*ਕ੍ਰੈਡਿਟ ਕਾਰਡ ਦੀ ਵਰਤੋਂ ਕਰੋ ਸਾਵਧਾਨੀ ਅਤੇ ਸਮਝਦਾਰੀ ਨਾਲ*

0
213

 ਕ੍ਰੈਡਿਟ ਕਾਰਡ ਲੈਣ ਤੋਂ ਪਹਿਲਾਂ ਇਸ ਦੇ ਫਾਇਦੇ ਅਤੇ ਨੁਕਸਾਨਾਂ ਬਾਰੇ ਪੂਰੀ ਜਾਣਕਾਰੀ ਹਾਸਲ ਕਰਨੀ ਬਹੁਤ ਜ਼ਰੂਰੀ ਹੈ )

ਅੱਜ ਦੇ ਡਿਜ਼ੀਟਲ ਯੁੱਗ ਵਿੱਚ ਜ਼ਿਆਦਾਤਰ ਲੋਕ ਕ੍ਰੈਡਿਟ ਕਾਰਡ ਲੈ ਰਹੇ ਹਨ। ਸਹੀ ਲੈਣ ਦੇਣ ਕਰਨ ਵਾਲੇ ਗਾਹਕਾਂ ਨੂੰ ਅਕਸਰ ਬੈਂਕ ਜਾਂ ਕ੍ਰੈਡਿਟ ਕਾਰਡ ਕੰਪਨੀਆਂ ਫੋਨ ਕਰਕੇ ਕ੍ਰੈਡਿਟ ਕਾਰਡ ਆਫਰ ਕਰਦੀਆਂ ਹਨ। ਪਰ ਇਸ ਨੂੰ ਲੈਣ ਤੋਂ ਪਹਿਲਾਂ ਇਸ ਦੇ ਫਾਇਦੇ ਅਤੇ ਨੁਕਸਾਨ ਬਾਰੇ ਪੂਰੀ ਜਾਣਕਾਰੀ ਲੈਣੀ ਬਹੁਤ ਜ਼ਰੂਰੀ ਹੈ। ਆਓ  ਕ੍ਰੈਡਿਟ ਕਾਰਡ ਬਾਰੇ ਕੁਝ ਅਹਿਮ ਗੱਲਾਂ ਜਾਣਦੇ ਹਾਂ।


ਕ੍ਰੈਡਿਟ ਕਾਰਡ ਕੀ ਹੁੰਦਾ ਹੈ?   

