ਸੰਗਰੂਰ 2 ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ): ਕੱਚੇ ਅਧਿਆਪਕ ਯੂਨੀਅਨ ਜ਼ਿਲਾ ਇਕਾਈ ਸੰਗਰੂਰ ਦੇ ਸੱਦੇ ਤੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਅਧਿਆਪਕਾਂ ਨੇ ਰੈਗੂਲਰ ਹੋਣ ਦੀ ਮੰਗ ਲਈ ਪੰਜਾਬ ਸਰਕਾਰ ਦੀ ਅਰਥੀ ਸਾੜ ਕੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ। ਪਹਿਲਾਂ ਅਧਿਆਪਕ ਹਾਊਸਿੰਗ ਬੋਰਡ ਕਲੋਨੀ ਨੇੜੇ ਇਕੱਤਰ ਹੋਏ। ਇੱਥੇ ਇਕੱਠੇ ਹੋਏ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਕਨਵੀਨਰ ਜਸਵੰਤ ਸਿੰਘ ਪੰਨੂ, ਸੂਬਾਈ ਆਗੂ ਜੁਝਾਰ ਸਿੰਘ ਉੱਭਾਵਾਲ, ਨਿਰਮਲ ਸਿੰਘ, ਵਿਕਾਸ ਵਡੇਰਾ, ਹਰਵਿੰਦਰ ਸਿੰਘ, ਗੁਰਚਰਨ ਸੇਖੂਵਾਸ, ਕਰਮਜੀਤ ਕੌਰ, ਲਵਪ੍ਰੀਤ ਸਿੰਘ ਕੋਟੜਾ, ਬਲਵੀਰ ਸਿੰਘ, ਹਰਵਿੰਦਰ ਸਿੰਘ ਅਤੇ ਪਰਮਜੀਤ ਕੌਰ ਨੇ ਸਰਕਾਰ ਤੇ ਦੋਸ਼ ਲਾਇਆ ਕਿ ਉਹ ਚੋਣ ਮੈਨੀਫੈਸਟੋ ‘ਚ ਕੀਤੇ ਵਾਅਦੇ ਅਨੁਸਾਰ ਕੱਚੇ ਅਧਿਆਪਕਾਂ ਨੂੰ ਰੈਗੂਲਰ ਕਰਨ ਤੋਂ ਲਗਾਤਾਰ ਆਨਾਕਾਨੀ ਕਰ ਰਹੀ ਹੈ। ਅਧਿਆਪਕ ਮੁਹਾਲੀ ਵਿਖੇ ਸਿੱਖਿਆ ਭਵਨ ਅੱਗੇ 16 ਜੂਨ ਤੋਂ ਜ਼ੋਰਦਾਰ ਸੰਘਰਸ਼ ਚਲਾ ਰਹੇ ਹਨ। ਅੱਧੀ ਦਰਜਨ ਅਧਿਆਪਕ ਕੜਕਦੀ ਧੁੱਪ ਵਿੱਚ ਵਿੱਦਿਆ ਭਵਨ ਦੀ ਛੱਤ ਤੇ ਡਟ ਕੇ ਸੰਘਰਸ਼ ਕਰ ਰਹੇ ਹਨ। ਆਗੂਆਂ ਨੇ ਸਖ਼ਤ ਲਹਿਜੇ ਵਿੱਚ ਕਿਹਾ ਕਿ ਸਰਕਾਰ ਇਕ ਪਾਸੇ ਗੱਲਬਾਤ ਰਾਹੀਂ ਮਸਲੇ ਦਾ ਹੱਲ ਕਰਨ ਦਾ ਭਰੋਸਾ ਦੇ ਰਹੀ ਹੈ ਦੂਜੇ ਪਾਸੇ ਸੰਘਰਸ਼ ਨੂੰ ਸਾਬੋਤਾਜ ਕਰਨ ਲਈ ਅਧਿਆਪਕ ਵਿਰੋਧੀ ਇਸ਼ਤਿਹਾਰ ਅਖ਼ਬਾਰਾਂ ਨੂੰ ਜਾਰੀ ਕਰਕੇ ਸੰਘਰਸ਼ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਇਸ ਜਥੇਬੰਦਕ ਐਕਸ਼ਨ ਵਿੱਚ ਭਰਾਤਰੀ ਜਥੇਬੰਦੀਆਂ ਵੱਲੋਂ ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾਈ ਆਗੂ ਰਘਵੀਰ ਸਿੰਘ ਭਵਾਨੀਗੜ੍ਹ ਅਤੇ ਅਮਨ ਵਸ਼ਿਸ਼ਟ, ਗੌਰਮਿੰਟ ਟੀਚਰਜ ਯੂਨੀਅਨ ਦੇ ਆਗੂ ਦੇਵੀ ਦਿਆਲ, ਫਕੀਰ ਸਿੰਘ ਟਿੱਬਾ, ਐਲੀਮੈਂਟਰੀ ਟੀਚਰ ਯੂਨੀਅਨ ਦੇ ਅਵਤਾਰ ਸਿੰਘ ਭਲਵਾਨ, ਜੋਤਿੰਦਰ ਸਿੰਘ, ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਦੇ ਚੇਅਰਮੈਨ ਮਾਲਵਿੰਦਰ ਸਿੰਘ ਅਤੇ ਬਲਦੇਵ ਬਡਰੁੱਖਾਂ, ਡੀਟੀਐੱਫ ਦੇ ਬਲਵੀਰ ਚੰਦ ਲੌਂਗੋਵਾਲ, ਗੁਰਪ੍ਰੀਤ ਬੱਬੀ,ਐੱਸਸੀ/ਬੀਸੀ ਯੂਨੀਅਨ ਦੇ ਕ੍ਰਿਸ਼ਨ ਸਿੰਘ ਦੁੱਗਾਂ ਅਤੇ ਗੁਰਸੇਵਕ ਸਿੰਘ ਕਲੇਰ ਨੇ ਸੰਘਰਸ਼ ਦੀ ਜਿੱਤ ਤੱਕ ਸਹਿਯੋਗ ਦੇਣ ਦਾ ਵਾਅਦਾ ਕੀਤਾ।