*ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਸਰਕਾਰੀ ਹਾਈ ਸਕੂਲ, ਮੌਜੀਆ ਵਿਖੇ ਪਰਾਲੀ ਪ੍ਰਬੰਧਨ ਸਬੰਧੀ ਲੇਖ, ਪੇਂਟਿੰਗ ਤੇ ਸਵਾਲ ਜਵਾਬ ਮੁਕਾਬਲੇ ਕਰਵਾਏ*

0
8

ਮਾਨਸਾ, 03 ਨਵੰਬਰ  (ਸਾਰਾ ਯਹਾਂ/ ਮੁੱਖ ਸੰਪਾਦਕ ) : ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਸਬੰਧੀ ਜਾਗਰੂਕ ਕਰਨ ਦੇ ਨਾਲ-ਨਾਲ ਸਕੂਲੀ ਬੱਚਿਆਂ ਨੂੰ ਵੀ ਵਾਤਾਵਰਣ ਸੰਭਾਲ ਪ੍ਰਤੀ ਸੰਵੇਦਨਸ਼ੀਲ ਕਰਨ ਦੇ ਮੰਤਵ ਨਾਲ ਕਿ੍ਰਸ਼ੀ ਵਿਗਿਆਨ ਕੇਂਦਰ ਮਾਨਸਾ ਵੱਲੋਂ ਸਰਕਾਰੀ ਹਾਈ ਸਕੂਲ, ਮੌਜੀਆ ਵਿਖੇ ਪਰਾਲੀ ਦੀ ਸਾਂਭ-ਸੰਭਾਲ ਸੰਬੰਧੀ ਵਿਦਿਆਰਥੀਆਂ ਦੇ ਲੇਖ, ਪੇਂਟਿੰਗ ਅਤੇ ਸਵਾਲ-ਜਵਾਬ ਮੁਕਾਬਲੇ ਕਰਵਾਏ ਗਏ।
ਇਸ ਮੌਕੇ ਸਹਾਇਕ ਪੋ੍ਰਫੈਸਰ (ਗ੍ਰਹਿ ਵਿਗਿਆਨ)  ਮੈਡਮ ਰਾਜਿੰਦਰ ਕੌਰ ਸਿੱਧੂ ਨੇ ਦੱਸਿਆ ਕਿ ਹਵਾ ਦੇ ਪ੍ਰਦੂਸ਼ਣ ਕਾਰਨ ਸਭ ਤੋਂ ਮਾੜਾ ਪ੍ਰਭਾਵ ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ ਉੱਪਰ ਹੀ ਪੈਂਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸੰਤੁਲਿਤ ਅਤੇ ਪੋਸ਼ਟਿਕ ਭੋਜਨ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ।
ਸਹਾਇਕ ਪ੍ਰੋਫੈਸਰ (ਭੂਮੀ ਅਤੇ ਜਲਇੰਜੀਨੀਅਰਿੰਗ) ਇੰਜ. ਅਲੋਕ ਗੁਪਤਾ ਨੇ ਦੱਸਿਆ ਕਿ ਵਾਤਾਵਰਣ ਪ੍ਰਦੂਸ਼ਿਤ ਹੋਣ ਕਾਰਨ ਗਰੀਨ ਹਾਊਸ ਗੈਸਾਂ ਦਾ ਪੱਧਰ ਵਾਤਾਵਰਣ ਵਿੱਚ ਵੱਧ ਰਿਹਾ ਹੈ, ਜਿਸ ਕਾਰਨ ਧਰਤੀ ਦਾ ਤਾਪਮਾਨ ਵਿਚ ਵਾਧਾ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਦਯੋਗਿਕ ਕਰਾਂਤੀ ਤੋਂ ਬਾਅਦ ਕਾਰਬਨ ਡਾਈਆਕਸਾਈਡ ਦਾ ਹਵਾ ਵਿੱਚ ਪੱਧਰ 400 ਪੀ.