        ਕ੍ਰੈਡਿਟ ਕਾਰਡ ਕਿਸੇ ਬੈਂਕ ਜਾਂ ਕ੍ਰੈਡਿਟ ਕਾਰਡ ਕੰਪਨੀ ਵੱਲੋਂ ਜਾਰੀ ਕੀਤਾ ਇੱਕ ਲੈਣ-ਦੇਣ ਵਾਲਾ ਕਾਰਡ ਹੁੰਦਾ ਹੈ ਜੋ ਕਾਰਡ ਧਾਰਕ ਨੂੰ ਚੀਜ਼ਾਂ ਅਤੇ ਸੇਵਾਵਾਂ ਦੀ ਖਰੀਦਦਾਰੀ ਕਰਨ ਜਾਂ ਨਕਦੀ ਕਢਵਾਉਣ ਦੇ ਯੋਗ ਬਣਾਉਂਦਾ ਹੈ।  ਇਹ ਇੱਕ ਤਰ੍ਹਾਂ ਨਾਲ ਮਾਈਕ੍ਰੋ ਲੋਨ ਟੂਲ ਦੇ ਤੌਰ ‘ਤੇ ਕੰਮ ਕਰਦਾ ਹੈ ਜਿੱਥੇ ਵਿਅਕਤੀ ਇੱਕ ਖਾਸ ਸਮੇਂ ਦੇ ਅੰਦਰ ਭੁਗਤਾਨ ਕਰਨ ਦੀ ਸ਼ਰਤ ਤੇ ਇੱਕ ਨਿਯਮਤ ਹੱਦ ਤੱਕ ਰਕਮ ਦੇ ਮੁੱਲ ਦੀ ਖਰੀਦਦਾਰੀ ਜਾਂ ਭੁਗਤਾਨ ਕਰ  ਸਕਦਾ ਹੈ ਅਤੇ ਕੁਝ ਹੱਦ ਤੱਕ ਨਕਦੀ ਵੀ ਕਢਵਾ ਸਕਦਾ ਹੈ।  ਜੇਕਰ ਬਕਾਇਆ ਰਕਮ ਵਿਆਜ-ਮੁਕਤ ਮਿਆਦ ਦੇ ਅੰਦਰ ਅਦਾ ਕੀਤੀ ਜਾਂਦੀ ਹੈ ਤਾਂ ਕੋਈ ਵਿਆਜ ਭੁਗਤਾਨ ਨਹੀਂ ਕਰਨਾ ਹੁੰਦਾ।  ਜਾਰੀਕਰਤਾ ਵਲੋਂ ਉਧਾਰ ਲੈਣ ਦੀ ਸੀਮਾ ਪਹਿਲਾਂ ਤੋਂ ਨਿਰਧਾਰਤ ਕੀਤੀ ਜਾਂਦੀ ਹੈ ਕਿ ਇੱਕ ਉਪਭੋਗਤਾ ਕ੍ਰੈਡਿਟ ਕਾਰਡ ਤੋਂ ਵੱਧ ਤੋਂ ਵੱਧ ਕਿੰਨਾ ਕ੍ਰੈਡਿਟ ਖਰਚ ਕਰ ਸਕਦਾ ਹੈ।  ਕ੍ਰੈਡਿਟ ਕਾਰਡ ਉਪਭੋਗਤਾਵਾਂ ਨੂੰ ਛੋਟਾਂ ਅਤੇ ਸੌਦਿਆਂ ਦੁਆਰਾ ਵੱਡੀ ਬੱਚਤ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ ਜੋ ਇਸ ਨੂੰ ਇੱਕ ਵਧੀਆ ਵਿਕਲਪ ਬਣਾਉਂਦਾ ਹੈ। ਇੱਕ ਕ੍ਰੈਡਿਟ ਕਾਰਡ ਡੈਬਿਟ ਕਾਰਡ ਤੋਂ ਵੱਖਰਾ ਹੁੰਦਾ ਹੈ, ਜਿਸਦੀ ਵਰਤੋਂ ਕਾਰਡ ਦੇ ਮਾਲਕ ਵੱਲੋਂ ਆਪਣੇ ਬੈਂਕ ਖਾਤੇ ਵਿੱਚ ਪਹਿਲਾਂ ਤੋਂ ਜਮ੍ਹਾਂ ਰਕਮ ਦੀ ਵਰਤੋਂ ਲਈ ਕੀਤੀ ਜਾਂਦੀ ਹੈ। ਕ੍ਰੈਡਿਟ ਕਾਰਡ ਲੈਣਾ ਕਿਉਂ ਜ਼ਰੂਰੀ ਹੈ?
  ਕ੍ਰੈਡਿਟ ਕਾਰਡ ਨਿਸ਼ਚਤ ਤੌਰ ‘ਤੇ ਤੁਹਾਡੇ ਬਟੂਏ ਵਿੱਚ ਇੱਕ ਜ਼ਰੂਰੀ ਚੀਜ਼ ਹੈ। ਇੱਕ ਕ੍ਰੈਡਿਟ ਕਾਰਡ ਇੱਕ ਵਿੱਤੀ ਸਾਧਨ ਹੈ ਜੋ ਤੁਹਾਨੂੰ ਇੱਕ ਨਿਸ਼ਚਿਤ ਰਕਮ ਉਧਾਰ ਲੈਣ ਦਿੰਦਾ ਹੈ ਅਤੇ ਇਸਨੂੰ ਬਾਅਦ ਵਿੱਚ ਕਿਸ਼ਤਾਂ ਵਿੱਚ ਵਾਪਸ ਮੋੜ ਸਕਦੇ ਹੋ।  ਵਿਆਜ ਤਾਂ ਹੀ ਵਸੂਲਿਆ ਜਾਂਦਾ ਹੈ ਜੇਕਰ ਕ੍ਰੈਡਿਟ ਰਕਮ ਦਾ ਭੁਗਤਾਨ ਗ੍ਰੇਸ ਪੀਰੀਅਡ ਦੇ ਅੰਦਰ ਨਹੀਂ ਕੀਤਾ ਜਾਂਦਾ ਹੈ ਜੋ ਆਮ ਤੌਰ ‘ਤੇ 45 ਤੋਂ 50 ਦਿਨਾਂ ਦੇ ਵਿਚਕਾਰ ਹੁੰਦਾ ਹੈ। ਤੁਹਾਨੂੰ ਆਸਾਨੀ ਨਾਲ ਫੰਡ ਉਧਾਰ ਲੈਣ ਦੀ ਇਜਾਜ਼ਤ ਦੇਣ ਤੋਂ ਇਲਾਵਾ, ਕ੍ਰੈਡਿਟ ਕਾਰਡ ਬਹੁਤ ਸਾਰੇ ਲਾਭਾਂ ਦੀ ਪੇਸ਼ਕਸ਼ ਕਰਦੇ ਹਨ ਜਿਵੇਂ ਕਿ ਕੈਸ਼ਬੈਕ, ਇਨਾਮ ਪੁਆਇੰਟ, ਏਅਰਪੋਰਟ ਲੌਂਜ ਪਹੁੰਚ, ਫ੍ਰੀਕੁਐਂਟ ਫਲਾਇਰ ਮੀਲ, ਕ੍ਰੈਡਿਟ ਸਕੋਰ ਆਦਿ। ਭਾਵੇਂ ਤੁਸੀਂ ਕਿਸੇ ਰੈਸਟੋਰੈਂਟ ਵਿੱਚ ਕਾਰਡ ਸਵਾਈਪ ਕਰਨਾ ਚਾਹੁੰਦੇ ਹੋ ਜਾਂ ਆਨਲਾਈਨ ਭੁਗਤਾਨ ਕਰਨਾ ਚਾਹੁੰਦੇ ਹੋ , ਕ੍ਰੈਡਿਟ ਕਾਰਡ ਨਾਲ ਸਭ ਕੁਝ ਸੰਭਵ ਹੈ। ਜੇਕਰ ਸਮਝਦਾਰੀ ਨਾਲ ਵਰਤਿਆ ਜਾਵੇ ਤਾਂ ਕ੍ਰੈਡਿਟ ਕਾਰਡ ਤੁਹਾਡੀਆਂ ਛੋਟੀ ਮਿਆਦ ਦੀਆਂ ਵਿੱਤੀ ਲੋੜਾਂ ਨੂੰ ਪੂਰਾ ਕਰਨ ਲਈ ਇੱਕ ਸੁਵਿਧਾਜਨਕ ਸਾਧਨ ਹੈ। ਹਾਲਾਂਕਿ, ਜੇਕਰ ਤੁਸੀਂ ਇਸਦੀ ਸਮਝਦਾਰੀ ਨਾਲ ਵਰਤੋਂ ਨਹੀਂ ਕਰਦੇ, ਤਾਂ ਕ੍ਰੈਡਿਟ ਕਾਰਡ ਤੁਹਾਨੂੰ ਕਰਜ਼ੇ ਦੇ ਜਾਲ ਵਿੱਚ ਫਸਾ ਸਕਦਾ ਹੈ।

