ਮਾਨਸਾ, 18 ਅਪ੍ਰੈਲ(ਸਾਰਾ ਯਹਾਂ/ ਮੁੱਖ ਸੰਪਾਦਕ ) : ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਆਰਥਿਕ ਤੰਗੀ ਦੌਰਾਨ ਲਏ ਹੋਏ ਕਰਜ਼ੇ ਕਾਰਨ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਮੁਆਵਜੇ ਵੱਜੋਂ ਰਾਹਤ ਦੇ ਤੌਰ ’ਤੇ 3 ਲੱਖ ਰੁਪਏ ਰਾਸ਼ੀ ਮੁਹੱਈਆ ਕਰਵਾਈ ਜਾਂਦੀ ਹੈ। ਜ਼ਿਲੇ ਅੰਦਰ ਅਜਿਹੇ ਕੇਸਾਂ ’ਤੇ ਵਿਚਾਰ ਕਰਕੇ ਸਮੇਂ ਨਾਲ ਸਰਕਾਰ ਨੂੰ ਕੇਸ ਭੇਜਣ ਲਈ ਅੱਜ ਸਥਾਨਕ ਕਾਨਫਰੰਸ ਰੂਮ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਜਸਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਮਹੀਨਾਵਾਰ ਮੀਟਿੰਗ ਹੋਈ। ਮੀਟਿੰਗ ਦੌਰਾਨ ਗਠਿਤ ਕਮੇਟੀ ਮੈਂਬਰਾਂ ਨੇ ਕਰਜ਼ੇ ਕਾਰਣ ਖੁਦਕੁਸ਼ੀ ਕਰ ਗਏ ਕਿਸਾਨ ਅਤੇ ਖੇਤ ਮਜ਼ਦੂਰਾਂ ਦੇ ਆਸ਼ਿਰਤਾਂ ਨੂੰ ਸੁਣਿਆ। ਉਨਾਂ ਕਿਹਾ ਕਿ ਵਿਚਾਰੇ ਗਏ ਕੇਸਾਂ ਨੂੰ ਪੰਜਾਬ ਸਰਕਾਰ ਕੋਲ ਭੇਜਿਆ ਜਾਵੇਗਾ ਅਤੇ ਸਰਕਾਰ ਵੱਲੋਂ ਯੋਗ ਪਾਏ ਜਾਣ ਵਾਲੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ। ਉਨਾਂ ਦੱਸਿਆ ਕਿ ਵਿਚਾਰੇ ਗਏ 70 ਕੇਸਾਂ ਵਿੱਚ ਮਾਨਸਾ ਸਬ-ਡਵੀਜ਼ਨ ਦੇ 32, ਸਰਦੂਲਗੜ ਦੇ 18 ਅਤੇ ਬੁਢਲਾਡਾ ਸਬ-ਡਵੀਜ਼ਨ ਨਾਲ ਸਬੰਧਿਤ 20 ਕੇਸ ਸ਼ਾਮਿਲ ਹਨ। ਇਸ ਮੌਕ ਵਧੀਕ ਡਿਪਟੀ ਕਮਿਸ਼ਨਰ (ਜ) ਅਜੈ ਅਰੋੜਾ, ਐਸ.ਡੀ.ਐਮ. ਬੁਢਲਾਡਾ ਕਾਲਾ ਰਾਮ ਕਾਂਸਲ, ਐਸ.ਡੀ.ਐਮ. ਸਰਦੂਲਗੜ ਮਨੀਸ਼ਾ ਰਾਣਾ, ਐਸ.ਪੀ. ਰਾਕੇਸ਼ ਕੁਮਾਰ, ਮੁੱਖ ਖੇਤੀਬਾੜੀ ਅਫ਼ਸਰ ਡਾ. ਮਨਜੀਤ ਸਿੰਘ, ਏ.ਡੀ.ਓ. ਮਾਨਸਾ ਡਾ. ਹਰਮਨਦੀਪ ਸਿੰਘ, ਡਿਪਟੀ ਪ੍ਰੋਜੈਕਟ ਡਾਇਰੈਕਟਰ ਆਤਮਾ ਡਾ. ਚਮਨਦੀਪ ਸਿੰਘ, ਡਾ. ਰੂਬੀ ਅਤੇ ਸਬੰਧਤ ਕਿਸਾਨ ਜਾਂ ਖੇਤ ਮਜ਼ਦੂਰ ਦੇ ਪਿੰਡ ਦੇ ਸਰਪੰਚ/ਐਮ.ਸੀਜ਼ ਤੋਂ ਇਲਾਵਾ ਹੋਰ ਅਧਿਕਾਰੀ ਮੌਜੂਦ ਸਨ।