ਖੁਸ਼ਨੁਮਾ ਜ਼ਿੰਦਗੀ ਜਿੳੂਣ ਦੀ ਕਲਾ

0
265
ਜ਼ਿੰਦਗੀ ਬਹੁਤ  ਹੀ ਕਠਿਨਾਈਆਂ ਅਤੇ ਉਤਰਾਅ ਚੜ੍ਹਾਅ ਨਾਲ ਭਰਪੂਰ ਹੁੰਦੀ ਹੈ। ਜ਼ਿੰਦਗੀ ਵਿਚ ਜੇਕਰ ਖੁਸ਼ੀਆਂ ਹਨ ਤਾਂ ਦੁੱਖ ਵੀ ਹਨ।ਜਿੱਤ ਹੈ ਤਾਂ ਹਾਰ ਵੀ ਹੈ। ਆਸ਼ਾ ਹੈ ਤਾਂ ਨਿਰਾਸ਼ਾ ਵੀ ਹੈ। ਨਫ਼ਾ ਹੈ ਤਾਂ ਨੁਕਸਾਨ ਵੀ ਹੈ।ਇਹ ਸਾਰੀਆਂ ਚੀਜ਼ਾਂ ਇੱਕ ਦੂਜੇ ਦੇ ਪੂਰਕ ਹਨ। ਇਹਨਾਂ ਵਿੱਚ ਸੰਤੁਲਨ ਬਣਾ ਕੇ ਹੀ ਜ਼ਿੰਦਗੀ ਜਿੳੂਣ ਦਾ ਲੁਤਫ਼ ਲਿਆ ਜਾ ਸਕਦਾ ਹੈ। ਜ਼ਿੰਦਗੀ ਸਾਨੂੰ ਖ਼ੁਸ਼ ਹੋਣ ਦੇ ਬੇਅੰਤ ਮੌਕੇ ਦਿੰਦੀ। ਖੁਸ਼ੀ ਦਾ ਇੱਕ ਮੌਕਾ ਹੱਥੋਂ ਨਿਕਲਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਅਜਿਹਾ ਮੌਕਾ ਦੋਬਾਰਾ ਨਹੀਂ ਮਿਲੇਗਾ।ਅਸਲ ਵਿੱਚ ਅਸੀਂ ਖ਼ੁਦ ਹੀ ਮੰਨ ਲੈਂਦੇ ਹਾਂ ਕਿ ਇਸਤੋਂ ਬੇਹਤਰ ਸਾਡੇ ਲਈ ਕੁਝ ਵੀ ਨਹੀਂ ਸੀ। ਆਖਿਰ ਨੂੰ ਇਹ ਸੱਚ ਵੀ ਹੋ ਜਾਂਦਾ ਹੈ।ਇਸ ਤਰਾਂ ਆਉਣ ਵਾਲੇ ਸੁਨਹਿਰੀ ਮੌਕਿਆਂ ਨੂੰ ਅਸੀਂ ਖ਼ੁਦ ਹੀ ਠੁਕਰਾ ਦਿੰਦੇ ਹਾਂ।ਚੰਗੀ ਜ਼ਿੰਦਗੀ ਜਿਉਣ ਦੇ ਬਹੁਤ ਸਾਰੇ ਛੋਟੇ ਛੋਟੇ ਤਰੀਕੇ ਹਨ ਜਿਨ੍ਹਾਂ ਨਾਲ ਅਸੀਂ ਖੁਸ਼ਨੁਮਾ ਜ਼ਿੰਦਗੀ ਬਤੀਤ ਕਰ ਸਕਦੇ ਹਾਂ।ਦੁਨੀਆਂ ਦੀ ਪ੍ਰਵਾਹ ਨਾ ਕਰੋ ਆਪਣੇ ਹਿਸਾਬ ਨਾਲ ਜ਼ਿੰਦਗੀ ਜੀਓ।ਇਹ ਨਾਂ ਸੋਚੋ ਕਿ ਲੋਕ ਸਾਡੇ ਬਾਰੇ ਕੀ ਸੋਚਦੇ ਹਨ।ਜੋ ਦਿਲ ਕਰਦਾ ਹੈ ਖਾਓ ਜੋ ਦਿਲ ਕਰਦਾ ਹੈ ਪਹਿਨੋ।