ਕ੍ਰੈਡਿਟ ਕਾਰਡ ਬਾਰੇ ਕੁਝ ਧਿਆਨ ਰੱਖਣਯੋਗ ਗੱਲਾਂ


    • ਆਪਣੇ ਕਾਰਡ ਨਾਲ ਜੁੜੇ ਗੁਪਤ ਵੇਰਵੇ ਜਿਵੇਂ ਕਿ ਕਾਰਡ ਦਾ ਪਿੰਨ ਨੰਬਰ, ਮਿਆਦ ਪੁੱਗਣ ਦੀ ਮਿਤੀ, ਸੀ ਵੀ ਵੀ ਨੰਬਰ ਅਤੇ ਹੋਰ ਵੇਰਵਿਆਂ ਨੂੰ ਹਮੇਸ਼ਾ ਸੁਰੱਖਿਅਤ ਰੱਖੋ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਧੋਖਾਧੜੀ ਨਾ ਹੋ ਸਕੇ। ਇਹਨਾਂ ਵੇਰਵਿਆਂ ਨੂੰ ਕਦੇ ਵੀ ਕਿਸੇ ਨਾਲ ਸਾਂਝਾ ਨਾ ਕਰੋ । ਕਿਸੇ ਅਸੁਰੱਖਿਅਤ ਮਸ਼ੀਨ ‘ਤੇ ਸਵਾਈਪ ਕਰਨ ਨਾਲ ਵੀ ਤੁਹਾਡੀ ਸਾਰੀ ਗੁਪਤ ਜਾਣਕਾਰੀ ਲੀਕ ਹੋ ਸਕਦੀ ਹੈ ਇਸ ਲਈ ਕਾਰਡ ਨੂੰ ਹਮੇਸ਼ਾ ਸੁਰੱਖਿਅਤ POS ਮਸ਼ੀਨ ‘ਤੇ ਹੀ ਸਵਾਈਪ ਕਰੋ।      

