*ਖੇਤੀਬਾੜੀ ਮੰਤਰੀ ਵੱਲੋਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਨਾਰੰਗਵਾਲ ਤੇ ਕੋਟਲੀ ਦਾ ਦੌਰਾ; ਪੈਡੀ ਟਰਾਂਸਪਲਾਂਟਰਜ਼ ਰਾਹੀਂ ਝੋਨਾ ਲਗਾਉਣ ਦੀ ਵਿਧੀ ਦੀ ਕੀਤੀ ਸਮੀਖਿਆ*

0
6

ਚੰਡੀਗੜ੍ਹ/ ਲੁਧਿਆਣਾ, 1 ਜੁਲਾਈ (ਸਾਰਾ ਯਹਾਂ/ਬੀਰਬਲ ਧਾਲੀਵਾਲ):
ਮੁੱਖ ਮੰਤਰੀ ਸ. ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਿਸਾਨ ਵੀਰਾਂ ਨੂੰ ਘੱਟ ਖਰਚੇ ‘ਤੇ ਵਧੇਰੇ ਉਤਪਾਦਨ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ  ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਵੱਲੋਂ ਅੱਜ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਨਾਰੰਗਵਾਲ ਤੇ ਕੋਟਲੀ ਦਾ ਦੌਰਾ ਕੀਤਾ ਗਿਆ ਜਿੱਥੇ ਉਨ੍ਹਾਂ ਪੈਡੀ ਟਰਾਂਸਪਲਾਂਟਰ ਰਾਹੀਂ ਝੋਨਾ ਲਗਾਉਣ ਦੀ ਵਿਧੀ ਦੀ ਸਮੀਖਿਆ ਕੀਤੀ ਗਈ।

ਇਸ ਮੌਕੇ ਉਨ੍ਹਾਂ ਨਾਲ ਹਲਕਾ ਦਾਖਾ ਦੇ ਇੰਚਾਰਜ ਡਾਕਟਰ ਕੇ.ਐਨ.ਐਸ. ਕੰਗ, ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਸ. ਗੁਰਵਿੰਦਰ ਸਿੰਘ, ਸੰਯੁਕਤ ਡਾਇਰੈਕਟਰ ਖੇਤੀਬਾੜੀ ਇੰਜਨੀਅਰਿੰਗ ਜਗਦੀਸ਼ ਸਿੰਘ, ਮੁੱਖ ਖੇਤੀਬਾੜੀ ਅਫਸਰ ਲੁਧਿਆਣਾ ਡਾ. ਨਰਿੰਦਰ ਸਿੰਘ ਬੈਨੀਪਾਲ, ਸਹਾਇਕ ਖੇਤੀਬਾੜੀ ਇੰਜਨੀਅਰਿੰਗ ਸ. ਅਮਨਪ੍ਰੀਤ ਸਿੰਘ ਘਈ ਅਤੇ ਆਸ ਪਾਸ ਪਿੰਡਾਂ ਦੇ ਮੋਹਤਬਰ ਸੱਜਣ ਪੰਚ-ਸਰਪੰਚ ਵੀ ਮੌਜ਼ੂਦ ਰਹੇ।

ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਵੱਲੋਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਹਰ ਸੰਭਵ ਯਤਨ ਕਰ ਰਹੇ ਹਨ ਅਤੇ ਭਵਿੱਖ ਵਿੱਚ ਵੀ ਕਰਦੇ ਰਹਿਣਗੇ ਅਤੇ ਕਿਸਾਨ ਕਿਸੇ ਟਾਈਮ ਵੀ ਉਹਨਾਂ ਨਾਲ ਸੰਪਰਕ ਕਰ ਸਕਦੇ ਹਨ।

ਉਨ੍ਹਾਂ ਅਗਾਂਹਵਧੂ ਕਿਸਾਨ ਤਪਿੰਦਰ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨੌਜਵਾਨ ਕਿਸਾਨ ਵੱਲੋਂ ਪਿਛਲੇ 5 ਸਾਲਾਂ ਤੋਂ ਪੈਡੀ ਟ੍ਰਾਂਸਪਲਾਂਟਰ ਰਾਹੀਂ ਝੋਨੇ ਦੀ ਬਿਜਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਵਿਧੀ ਰਾਹੀਂ ਕਿਸਾਨ ਵਲੋਂ ਜਿੱਥੇ ਲੇਬਰ ਦਾ ਖਰਚਾ ਬਚਾਇਆ ਜਾ ਰਿਹਾ ਹੈ ਉੱਥੇ ਹੀ ਢਾਈ ਤੋਂ ਤਿੰਨ ਕੁਇੰਟਲ ਪ੍ਰਤੀ ਏਕੜ ਵੱਧ ਝਾੜ ਦਾ ਲਾਭ ਵੀ ਲਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਅਗਾਂਹਵਧੂ ਕਿਸਾਨ ਵਲੋਂ ਹੋਰਨਾਂ ਕਿਸਾਨ ਵੀਰਾਂ ਨੂੰ ਵੀ ਪਨੀਰੀ ਦਿੱਤੀ ਜਾ ਰਹੀ ਹੈ ਅਤੇ ਇਸ ਵਿਧੀ ਨੂੰ ਅਪਣਾਉਣ ਵਿੱਚ ਸਹਿਯੋਗ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਕਿਸਾਨ ਵਲੋਂ ਹੋਰਨਾਂ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ ਖੂੰਹਦ ਨੂੰ ਸਾੜਨ ਤੋਂ ਗੁਰੇਜ਼ ਕਰਨ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ।