ਜੋ ਦਿਲ ਕਰਦਾ ਹੈ ਉਹ ਕਰੋ ਕਿਸੇ ਹੋਰ ਨੂੰ ਖੁਸ਼ ਕਰਨ ਲਈ ਨਹੀਂ ਆਪਣੇ ਆਪ ਨੂੰ ਖੁਸ਼ ਕਰਨ ਲਈ। ਪਹਿਲਾਂ ਹੱਕ ਤੁਹਾਡਾ ਬਣਦਾ ਹੈ ਕਿ ਤੁਸੀਂ ਖੁਦ ਖੁਸ਼ ਰਹੋ। ਹਾਂ ਕਿਸੇ ਨੂੰ ਦੁਖੀ ਕਰਕੇ ਖੁਸ਼ ਹੋਣਾ ਇਹ ਗਲਤ ਹੈ। ਜੇਕਰ ਤੁਹਾਡਾ ਆਪਣਾ ਆਪ ਖੁਸ਼ ਨਹੀਂ ਹੈ ਤਾਂ ਤੁਸੀਂ ਦੂਸਰਿਆਂ ਨੂੰ ਕਿਵੇਂ ਖੁਸ਼ ਰੱਖ ਸਕਦੇ ਹੋ। ਅਪਣੇ ਆਪ ਨੂੰ ਪਿਆਰ ਕਰੋ। ਦੂਸਰਿਆਂ ਦੇ ਹਿਸਾਬ ਨਾਲ ਜ਼ਿੰਦਗੀ ਜਿਊਣ ਦੀ ਕੋਸ਼ਿਸ਼ ਨਾਂ ਕਰੋ ।ਤਹਾਨੂੰ ਕੋਈ ਖੁਸ਼ ਨਹੀਂ ਰੱਖ ਸਕਦਾ ਜਿੰਨਾ ਤੁਸੀਂ ਅਪਣੇ ਆਪ ਖੁਦ ਨੂੰ ਰੱਖ ਸਕਦੇ ਹੋ। ਹਮੇਸ਼ਾ ਪੈਸਿਆਂ ਲਈ ਕੰਮ ਨਾਂ ਕਰੋ। ਅਪਣੇ ਆਪ ਨੂੰ ਪੈਸਿਆਂ ਕਮਾਉਣ ਲੲੀ ਮਸ਼ੀਨ ਨਾਂ ਬਣਾਓ। ਹਮੇਸ਼ਾ ਕੁਝ ਨਾ ਕੁਝ ਨਵਾਂ ਸਿੱਖਦੇ ਰਹੋ। ਜੇਕਰ ਤੁਸੀਂ ਆਪਣੇ ਆਪ ਨੂੰ ਸੰਪੂਰਨ ਸਮਝਣ ਲੱਗ ਪਏ ਤਾਂ ਸਿੱਖਣ ਦੇ ਸਾਰੇ ਅਵਸਰ ਗਵਾ ਦੇਵੋਗੇ। ਬਹੁਤ ਜ਼ਿਆਦਾ ਪੜਿਆ ਲਿਖਿਆ ਵਿਅਕਤੀ ਵੀ ਕਿਸੇ ਅਨਪੜ,ਬੱਚੇ ਜਾਂ ਬਜ਼ੁਰਗਾਂ ਤੋਂ ਬਹੁਤ ਕੁਝ ਸਿੱਖ ਸਕਦਾ ਹੈ।ਸਿੱਖਣ ਦੀ ਕੋੲੀ ਉਮਰ ਜਾਂ ਸੀਮਾ ਨਹੀਂ ਹੁੰਦੀ।
ਕਿਤਾਬਾਂ ਮੈਗਜ਼ੀਨ ਅਖ਼ਬਾਰ ਪੜ੍ਹਨ ਦੀ ਆਦਤ ਬਣਾਓ।ਹੋ ਸਕੇ ਤਾਂ ਦੂਸਰਿਆਂ ਦੀ ਗਲਤੀਆਂ ਨੂੰ ਮਾਫ ਕਰ ਦਿਓ। ਜੇਕਰ ਕੋਈ ਫਿਰ ਵੀ ਜਾਣਬੁੱਝ ਕੇ ਤੁਹਾਡਾ ਗਲਤ ਕਰਦਾ ਹੈ ਤਾਂ ਉਸ ਨਾਲ ਉਲਝਣ ਦੀ ਬਜਾਏ ਉਸਤੋਂ ਕਿਨਾਰਾ ਕਰ ਲਵੋ। ਜੇਕਰ ਤੁਸੀਂ ਗਲਤ ਹੋ ਤਾਂ ਗਲਤੀਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ। ਜ਼ਿੰਦਗੀ ਬਹੁਤ ਆਸਾਨ ਹੁੰਦੀ ਹੈ ਜਦੋਂ ਲੋਕਾਂ ਦੀਆਂ ਬੁਰਾਈਆਂ ਦੇਖਣ ਦੀ ਬਜਾਏ ਚੰਗਿਆਈਆਂ ਵੇਖਦੇ ਹੋ।