 • ਕ੍ਰੈਡਿਟ ਕਾਰਡ ਨਾਲ ਕੀਤੇ ਸਾਰੇ ਲੈਣ-ਦੇਣ 45-50 ਦਿਨਾਂ ਦੀ ਵਿਆਜ ਮੁਕਤ ਮਿਆਦ ਦੇ ਨਾਲ ਆਉਂਦੇ ਹਨ। ਅਸਲ ਵਿੱਚ ਕ੍ਰੈਡਿਟ ਕਾਰਡ 45-50 ਦਿਨਾਂ ਦੀ ਵਿਆਜ ਮੁਕਤ ਮਿਆਦ ਦੀ ਪੇਸ਼ਕਸ਼ ਤਾਂ ਕਰਦੇ ਹਨ, ਪਰ ਤੁਹਾਨੂੰ ਮਿਲਣ ਵਾਲੀ ਅਸਲ ਵਿਆਜ ਮੁਕਤ ਮਿਆਦ ਲੈਣ-ਦੇਣ ਦੀ ਮਿਤੀ ‘ਤੇ ਨਿਰਭਰ ਕਰਦੀ ਹੈ। ਜੇਕਰ ਤੁਸੀਂ ਆਪਣੇ ਬਿਲਿੰਗ ਚੱਕਰ ਦੇ ਪਹਿਲੇ ਦਿਨ ਖਰੀਦਦਾਰੀ ਕਰ ਲੈਂਦੇ ਹੋ, ਤਾਂ ਤੁਸੀਂ ਪੂਰੇ 45-50 ਦਿਨਾਂ ਦੀ ਵਿਆਜ ਮੁਕਤ ਮਿਆਦ ਦਾ ਅਨੰਦ ਲੈਣ ਦੇ ਯੋਗ ਹੋਵੋਗੇ, ਪਰ ਬਿਲਿੰਗ ਚੱਕਰ ਦੇ 30ਵੇਂ ਦਿਨ ਕੀਤੇ ਗਏ ਲੈਣ-ਦੇਣ ਲਈ ਸਿਰਫ਼ 15-20 ਦਿਨਾਂ ਦੀ ਵਿਆਜ ਮੁਕਤ ਮਿਆਦ ਦਾ ਲਾਭ ਹੀ ਲੈ ਸਕਦੇ ਹੋ।    • ਅਕਸਰ ਕ੍ਰੈਡਿਟ ਕਾਰਡ ਧਾਰਕ ਸੋਚਦੇ ਹਨ ਕਿ ਕ੍ਰੈਡਿਟ ਕਾਰਡ ਰਾਹੀਂ ਏਟੀਐਮ ਤੋਂ ਨਕਦੀ ਕਢਵਾਉਣਾ ਡੈਬਿਟ ਕਾਰਡ ਤੋਂ ਨਕਦੀ ਕਢਵਾਉਣ ਦੇ ਬਰਾਬਰ ਹੈ। ਜਦੋਂ ਕਿ ਕ੍ਰੈਡਿਟ ਕਾਰਡ ਦੀ ਵਰਤੋਂ ਕਰਕੇ ATM ਤੋਂ ਪੈਸੇ ਕਢਵਾਉਣਾ ਡੈਬਿਟ ਕਾਰਡ ਤੋਂ ਪੈਸੇ ਕਢਵਾਉਣ ਨਾਲੋਂ ਬਿਲਕੁਲ ਵੱਖਰਾ ਹੈ। ਅਜਿਹਾ ਕਰਨ ਨਾਲ, ਤੁਹਾਨੂੰ ਵਿਆਜ਼ ਮੁਕਤ ਮਿਆਦ ਨਹੀਂ ਮਿਲਦੀ, ਜਿਵੇਂ ਹੀ ਤੁਸੀਂ ਪੈਸੇ ਕਢਵਾ ਲੈਂਦੇ ਹੋ, ਉਸੇ ਸਮੇਂ ਵਿਆਜ ਲੱਗਣਾ ਸ਼ੁਰੂ ਹੋ ਜਾਂਦਾ ਹੈ। ਸਿਰਫ ਇਹ ਹੀ ਨਹੀਂ, ਤੁਹਾਨੂੰ ਹਰ ਵਾਰ ਪੈਸੇ ਕਢਵਾਉਣ ਲਈ ਇਕ ਨਿਸ਼ਚਿਤ ਸ਼ੁਲਕ ਵੀ ਅਦਾ ਕਰਨਾ ਪਵੇਗਾ।