ਇਸ ਤੋਂ ਬਾਅਦ ਉਨ੍ਹਾਂ ਆਲੀਵਾਲ ਨੇੜਲੇ ਪਿੰਡ ਕੋਟਲੀ ਵਿਖੇ ਗੁਰਬੰਤ ਸਿੰਘ ਬੌਬੀ ਦੇ ਖੇਤ ਵਿੱਚ ਪੁੱਜੇ ਜਿਥੇ ਉਨ੍ਹਾਂ ਨੇ ਝੋਨੇ ਦੇ ਆਟੋਮੈਟਿਕ ਨਰਸਰੀ ਸੀਡਰ ਦੁਆਰਾ ਪਨੀਰੀ ਟਰੇਆਂ ਵਿੱਚ ਬੀਜਣ ਵਾਲੀ ਮਸ਼ੀਨ ਦੇਖੀ ਅਤੇ ਕੁਬੋਟਾ(Kubota) ਕੰਪਨੀ ਦੀ ਪੈਡੀ ਟਰਾਂਸਪਲਾਂਟਰ ਮਸ਼ੀਨ ਨਾਲ ਹੁੰਦੀ ਬਿਜਾਈ ਦਾ ਨਿਰੀਖਣ ਕੀਤਾ।

ਉਨ੍ਹਾਂ ਦੱਸਿਆ ਕਿ ਆਟੋਮੈਟਿਕ ਟਰਾਂਸਪਲਾਂਟ ਦੀਆਂ ਕੁਬੋਟਾ ਕੰਪਨੀ ਵੱਲੋਂ ਦੋ ਮਸ਼ੀਨਾਂ ਲੁਧਿਆਣਾ ਜ਼ਿਲ੍ਹੇ ਵਿਖੇ ਸਪਲਾਈ ਕੀਤੀਆਂ ਹਨ ਜਿਸ ਨਾਲ ਝੋਨੇ ਦੀ ਲਵਾਈ ਬਹੁਤ ਸੁਖਾਲੀ ਹੋ ਜਾਂਦੀ ਹੈ, ਇਹ ਮਸ਼ੀਨ ਮਿੱਟੀ ਅਤੇ ਝੋਨੇ ਦੇ ਬੀਜ ਨੂੰ ਇਕਸਾਰ ਟਰੇਅ ਵਿੱਚ ਲਗਾਉਂਦੀ ਹੈ। ਉਨ੍ਹਾਂ ਕਿਸਾਨਾਂ ਨੂੰ ਦੱਸਿਆ ਕਿ ਇਸ ਮਸ਼ੀਨ ਨਾਲ ਬਿਜਾਈ ਕਰਨ ਨਾਲ ਪਾਣੀ ਦੀ ਬੱਚਤ ਹੁੰਦੀ ਹੈ ਅਤੇ ਝੋਨੇ ਦਾ ਝਾੜ ਵੀ ਵਧਦਾ ਹੈ ਅਤੇ ਲੇਬਰ ਦੀ ਸਮੱਸਿਆ ਦਾ ਵੀ ਹੱਲ ਹੁੰਦਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਿੰਡ-ਪਿੰਡ ਜਾ ਕੇ ਕਿਸਾਨਾਂ ਨਾਲ ਰਾਬਤਾ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਦਾ ਤੁਰੰਤ ਨਿਪਟਾਰਾ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਮੁੱੱਖ ਮੰਤਰੀ ਵਲੋਂ ਲਿਆਂਦੀ ਜਾ ਰਹੀ ਨਵੀਂ ਖੇਤੀਬਾੜੀ ਨੀਤੀ ਬਾਰੇ ਕਿਹਾ ਕਿ ਇਸ ਨੀਤੀ ਵਿੱਚ ਵਿਗਿਆਨੀਆਂ, ਮਾਹਿਰਾਂ ਤੋਂ ਇਲਾਵਾ ਕਿਸਾਨ ਭਰਾਵਾਂ ਦੇ ਤਜ਼ਰਬੇ ਦਾ ਵੀ ਸਹਿਯੋਗ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਖੇਤੀਬਾੜੀ ਲਈ ਸਮੇਂ ਸਿਰ ਪਾਣੀ, ਖੇਤੀਬਾੜੀ ਮਸ਼ੀਨਰੀ ‘ਤੇ ਸਬਸਿਡੀ ਤੋਂ ਇਲਾਵਾ ਹਰ ਸੰਭਵ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।

ਕਿਸਾਨ ਵੀਰਾਂ ਵਲੋਂ ਵੀ ਇੱਕ ਸੁਰ ਵਿੱਚ ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਮੁਕੰਮਲ ਬਿਜਲੀ, ਪਾਣੀ, ਖੇਤੀ ਮਸ਼ੀਨਰੀ ‘ਤੇ ਸਬਸਿਡੀ, ਖਾਦ, ਬੀਜ ਆਦਿ ਸਮੇਂ ਸਿਰ ਉਪਲੱਬਧ ਕਰਵਾਏ ਜਾ ਰਹੇ ਹਨ।

NO COMMENTS