*ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਪਿਆਜ਼ ਦੀ ਸੁਚੱਜੀ ਕਾਸ਼ਤ ਬਾਰੇ ਸਿਖਲਾਈ ਕੋਰਸ ਦਾ ਆਯੋਜਨ*

0
9

ਮਾਨਸਾ, 13 ਅਕਤੂਬਰ: (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)
ਡਿਪਟੀ ਡਾਇਰੈਕਟਰ (ਸਿਖਲਾਈ) ਡਾ. ਗੁਰਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਫਸਲੀ ਵਿਭਿੰਨਤਾ ਨੂੰ ਪ੍ਰਫੁੱਲਿਤ ਕਰਨ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਵੱਲੋਂ ਪਿਆਜ਼ ਦੀ ਸਫ਼ਲ ਕਾਸ਼ਤ ਸਬੰਧੀ ਪਿੰਡ ਘਰਾਂਗਣਾ ਵਿਖੇ ਸਿਖਲਾਈ ਕੋਰਸ ਕਰਵਾਇਆ ਗਿਆ।
ਕੈਂਪ ਦੌਰਾਨ ਸਹਾਇਕ ਪ੍ਰੋਫੈਸਰ (ਸਬਜ਼ੀ ਵਿਗਿਆਨ), ਡਾ. ਬੀ ਐੱਸ ਸੇਖੋਂ ਨੇ ਮਾਨਸਾ ਜ਼ਿਲ੍ਹੇ ਵਿੱਚ ਪਿਆਜ਼ ਦੀ ਫ਼ਸਲ ਦੀ ਮਹੱਤਤਾ ਅਤੇ ਭਵਿੱਖ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸਦੇ ਨਾਲ ਹੀ ਉਨ੍ਹਾਂ ਕਿਸਾਨ ਵੀਰਾਂ ਨੂੰ ਯੂਨੀਵਰਸਿਟੀ ਵੱਲੋਂ ਪਿਆਜ਼ ਦੀਆਂ ਸਿਫਾਰਸ਼ ਕਿਸਮਾਂ ਪੀ.ਆਰ.ਓ-7 (ਲਾਲ ਪਿਆਜ਼), ਪੰਜਾਬ ਨਰੋਆ, ਪੀ.ਡਬਲਯੂ.ਓ-2 (ਚਿੱਟਾ ਪਿਆਜ਼) ਅਤੇ ਹਾਈਬ੍ਰਿਡ (ਪੀ.ਓ.ਐੱਚ-1) ਬਾਰੇ ਦੱਸਦਿਆਂ ਕਿਹਾ ਕਿ ਇਹ ਕਿਸਮਾਂ ਸਮਾਂਬੱਧ ਝਾੜ ਦੇਣ ਦੇ ਨਾਲ-ਨਾਲ ਚੰਗੀ ਭੰਡਾਰਨ ਸਮਰੱਥਾ ਵੀ ਰੱਖਦੀਆਂ ਹਨ। ਉਨ੍ਹਾਂ ਕਿਸਾਨਾਂ ਨੂੰ ਪਿਆਜ਼ ਨੂੰ ਨਿਸਾਰੇ ਤੋਂ ਬਚਾਉਣ ਲਈ ਸਹੀ ਕਿਸਮਾਂ ਦੀ ਚੋਣ ਕਰਨ, ਅੱਧ ਅਕਤੂਬਰ ਤੋਂ ਬਾਅਦ ਪਨੀਰੀ ਦੀ ਬਿਜਾਈ ਕਰਨ ਅਤੇ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕਾਸ਼ਤ ਤਕਨੀਕਾਂ ਅਪਨਾਉਣ ਦੀ ਸਲਾਹ ਦਿੱਤੀ।