ਚਾਨਣ ਦੀਪ ਸਿੰਘ ਔਲਖ, ਪਿੰਡ ਗੁਰਨੇ ਖੁਰਦ (ਮਾਨਸਾ)

• ਕ੍ਰੈਡਿਟ ਕਾਰਡ ਦਾ ਮਹੀਨਾਵਾਰ ਜਿਨ੍ਹਾਂ ਵੀ ਬਿਲ ਬਣਦਾ ਹੈ ਉਸ ਨੂੰ ਸਮੇਂ ਸਿਰ ਪੂਰਾ ਭਰ ਦੇਣਾ ਚਾਹੀਦਾ ਹੈ ਕਦੇ ਵੀ ਘੱਟੋ-ਘੱਟ ਬਕਾਇਆ ਅਦਾ ਨਹੀਂ ਕਰਨਾ ਚਾਹੀਦਾ। ਅਸਲ ਵਿੱਚ, ਘੱਟੋ-ਘੱਟ ਬਕਾਇਆ ਉਪਭੋਗਤਾਵਾਂ ਦੇ ਬਕਾਇਆ ਬਿੱਲ ਦਾ ਛੋਟਾ ਜਿਹਾ ਹਿੱਸਾ (ਆਮ ਤੌਰ ‘ਤੇ 5 ਫੀਸਦੀ) ਹੁੰਦਾ ਹੈ। ਉਸ ਸਮੇਂ ਤੁਹਾਨੂੰ ਲਗਦਾ ਹੈ ਕਿ ਘੱਟੋ-ਘੱਟ ਬਕਾਇਆ ਰਕਮ ਦਾ ਭੁਗਤਾਨ ਕਰਕੇ ਤੁਸੀਂ ਲੇਟ ਭੁਗਤਾਨ ਫੀਸਾਂ ਤੋਂ ਬਚ ਜਾਵੋਗੇ। ਜਦੋਂਕਿ, ਇਹ ਤੁਹਾਡੇ ਕਰਜ਼ੇ ਨੂੰ ਤੇਜ਼ੀ ਨਾਲ ਵਧਾ ਸਕਦਾ ਹੈ ਕਿਉਂਕਿ ਅਦਾਇਗੀ ਨਾ ਕੀਤੀ ਰਕਮ ‘ਤੇ ਰੋਜ਼ਾਨਾ ਅਧਾਰ ‘ਤੇ  ਵਿੱਤ ਖਰਚੇ ਲਗਾਏ ਜਾਂਦੇ ਹਨ। ਇਹ ਧਿਆਨ ਦੇਣ ਯੋਗ ਹੈ ਕਿ ਕ੍ਰੈਡਿਟ ਕਾਰਡਾਂ ‘ਤੇ ਵਿੱਤੀ ਖਰਚੇ ਆਮ ਤੌਰ ‘ਤੇ 40 ਪ੍ਰਤੀਸ਼ਤ ਪ੍ਰਤੀ ਸਾਲ ਤੋਂ ਵੱਧ ਹੁੰਦੇ ਹਨ।   