ਜੋ ਤੁਹਾਡੇ ਕੋਲ ਹੈ ਉਸ ਵਿੱਚ ਹੀ ਖੁਸ਼ ਰਹਿਣਾ ਸਿੱਖੋ। ਅਪਣੀਆਂ ਕਮਜ਼ੋਰੀਆਂ ਦੂਰ ਕਰਨ ਦੀ ਕੋਸ਼ਿਸ਼ ਕਰੋ। ਕੋਈ ਵੀ ਤੁਹਾਡੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰ ਸਕਦਾ ਤੁਸੀਂ ਖੁਦ ਹੀ ਅਪਣੀਆਂ ਸਮੱਸਿਆਵਾਂ ਦਾ ਹੱਲ ਬੇਹਤਰੀਨ ਤਰੀਕੇ ਨਾਲ਼ ਕਰ ਸਕਦੇ ਹੋ।ਅਪਣੇ ਅਤੀਤ ਅਤੇ ਭਵਿੱਖ ਬਾਰੇ ਜ਼ਿਆਦਾ ਨਾਂ ਸੋਚੋ ਵਰਤਮਾਨ ਵਿੱਚ ਜੀਓ।ਇਮਾਨਦਾਰ ਬਣੋ। ਕੁਦਰਤ ਨਾਲ ਪੰਛੀਆਂ ਨਾਲ ਪਿਆਰ ਕਰੋ। ਕਦੇ ਕਦੇ ਸਭ ਕੁਝ ਭੁੱਲ ਕੇ ਬੱਚਿਆਂ ਵਰਗੇ ਬਣਕੇ ਜਿਉਂ ਕੇ ਦੇਖੋ। ਬਜ਼ੁਰਗਾਂ ਕੋਲ ਬੈਠੋ ਉਹਨਾਂ ਤੋਂ ਉਹਨਾਂ ਦੇ ਤਜਰਬਿਆਂ ਬਾਰੇ ਜਾਣਕਾਰੀ ਲਵੋ। ਕਿਉਂਕਿ ਉਹਨਾਂ ਦੀ ਜ਼ਿੰਦਗੀ ਤਜਰਬਿਆਂ ਭਰਪੂਰ ਹੁੰਦੀ ਹੈ।ਛੋਟੇ ਛੋਟੇ ਉਹ ਕੰਮ ਕਰੋ ਜਿਸ ਨਾਲ ਤਹਾਨੂੰ ਖੁਸ਼ੀ ਮਿਲਦੀ ਹੈ।ਪੈਸਾ ਖੁਸ਼ਨੁਮਾ ਜ਼ਿੰਦਗੀ ਬਤੀਤ ਕਰ ਕਰਨ ਦਾ ਸਾਧਨ ਨਹੀਂ ਹੈ। ਹਜ਼ਾਰਾਂ ਉਹ ਲੋਕ ਹਨ ਜਿੰਨ੍ਹਾਂ ਕੋਲ ਪੈਸਾ ਬਹੁਤ ਹੈ ਲੇਕਿਨ ਖੁਸ਼ੀਆਂ ਭਰੀ ਜ਼ਿੰਦਗੀ ਨਹੀਂ। ਕਦੇ ਵੀ ਅਪਣੇ ਪੈਸੇ ਰੁਤਬੇ ਦਾ ਗੁਮਾਨ ਨਾ ਕਰੋ ਹਜ਼ਾਰਾਂ ਲੋਕ ਮਿੱਟੀ ਵਿੱਚ ਦਫਨ ਹੋ ਗਏ ਜੋ ਸੋਚਦੇ ਸਨ ਕਿ ਸਾਡੇ ਬਿਨਾਂ ਦੁਨੀਆਂ ਚੱਲ ਹੀ ਨਹੀਂ ਸਕਦੀ।ਇਸ ਲਈ ਹੰਕਾਰੀ ਨਾਂ ਬਣੋ ਕਦੇ ਕਦੇ ਹਾਲਾਤ ਅਜਿਹੇ ਬਣ ਜਾਂਦੇ ਹਨ ਜੱਜਾਂ ਨੂੰ ਵੀ ਵਕੀਲ ਕਰਨੇ ਪੈ ਜਾਂਦੇ ਨੇ।