ਪੀ. ਐਮ ਤੋਂ ਵੀ ਜ਼ਿਆਦਾ ਵੱਧ ਚੁੱਕਾ ਹੈ, ਜਿਸ ਕਾਰਨ ਧਰਤੀ ਦਾ ਤਾਪਮਾਨ ਵੱਧ ਰਿਹਾ ਹੈ। ਇਸ ਵਰਤਾਰੇ ਦਾ ਫ਼ਸਲਾਂ ਦੇ ਝਾੜ ਉੱਤੇ ਵੀ ਮਾਰੂ ਪ੍ਰਭਾਵ ਪੈਣ ਦਾ ਖਦਸ਼ਾ ਹੈ। ਉਨ੍ਹਾਂ ਦੱਸਿਆ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਅਨੁਮਾਨਿਤ 400 ਕਰੋੜ ਦੇ ਖੁਰਾਕੀ ਤੱਤ ਸੜ ਕੇ ਸੁਆਹ ਹੋ ਜਾਂਦੇ ਹਨ। ਪਰਾਲੀ ਨੂੰ ਖੇਤ ਵਿੱਚ ਹੀ ਵਾਹੁਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ ਨਾਲ ਹੀ ਪਰਾਲੀ ਨੂੰ ਖੇਤ ਵਿੱਚ ਵਾਹੁਣ ਲਈ ਵਿਕਸਤ ਮਸ਼ੀਨਾਂ ਪੀ.ਏ.ਯੂ ਸਮਾਰਟ ਸੀਡਰ,ਹੈਪੀ ਸੀਡਰ, ਜ਼ੀਰੋ ਡੀਰਲ ਆਦਿ ਬਾਰੇ ਜਾਣਕਾਰੀ ਦਿੱਤੀ।
ਸਹਾਇਕ ਪੋ੍ਰਫੈਸਰ (ਪਸ਼ੂ ਵਿਗਿਆਨ), ਡਾ. ਅਜੈ ਸਿੰਘ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਪਸ਼ੂਆਂ ਥੱਲੇ ਵਿਛਾ ਕੇ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ ਅਤੇ ਪਰਾਲੀ ਦਾ ਕੁਤਰਾ ਕਰ ਇਸ ਵਿੱਚ ਲੋੜੀਂਦੀ ਸੋਧ ਕਰਕੇ ਪਸ਼ੂਆਂ ਲਈ ਚਾਰੇ ਦੇ ਤੌਰ ’ਤੇ ਵੀ ਵਰਤਿਆ ਜਾ ਸਕਦਾ ਹੈ। ਇਸ ਦੌਰਾਨ ਹਾਈ ਸਕੂਲ, ਮੌਜੀਆ ਦੇ ਪਿ੍ਰਸੀਪਲ ਸ੍ਰੀਮਤੀ ਗੀਤਾ ਬਾਲਾ ਨੇ ਬੱਚਿਆ ਨੂੰ ਪ੍ਰੇਰਿਆ ਕਿ ਉਹ ਆਪਣੇ ਮਾਤਾ- ਪਿਤਾ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਲਈ ਪ੍ਰੇਰਨ।
ਅਖ਼ੀਰ ਵਿਚ ਸਹਾਇਕ ਪ੍ਰੋਫੈਸਰ, ਸਬਜ਼ੀ ਵਿਗਿਆਨ, ਡਾ. ਭੱਲਣ ਸਿੰਘ ਸੇਖੋਂ ਨੇ ਬੱਚਿਆਂ ਨੂੰ ਕਿ੍ਰਸ਼ੀ ਵਿਗਿਆਨ ਕੇਂਦਰ ਮਾਨਸਾ ਦੀਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ ਅਤੇ ਪ੍ਰੋਗਰਾਮ ਵਿੱਚ ਵੱਖ-ਵੱਖ ਮਾਹਿਰਾਂ ਵੱਲੋਂ ਦੱਸੇ ਨੁਕਤੇ ਆਪਣੇ ਮਾਪਿਆਂ ਨਾਲ ਸਾਂਝੇ ਕਰਨ ਬਾਰੇ ਵੀ ਪ੍ਰੇਰਿਆ। ਇਸ ਪ੍ਰੋਗਰਾਮ ਵਿੱਚ 119 ਦੇ ਕਰੀਬ ਬੱਚੇ ਹਾਜ਼ਰ ਸਨ ਅਤੇ ਮੁਕਬਾਲਿਆਂ ਦੇ ਵਿੱਚ ਹਿੱਸਾ ਲੈਣ ਵਾਲੇ ਜੇਤੂ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ।

NO COMMENTS