  • ਕ੍ਰੈਡਿਟ ਕਾਰਡ ਦੇ ਬਿੱਲ ਦਾ ਭੁਗਤਾਨ ਹਮੇਸ਼ਾ ਸਮੇਂ ਸਿਰ ਹੀ ਕਰਨਾ ਚਾਹੀਦਾ ਹੈ। ਜਦੋਂ ਵੀ ਅਸੀਂ ਕਰਜ਼ਾ ਲੈਣ ਲਈ ਬੈਂਕ ਜਾਂਦੇ ਹਾਂ ਤਾਂ ਸਭ ਤੋਂ ਪਹਿਲਾਂ ਬੈਂਕ ਸਾਡੇ ਕ੍ਰੈਡਿਟ ਸਕੋਰ (CIBIL) ਦੀ ਜਾਂਚ ਕਰਦਾ ਹੈ। ਵਿੱਤੀ ਮਾਹਿਰਾਂ ਦੇ ਅਨੁਸਾਰ, ਜੇਕਰ ਕ੍ਰੈਡਿਟ ਕਾਰਡ ਦੇ ਬਿੱਲ ਦਾ ਭੁਗਤਾਨ ਸਮੇਂ ‘ਤੇ ਨਹੀਂ ਹੁੰਦਾ ਹੈ, ਤਾਂ ਇਸ ਦਾ ਸਾਡੇ CIBIL ਸਕੋਰ ‘ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ।      

 • ਕ੍ਰੈਡਿਟ ਕਾਰਡ ਨਾਲ ਖਰੀਦਦਾਰੀ ਕਰਨ ਤੇ ਤੁਹਾਨੂੰ ਕੁਝ ਰਿਵਾਰਡ ਪੁਆਇੰਟ ਮਿਲਦੇ ਹਨ। ਪਰ  ਉਨ੍ਹਾਂ ਪੁਆਇੰਟਾਂ ਨੂੰ ਰੀਡੀਮ ਕਰਨ ਬਾਰੇ ਬੈਂਕ ਘੱਟ ਹੀ ਦਸਦੇ ਹਨ ਅਤੇ ਜਾਣਕਾਰੀ ਦੀ ਘਾਟ ਕਾਰਨ ਅਨੇਕਾਂ ਲੋਕਾਂ ਦੇ ਪੁਆਇੰਟ ਐਕਸਪਾਇਰ ਹੋ ਜਾਂਦੇ ਹਨ। ਹਮੇਸ਼ਾ ਕ੍ਰੈਡਿਟ ਕਾਰਡ ਦੀ ਮੋਬਾਈਲ ਐਪਲੀਕੇਸ਼ਨ ਉਤੇ ਇਨ੍ਹਾਂ ਪੁਆਇੰਟਾਂ ਨੂੰ ਚੈੱਕ ਕਰਦੇ ਰਹਿਣਾ ਚਾਹੀਦਾ ਹੈ ਅਤੇ ਐਕਸਪਾਇਰੀ ਤੋਂ ਪਹਿਲਾਂ ਇਸਤੇਮਾਲ ਕਰ ਲੈਣਾ ਚਾਹੀਦਾ ਹੈ।

      • ਬਹੁਤ ਸਾਰੇ ਲੋਕ ਬੇਲੋੜੇ ਵਾਧੂ ਡਿਸਕਾਉਂਟ ਆਫਰ ਦੇਖ ਕੇ ਕ੍ਰੈਡਿਟ ਕਾਰਡ ਨਾਲ ਵਧੇਰੇ ਖਰੀਦਦਾਰੀ ਕਰ ਲੈਂਦੇ ਹਨ। ਇਸ ਕਾਰਨ ਬਾਅਦ ਵਿੱਚ ਉਨ੍ਹਾਂ ਨੂੰ ਬਿੱਲ ਅਦਾ ਕਰਨ ਵਿੱਚ ਮੁਸ਼ਕਲ ਆਉਂਦੀ ਹੈ ਅਤੇ ਉਨ੍ਹਾਂ ’ਤੇ ਹੋਰ ਬਿੱਲਾਂ ਦਾ ਬੋਝ ਵਧਣ ਲੱਗਦਾ ਹੈ। ਅਜਿਹੇ ‘ਚ ਕ੍ਰੈਡਿਟ ਕਾਰਡ ਨਾਲ ਖਰੀਦਦਾਰੀ ਸੋਚ ਸਮਝ ਕੇ ਕਰਨੀ ਚਾਹੀਦੀ ਹੈ।     

