੀ ਹਾਲਤ ਨਜ਼ਰ ਆ ਰਹੀ ਹੈ, ਉਥੇ ਉਪਰੋਕਤ ਅਨੁਸਾਰ ਦੱਸੀ ਐਮੀਸਟਾਰ ਟੌਪ ਉੱਲੀਨਾਸ਼ਕ ਦਵਾਈ, ਪੋਟਾਸ਼ੀਅਮ ਨਾਈਟ੍ਰੇਟ (13:0:45) ਅਤੇ ਮੈਗਨੀਸੀਅਮ ਸਲਫੇਟ ਖਾਦ ਦੀ 3-4 ਦਿਨਾਂ ਦੇ ਵਕਫੇ ਤੇ ਸਪਰੇਹਾਂ ਜਰੂਰੀ ਹਨ ਤਾਂ ਜੋ ਸਾੜ ਅਗਾਹ ਨਾ ਫੈਲ ਸਕੇ ਅਤੇ ਬੂਟਿਆਂ ਦੀ ਦਿੱਖ ਚੰਗੀ ਸਿਹਤਮੰਦ ਬਣਦੀ ਰਹੇ।
 ਇਸ ਮੌਕੇ ਵੱਖ ਵੱਖ ਪਿੰਡਾਂ ਦੇ ਹੋਰਨਾਂ ਤੋਂ ਇਲਾਵਾ ਕਿਸਾਨ ਸ੍ਰੀ ਗੁਰਮੇਲ ਸਿੰਘ ਸਾਹਨੇਵਾਲਾ, ਅਮਰੀਕ ਸਿੰਘ, ਬਲਵਿੰਦਰ ਸਿੰਘ, ਸੁਖਦੇਵ ਸਿੰਘ ਬੁਰਜ, ਜਸਵੀਰ ਸਿੰਘ ਉਲਕ, ਮਨਰੂਪ ਸਿੰਘ, ਅੰਗਰੇਜ ਸਿੰਘ ਮੀਆਂ , ਹਰਜੀਵਨ ਸਿੰਘ ਜੋੜਕੀਆਂ ਆਦਿ ਸ਼ਾਮਲ ਸਨ।

NO COMMENTS