ਜਦੋਂ ਤੁਸੀਂ ਦੁਕਾਨ ਜਾਂ ਨੌਕਰੀ ਤੇ ਜਾਂਦੇ ਹੋ ਤਾਂ ਅਪਣੀਆਂ ਘਰੇਲੂ ਸਮੱਸਿਆਵਾਂ ਨੂੰ ਘਰ ਹੀ ਛੱਡ ਜਾਓ ਉਹਨਾਂ ਨੂੰ ਅਪਣੇ ਕੰਮ ਵਾਲੇ ਸਥਾਨ ਤੇ ਨਾਂ ਲੈ ਕੇ ਜਾਓ। ਜਦੋਂ ਘਰ ਆਓ ਤਾਂ ਅਪਣੀ ਦੁਕਾਨਦਾਰੀ ਨੌਕਰੀ ਘਰ ਨਾਂ ਲੈ ਕੇ ਆਓ। ਘਰ ਸਿਰਫ ਪਤੀ,ਪਿਤਾ,ਪੁੱਤਰ,ਪਤਨੀ,ਪੁੱਤਰੀ, ਮਾਂ ਜਾਂ ਨੂੰਹ ਹੀ ਘਰ ਆਵੇ ਨਾਂ ਕਿ ਉਹਨਾਂ ਦੀ ਦੁਕਾਨਦਾਰੀ ਜਾਂ ਨੌਕਰੀ। ਜਦੋਂ ਅਸੀਂ ਅਪਣੇ ਕੰਮ,ਨੌਕਰੀ ਅਤੇ ਘਰ ਵਿੱਚ ਤਾਲਮੇਲ ਬੈਠਾ ਲੈਂਦੇ ਹਾਂ ਤਾਂ ਫਿਰ ਸਾਡੀ ਜ਼ਿੰਦਗੀ ਖੁਸ਼ਨੁਮਾ ਹੋ ਜਾਂਦੀ ਹੈ।ਕਿਸੇ ਤੋਂ ਡਰੋ ਨਾ। ਇਨਸਾਨ ਤੋਂ ਤਾਕਤਵਰ ਕੋਈ ਨਹੀਂ ਹੈ ਇਸ ਧਰਤੀ ਤੇ।ਬੁਰਾ ਕੰਮ ਕਰੋ ਨਾਂ। ਹਮੇਸ਼ਾ ਸਚਾਈ ਦੀ ਰਾਹ ਤੇ ਚੱਲਣ ਦੀ ਕੋਸ਼ਿਸ਼ ਕਰੋ। ਹਾਂ ਜੇਕਰ ਤੁਹਾਡੇ ਸੱਚ ਬੋਲਣ ਨਾਲ ਕਿਸੇ ਦਾ ਬੁਰਾ ਜਾਂ ਨੁਕਸਾਨ ਹੁੰਦਾ ਹੈ ਤਾਂ ਅਜਿਹਾ ਸੱਚ ਬੋਲਣ ਤੋਂ ਗ਼ੁਰੇਜ਼ ਕਰੋ।ਹਰ ਵੇਲੇ ਮਰੂੰ ਮਰੂੰ ਨਾਂ ਕਰੋ।ਛੋਟੀ ਤੋਂ ਛੋਟੀ ਖੁਸ਼ੀ ਦਾ ਵੀ ਆਨੰਦ ਮਾਣੋ। ਕਿਉਂਕਿ ਇੱਕ ਦਿਨ ਪਿੱਛੇ ਮੁੜ ਕੇ ਦੇਖੋਂਗੇ ਤਾਂ ਤਹਾਨੂੰ ਅਹਿਸਾਸ ਹੋਵੇਗਾ ਕਿ ਇਹ ਖੁਸ਼ੀਆਂ ਕਿੰਨੀਆਂ ਵੱਡੀਆਂ ਸਨ।ਛੋਟੀਆਂ ਛੋਟੀਆਂ ਗੱਲਾਂ ਦਾ ਖਿਆਲ ਰੱਖ ਕੇ ਅਸੀਂ  ਅਪਣੇ ਪਰਿਵਾਰ ਨਾਲ ਖੁਸ਼ਨੁਮਾ ਜ਼ਿੰਦਗੀ ਬਤੀਤ ਕਰ ਸਕਦੇ ਹਾਂ।ਜ਼ਿੰਦਗੀ ਹੰਸੀ ਖੁਸ਼ੀ ਜਿਉਣ ਦੀ ਕੋਸ਼ਿਸ਼ ਕਰੋ। ਜਿੰਦਗੀ ਬਹੁਤ ਖੂਬਸੂਰਤ ਹੈ ਬੱਸ ਉਸਨੂੰ ਦੇਖਣ ਦਾ ਨਜ਼ਰੀਆ ਬਦਲਣ ਦੀ ਲੋੜ ਹੈ।
ਰਜਿੰਦਰ ਸਿੰਘ ਝੁਨੀਰ

NO COMMENTS