   • ਬਹੁਤ ਸਾਰੀਆਂ ਕ੍ਰੈਡਿਟ ਕਾਰਡ ਕੰਪਨੀਆਂ ਜੁਆਇਨਿੰਗ ਫੀਸ ਦੇ ਨਾਲ-ਨਾਲ ਸਲਾਨਾ ਫੀਸ ਵੀ ਵਸੂਲਦੀਆਂ ਹਨ। ਇਸ ਦੇ ਨਾਲ ਹੀ ਕੁਝ ਅਜਿਹੀਆਂ ਕੰਪਨੀਆਂ ਹਨ ਜਿਹੜੀਆਂ ਪਹਿਲੇ ਸਾਲ ਕੋਈ ਫੀਸ ਨਹੀਂ ਲੈਂਦੀਆਂ । ਇਸ ਲਈ ਅਜਿਹੇ ਕਾਰਡ ਦੀ ਚੋਣ ਕਰੋ ਜਿਸ ਵਿਚ ਤੁਹਾਨੂੰ ਘੱਟੋ-ਘੱਟ ਜੁਆਇਨਿੰਗ ਫੀਸ ਅਤੇ ਸਾਲਾਨਾ ਮੈਟੇਨੈੱਸ ਫੀਸ ਦੇਣੀ ਪਵੇ। ਇਸ ਦੇ ਨਾਲ ਤੁਹਾਨੂੰ ਕਾਰਡ ਦੀ ਸੁਰੱਖਿਆ ਲਈ ਕਾਰਡ  ਪ੍ਰੋਟੈਕਸ਼ਨ ਪਲਾਨ (CPP) ਵੀ ਆਫਰ ਕੀਤਾ ਜਾਂਦਾ ਹੈ ਜਿਸ ਦਾ ਵੱਖਰਾ ਖ਼ਰਚਾ ਦੇਣਾ ਹੁੰਦਾ ਹੈ।        ਬੈਂਕਾਂ ਅਤੇ ਹੋਰ ਕ੍ਰੈਡਿਟ ਕਾਰਡ ਕੰਪਨੀਆਂ ਦੀਆਂ ਲੁਭਾਉਣੀਆਂ ਗੱਲਾਂ ਵਿੱਚ ਆਉਣ ਦੀ ਬਜਾਏ ਜੇਕਰ ਤੁਹਾਨੂੰ ਲਾਜ਼ਮੀ ਤੌਰ ਤੇ ਇਸਦੀ ਜ਼ਰੂਰਤ ਹੈ ਅਤੇ ਪੂਰੀ ਜਾਣਕਾਰੀ ਮਿਲ ਗਈ ਹੈ ਤਦ ਹੀ ਕ੍ਰੈਡਿਟ ਕਾਰਡ ਲੈਣਾ ਚਾਹੀਦਾ ਹੈ। ਬੇਸ਼ੱਕ, ਜ਼ਰੂਰਤ ਦੇ ਸਮੇਂ ਕ੍ਰੈਡਿਟ ਕਾਰਡ ਇੱਕ ਵਧੀਆ ਦੋਸਤ ਸਾਬਤ ਹੁੰਦਾ ਹੈ, ਪਰ ਜੇ ਤੁਸੀਂ ਇਸਦੀ ਵਰਤੋਂ ਸਮਝਦਾਰੀ ਨਾਲ ਨਹੀਂ ਕਰਦੇ, ਤਾਂ ਇਹ ਤੁਹਾਡਾ ਸਭ ਤੋਂ ਵੱਡਾ ਦੁਸ਼ਮਣ ਬਣ ਸਕਦਾ ਹੈ ਅਤੇ ਤੁਹਾਨੂੰ ਕਰਜ਼ੇ ਦੇ ਜਾਲ ਵਿੱਚ ਫਸਾ ਸਕਦਾ ਹੈ। ਇਸ ਲਈ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਸਮੇਂ ਹਮੇਸ਼ਾ ਸਾਵਧਾਨੀ ਅਤੇ ਸਮਝਦਾਰੀ ਦੀ ਵਰਤੋਂ ਕਰਨੀ ਚਾਹੀਦੀ ਹੈ। 

NO COMMENTS