ਸਹਾਇਕ ਪ੍ਰੋਫੈਸਰ (ਮਿੱਟੀ ਅਤੇ ਪਾਣੀ ਇੰਜ) ਇੰਜ ਅਲੋਕ ਗੁਪਤਾ ਨੇ ਕਿਸਾਨਾਂ ਨੂੰ ਪਿਆਜ਼ ਦੀ ਡਰਿੱਪ ਵਿਧੀ ਨਾਲ ਕਾਸ਼ਤ ਕਰਨ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਇਸ ਵਿਧੀ ਨਾਲ ਜਿੱਥੇ ਝਾੜ ਵਧਦਾ ਹੈ ਉਥੇ ਹੀ ਪਾਣੀ ਅਤੇ ਖਾਦ ਦੀ ਵੀ ਬੱਚਤ ਹੁੰਦੀ ਹੈ। ਸਹਾਇਕ ਪ੍ਰੋਫੈਸਰ (ਕੀਟ ਵਿਗਿਆਨ), ਡਾ ਰਣਵੀਰ ਸਿੰਘ ਨੇ ਪਿਆਜ਼ ਦੀ ਫ਼ਸਲ ਦੇ ਕੀੜੇ-ਮਕੌੜਿਆਂ ਅਤੇ ਬੀਮਾਰੀਆਂ ਦੀ ਪਹਿਚਾਣ ਅਤੇ ਰੋਕਥਾਮ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਮਾਨਸਾ ਜ਼ਿਲ੍ਹੇ ਵਿੱਚ ਥਰਿੱਪ ਅਤੇ ਜਾਮਣੀ ਧੱਬਿਆਂ ਦੇ ਰੋਗ ਦੀ ਸਮੱਸਿਆ ਕਾਫੀ ਦੇਖਣ ਨੂੰ ਮਿਲਦੀ ਹੈ, ਇਸ ਲਈ ਕਿਸਾਨ ਵੀਰਾਂ ਨੂੰ ਜਨਵਰੀ ਮਹੀਨੇ ਤੋਂ ਬਾਅਦ ਆਪਣੇ ਖੇਤਾਂ ਦਾ ਦੌਰਾ ਕਰਦੇ ਰਹਿਣਾ ਚਾਹੀਦਾ ਹੈ ਅਤੇ ਸਿਫ਼ਾਰਸ਼ ਕੀਟਨਾਸ਼ਕਾਂ ਦੀ ਸਹੀ ਮਾਤਰਾ ਅਤੇ ਸਹੀ ਚੋਣ ਕਰਕੇ ਹਮਲੇ ਨੂੰ ਰੋਕਿਆ ਜਾ ਸਕਦਾ ਹੈ।
ਕੈਂਪ ਦੌਰਾਨ ਅਗਾਂਹਵਧੂ ਕਿਸਾਨ ਬਲਵਿੰਦਰ ਸਿੰਘ ਬੜੀ ਮਾਨਸਾ, ਮਨਜੀਤ ਸਿੰਘ ਘਰਾਂਗਣਾ, ਮਨਜੀਤ ਸਿੰਘ ਚੂਹੜੀਆਂ ਅਤੇ ਜੀਤ ਸਿੰਘ ਸਰਦੂਲੇਵਾਲਾ ਨੇ ਆਪਣੇ ਵਿਚਾਰ ਸਾਂਝੇ ਕੀਤੇ। ਸਿਖਲਾਈ ਕੈਂਪ ਵਿੱਚ ਮਾਨਸਾ ਜਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਲਗਭਗ 30 ਸਬਜ਼ੀ ਉਤਪਾਦਕ ਕਿਸਾਨਾਂ ਨੇ ਭਾਗ ਲਿਆ। ਅਖ਼ੀਰ ਵਿੱਚ ਕਿਸਾਨਾਂ ਨੂੰ ਪਿਆਜ਼ ਦੀਆਂ ਉੱਤਮ ਕਿਸਮਾਂ ਪੀ ਆਰ ਓ-7, ਪੰਜਾਬ ਨਰੋਆ ਅਤੇ ਪੀ ਡਬਲਯੂ ਓ-2 ਦਾ ਬੀਜ ਵੀ ਮੁਹੱਈਆ ਕਰਵਾਇਆ ਗਿਆ।

NO COMMENTS