ਚੰਡੀਗੜ੍ਹ 23,ਮਈ (ਸਾਰਾ ਯਹਾਂ/ਬਿਊਰੋ ਨਿਊਜ਼) : ਦੇਸ਼ ਦੀਆਂ ਖੁਫੀਆ ਏਜੰਸੀਆਂ ਨੇ ਪੰਜਾਬ ਸਰਕਾਰ (Punjab Government) ਨੂੰ ਖਾਲਿਸਤਾਨੀ (Khalistani) ਅੱਤਵਾਦੀਆਂ (Terrorist) ਦੀਆਂ ਗਤੀਵਿਧੀਆਂ ਤੋਂ ਸੁਚੇਤ ਰਹਿਣ ਦੀ ਚਿਤਾਵਨੀ ਦਿੱਤੀ ਹੈ। ਖੁਫੀਆ ਏਜੰਸੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਪਾਕਿਸਤਾਨ ਦੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ISI) ਪੰਜਾਬ ਅਤੇ ਨਾਲ ਲੱਗਦੇ ਰਾਜਾਂ ਵਿੱਚ ਰੇਲਵੇ ਟਰੈਕਾਂ (railway Tracks) ਨੂੰ ਨਿਸ਼ਾਨਾ ਬਣਾਉਣ ਲਈ ਖਾਲਿਸਤਾਨੀ ਓਵਰ ਗਰਾਊਂਡ ਵਰਕਰ (OGW) ਜਾਂ ਸਲੀਪਰ ਸੈੱਲਾਂ ਦੀ ਵਰਤੋਂ ਕਰ ਸਕਦੀ ਹੈ। ਚੇਤਾਵਨੀ ਵਿੱਚ ਕਿਹਾ ਗਿਆ ਹੈ ਕਿ ਆਈਐਸਆਈ, ਭਾਰਤ ਨੂੰ ਗੰਭੀਰ ਨੁਕਸਾਨ ਪਹੁੰਚਾਉਣ ਦੀ ਯੋਜਨਾ ਬਣਾ ਰਹੀ ਹੈ।
ਸੂਤਰਾਂ ਦੇ ਹਵਾਲੇ ਨਾਲ ਇਕ ਮੀਡੀਆ ਰਿਪੋਰਟ ‘ਚ ਖੁਫੀਆ ਜਾਣਕਾਰੀ ਦੇ ਬਾਰੇ ‘ਚ ਦੱਸਿਆ ਗਿਆ ਹੈ ਕਿ ਆਈਐੱਸਆਈ ਰੇਲਵੇ ਟ੍ਰੈਕ ‘ਤੇ ਲੰਘਣ ਵਾਲੀਆਂ ਮਾਲ ਗੱਡੀਆਂ ਨੂੰ ਨਿਸ਼ਾਨਾ ਬਣਾਉਣ ‘ਤੇ ਵਿਚਾਰ ਕਰ ਰਹੀ ਹੈ। ਸੂਤਰਾਂ ਨੇ ਅੱਗੇ ਦੱਸਿਆ ਕਿ ਆਈਐਸਆਈ ਲਾਹੌਰ ਵਿੱਚ ਲੁਕੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੇ ਨਾਲ ਖਾਲਿਸਤਾਨ ਦੇ ਸਲੀਪਰ ਸੈੱਲ ਅਤੇ ਓਜੀਡਬਲਿਊ ਨੂੰ ਭਾਰੀ ਫੰਡਾਂ ਦੀ ਪੇਸ਼ਕਸ਼ ਕਰ ਰਹੀ ਹੈ। ਇਸ ਦੇ ਮੱਦੇਨਜ਼ਰ ਰਾਜ ਸਰਕਾਰ ਅਤੇ ਰੇਲਵੇ ਸੁਰੱਖਿਆ ਬਲਾਂ ਨੂੰ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਰੇਲ ਨੈੱਟਵਰਕ ‘ਤੇ ਨਿਗਰਾਨੀ ਵਧਾਉਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਰਾਜਾਂ ਵਿੱਚ ਭਾਰਤੀ ਰੇਲਵੇ ਦੇ ਡਵੀਜ਼ਨਲ ਦਫ਼ਤਰਾਂ ਨੂੰ ਤੁਰੰਤ ਪ੍ਰਭਾਵ ਨਾਲ ਪਟੜੀਆਂ ‘ਤੇ ਗਸ਼ਤ ਵਧਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
ਸੁਰੱਖਿਆ ਏਜੰਸੀਆਂ ਵੱਲੋਂ ਇਕੱਠੇ ਕੀਤੇ ਗਏ ਸਬੂਤ ਸਾਬਤ ਕਰਦੇ ਹਨ ਕਿ ਭਾਰਤ ਵਿਰੋਧੀ ਤੱਤ (ਏਆਈਈ) ਪੰਜਾਬ ਵਿੱਚ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜਦੋਂ ਆਈਐਸਆਈ ਨੂੰ ਜੰਮੂ-ਕਸ਼ਮੀਰ ਵਿੱਚ ਸਫ਼ਲਤਾ ਨਹੀਂ ਮਿਲੀ ਤਾਂ ਉਨ੍ਹਾਂ ਨੇ ਸਰਹੱਦੀ ਸੂਬੇ ਵਿੱਚ ਖਾੜਕੂਵਾਦ ਨੂੰ ਬਹਾਲ ਕਰਨ ਲਈ ਆਪਣਾ ਧਿਆਨ ਪੰਜਾਬ ਵੱਲ ਕੇਂਦਰਿਤ ਕੀਤਾ। ਸਿੱਖ ਅੱਤਵਾਦੀ ਸੰਗਠਨ ਸਿੱਖਸ ਫਾਰ ਜਸਟਿਸ (SFJ) ਬੱਬਰ ਖਾਲਸਾ ਅਤੇ ਹੋਰ ਇਸ ਕੰਮ ਵਿੱਚ ਕੰਮ ਕਰ ਰਹੇ ਸਨ।
ਖਾਲਿਸਤਾਨੀ ਨੈੱਟਵਰਕ ਦਾ ਵਿਸਥਾਰ!
ਵਿਦੇਸ਼ਾਂ ‘ਚ ਬੈਠੇ ਅੱਤਵਾਦੀ ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਹਥਿਆਰ ਚੁੱਕਣ ਅਤੇ ਸੂਬੇ ‘ਚ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ‘ਚ ਮਦਦ ਕਰ ਰਹੇ ਹਨ। ਖੁਫੀਆ ਜਾਣਕਾਰੀ ਮੁਤਾਬਕ ਹਰਿਆਣਾ ਦੇ ਕਰਨਾਲ ਜ਼ਿਲੇ ‘ਚੋਂ ਹਾਲ ਹੀ ‘ਚ ਚਾਰ ਸਿੱਖ ਅੱਤਵਾਦੀਆਂ ਦੀ ਗ੍ਰਿਫਤਾਰੀ ਅਤੇ ਹਥਿਆਰਾਂ ਦੀ ਬਰਾਮਦਗੀ ਤੋਂ ਪਤਾ ਚੱਲਦਾ ਹੈ ਕਿ ਖਾਲਿਸਤਾਨੀ ਅੱਤਵਾਦੀ ਆਪਣਾ ਨੈੱਟਵਰਕ ਦੂਜੇ ਸੂਬਿਆਂ ‘ਚ ਵੀ ਫੈਲਾ ਰਹੇ ਹਨ।