*ਖਾਣ ਪੀਣ ਵਾਲੀਆਂ ਵਸਤਾਂ ਵਿਚ ਮਿਲਾਵਟਖੋਰੀ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ-ਸਿਵਲ ਸਰਜਨ*

0
60

ਮਾਨਸਾ , 24 ਅਗਸਤ (ਸਾਰਾ ਯਹਾਂ/ ਮੁੱਖ ਸੰਪਾਦਕ ) : ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਵਧੀਆ ਅਤੇ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸਿਵਲ ਸਰਜਨ ਡਾ. ਹਰਿੰਦਰ ਕੁਮਾਰ ਸ਼ਰਮਾ ਦੀ ਅਗਵਾਈ ਵਿਚ ਸ਼ਹਿਰ ਮਾਨਸਾ ਵਿਖੇ ਰੋਜ਼ਾਨਾ ਦੁੱਧ ਦੇ ਸੈਂਪਲ ਭਰੇ ਜਾ ਰਹੇ ਹਨ।  ਸਿਵਲ ਸਰਜਨ ਨੇ ਦੱਸਿਆ ਕਿ ਸ਼੍ਰੀ ਅਭਿਨਵ ਤ੍ਰਿਖਾ ਆਈ.ਏ.ਐੱਸ, ਕਮਿਸ਼ਨਰ ਫੂਡ ਸੇਫਟੀ ਅਤੇ ਡਰੱਗ ਕਮਿਸ਼ਨਰ ਪੰਜਾਬ ਦੇ ਹੁਕਮਾਂ ’ਤੇ 20 ਅਗਸਤ ਤੋਂ 26 ਅਗਸਤ 2022 ਤੱਕ ਦੁੱਧ ਦੇ ਨਮੂਨੇ ਲੈ ਕੇ ਜਾਂਚ ਕੀਤੀ ਜਾ ਰਹੀ ਹੈ।
ਸਿਵਲ ਸਰਜਨ ਨੇ ਜ਼ਿਲ੍ਹੇ ਦੀਆਂ ਸਮੂਹ ਕਰਿਆਨੇ ਦੇ ਦੁਕਾਨਾਂ, ਹਲਵਾਈ, ਦੋਧੀ, ਡੇਅਰੀਆਂ ਅਤੇ ਖਾਣ ਪੀਣ ਨਾਲ ਸਬੰਧਤ ਹੋਰ ਵਸਤਾਂ ਦੇ ਵਪਾਰੀਆਂ ਨੂੰ ਅਪੀਲ ਕੀਤੀ ਹੈ ਕਿ ਖਾਣ ਪੀਣ ਦੀਆਂ ਵਸਤਾਂ ਵਿਚ ਸ਼ੁੱਧਤਾ ਅਤੇ ਸਾਫ ਸਫਾਈ ਦਾ ਖਾਸ ਖਿਆਲ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਹਲਵਾਈਆਂ ਅਤੇ ਖਾਣ ਪੀਣ ਵਾਲੀਆਂ ਦੁਕਾਨਾਂ ’ਤੇ ਕੰਮ ਕਰਨ ਵਾਲੇ ਵਰਕਰ ਸਿਰ ’ਤੇ ਟੋਪੀ, ਮੂੰਹ ’ਤੇ ਮਾਸਕ ਅਤੇ ਹੱਥਾਂ ਵਿਚ ਦਸਤਾਨੇ ਆਦਿ ਪਹਿਨਣੇ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਲਇਸੰਸ ਅਤੇ ਰਜਿਸਟ੍ਰੇਸ਼ਨ ਦੇ ਮਾਪਦੰਡਾਂ ਦੀ ਪੂਰਨ ਤੌਰ ’ਤੇ ਪਾਲਣਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਵੱਲੋਂ ਖਾਣ ਪੀਣ ਵਾਲੀਆਂ ਵਸਤਾਂ ਵਿਚ ਕੀਤੀ ਜਾਣ ਵਾਲੀ ਕਿਸੇ ਕਿਸਮ ਦੀ ਮਿਲਾਵਟਖੋਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਜ਼ਿਲ੍ਹਾ ਸਿਹਤ ਅਫ਼ਸਰ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਦੁੱਧ ਦੇ ਸੈਂਪਲ ਲੈ ਕੇ ਲੈਬੋਰਟਰੀ ਵਿਖੇ ਜਾਂਚ ਲਈ ਭੇਜ ਦਿੱਤੇ ਗਏ ਹਨ, ਸੈਂਪਲ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਬਣਦੀ ਕਾਰਵਾਈ ਕੀਤੀ ਜਾਵੇਗੀ। ਚੈਕਿੰਗ ਟੀਮ ਵਿਚ ਸ੍ਰੀਮਤੀ ਸੀਮਾ ਰਾਣੀ ਫੂਡ ਸੇਫਟੀ ਅਫ਼ਸਰ, ਸ੍ਰੀ ਅਮਰਿੰਦਰ ਸਿੰਘ ਫੂਡ ਸੇਫਟੀ ਅਫ਼ਸਰ, ਸ੍ਰੀ ਲਕਸ਼ਵੀਰ ਸਿੰਘ ਫੂਡ ਕਲਰਕ ,ਵੇਦ ਪ੍ਰਕਾਸ਼ ਮੌਜੂਦ ਸਨ।   

NO COMMENTS