*ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਖੁੰਬਾਂ ਦੀ ਕਾਸ਼ਤ ਅਤੇ ਪ੍ਰੋਸੈਸਿੰਗ ਸਬੰਧੀ ਪੰਜ ਰੋਜ਼ਾ ਕਿੱਤਾ ਮੁਖੀ ਸਿਖਲਾਈ ਕੋਰਸ ਕਰਵਾਇਆ*

0
11

ਮਾਨਸਾ, 18 ਨਵੰਬਰ (ਸਾਰਾ ਯਹਾਂ/ ਮੁੱਖ ਸੰਪਾਦਕ ) : ਕ੍ਰਿਸ਼ੀ ਵਿਗਿਆਨ ਕੇਂਦਰ, ਮਾਨਸਾ ਵੱਲੋਂ ਕਿਸਾਨਾਂ ਵਿੱਚ ਸਹਾਇਕ ਧੰਦਿਆਂ ਨੂੰ ਪ੍ਰਚੱਲਿਤ ਕਰਨ ਲਈ ਖੁੰਬਾਂ ਦੀ ਕਾਸ਼ਤ ਅਤੇ ਪ੍ਰੋਸੈਸਿੰਗ ਸਬੰਧੀ ਪੰਜ ਰੋਜ਼ਾ ਕਿੱਤਾਮੁਖੀ ਸਿਖਲਾਈ ਕੋਰਸ ਕਰਵਾਇਆ ਗਿਆ। ਇਹ ਕਿੱਤਾ ਮੁਖੀ ਸਿਖਲਾਈ ਕੋਰਸ ਪੰਜਾਬ ਵਿੱਚ ਕਾਸ਼ਤ ਕਰਨ ਯੋਗ ਖੁੰਬਾਂ (ਬਟਨ ਖੁੰਬ, ਢੀਂਗਰੀ ਖੁੰਬ, ਪਰਾਲੀ ਵਾਲੀ ਖੁੰਬ ਅਤੇ ਮਿਲਕੀ ਖੁੰਬ) ਦੇ ਉਤਪਾਦਨ, ਸਾਂਭ ਸੰਭਾਲ, ਡੱਬਾਬੰਦੀ ਅਤੇ ਮੰਡੀਕਰਨ ’ਤੇ ਕੇਂਦਰਿਤ ਸੀ। ਇਸ ਕੋਰਸ ਵਿੱਚ ਮਾਨਸਾ ਜਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ 15 ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਹਿੱਸਾ ਲਿਆ।
ਇਹ ਕੋਰਸ ਡਾ. ਗੁਰਦੀਪ ਸਿੰਘ (ਡਿਪਟੀ ਡਾਇਰੈਕਟਰ (ਟ੍ਰੇਨਿੰਗ)), ਕ੍ਰਿਸ਼ੀ ਵਿਗਿਆਨ ਕੇਂਦਰ, ਮਾਨਸਾ ਦੇ ਦਿਸ਼ਾ^ਨਿਰੇਦਸ਼ਾ ਅਨੁਸਾਰ ਕਰਵਾਇਆ ਗਿਆ ਜਿਸ ਦੀ ਸ਼ੁਰੂਆਤ ਵਿੱਚ ਡਾ. ਭੱਲਣ ਸਿੰਘ ਸੇਖੋਂ (ਸਹਾਇਕ ਪ੍ਰੋਫੈਸਰ, ਸਬਜ਼ੀ ਵਿਗਿਆਨ) ਨੇ ਖੁੰਬ ਉਤਪਾਦਨ ਬਾਰੇ ਮੁੱਢਲੀ ਜਾਣਕਾਰੀ ਦਿੰਦਿਆਂ ਖੁੰਬ ਨੂੰ ਪ੍ਰੋਟੀਨ ਦੇ ਉੱਤਮ ਸ੍ਰੋਤ ਵਜੋਂ ਰਸੋਈ ਵਿੱਚ ਜਗ੍ਹਾ ਦੇਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਲੋੜੀਂਦੀ ਸਮੱਗਰੀ (ਤੂੜੀ ਅਤੇ ਰੇਹਾਂ) ਘਰ ਵਿੱਚ ਮੌਜੂਦ ਹੋਣ ਕਾਰਨ ਇਸ ਨੂੰ ਸਹਾਇਕ ਕਿੱਤੇ  ਵਜੋਂ ਅਪਨਾਉਣਾ ਬਹੁਤ ਆਸਾਨ ਹੈ। ਇਸਦੇ ਨਾਲ-ਨਾਲ ਉਨ੍ਹਾਂ ਬਟਨ ਖੁੰਬ ਅਤੇ ਢੀਂਗਰੀ ਖੁੰਬ ਦੇ ਉਤਪਾਦਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਖੁੰਬਾਂ ਪੈਦਾ ਕਰਨ ਵਾਲੀ ਜਗ੍ਹਾ ਅਤੇ ਹੋਰ ਲੋੜੀਂਦੇ ਸਮਾਨ ਨੂੰ ਜੀਵਾਣੂ ਰਹਿਤ ਕਰਕੇ ਹੀ ਇਸ ਕੰਮ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ। ਸਿਖਲਾਈ ਪ੍ਰੋਗਰਾਮ ਦੇ ਦੂਜੇ ਦਿਨ ਸਿਖਿਆਰਥੀਆਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਸਥਾਪਿਤ ਖੁੰਬ ਉਤਪਾਦਨ ਯੂਨਿਟ ਬਾਰੇ ਜਾਣਕਾਰੀ ਦਿੱਤੀ ਗਈ। ਇੰਜ ਅਲੋਕ ਗੁਪਤਾ ਨੇ ਕਿਸਾਨਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਝੋਨੇ ਦੀ ਪਰਾਲੀ ਦੀ ਵਰਤੋਂ ਕਰਕੇ ਆਰਥਿਕ ਤਰੀਕੇ ਨਾਲ ਖੁੰਬ ਉਤਪਾਦਨ ਯੂਨਿਟ ਸਥਾਪਿਤ ਕਰਨ ਬਾਰੇ ਜਾਣਕਾਰੀ ਦਿੱਤੀ। ਸਿਖਿਆਰਥੀਆਂ ਨੂੰ ਤੀਜੇ ਦਿਨ ਪਿੰਡ ਅਤਲਾ ਖੁਰਦ ਦੇ ਅਗਾਂਹਵਧੂ ਖੁੰਬ ਉਤਪਾਦਕ ਸ. ਜਸ਼ਨਪ੍ਰੀਤ ਸਿੰਘ ਨੇ ਫਾਰਮ ’ਤੇ ਹੱਟ ਅਤੇ ਕੰਪੋਸਟ ਬਣਾਉਣ ਦੀ ਵਿਧੀ ਬਾਰੇ ਆਪਣੇ ਤਜ਼ਰਬੇ ਸਾਂਝੇ ਕੀਤੇ। ਉਨ੍ਹਾਂ ਆਪਣੇ ਖੁੰਬ ਖੇਤਰ ਵਿੱਚ ਆਉਣ ਦੇ ਸਫਰ ਬਾਰੇ ਦੱਸ ਕੇ ਸਿੱਖਿਆਰਥੀਆਂ ਨੂੰ ਇਸ ਧੰਦੇ ਨੂੰ ਅਪਨਾਉਣ ਲਈ ਪ੍ਰੇਰਿਆ।
ਸਿਖਲਾਈ ਕੋਰਸ ਦੇ ਚੌਥੇ ਦਿਨ ਕਿਸਾਨਾਂ ਨੂੰ ਸਿੱਧੂ ਖੁੰਬ ਫਾਰਮ, ਕਲੀਪੁਰ, ਮਾਨਸਾ ਦਾ ਦੌਰਾ ਕਰਵਾਇਆ ਗਿਆ ਜਿਸ ਵਿੱਚ ਅਗਾਂਹਵਧੂ ਖੁੰਬ ਉਤਪਾਦਕ ਸ. ਪਰਮਜੀਤ ਸਿੰਘ ਨੇ ਖੁੰਬਾਂ ਦੀ ਕਾਸ਼ਤ ਲਈ ਲੋੜੀਂਦੇ ਬੁਨਿਆਦੀ ਢਾਂਚੇ ਅਤੇ ਕਾਸ਼ਤ  ਦੌਰਾਨ ਪੇਸ਼ ਆਉਂਦੀਆਂ ਮੁਸ਼ਕਿਲਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ। ਸਿਖਲਾਈ ਦੌਰਾਨ ਪੰਜਵੇਂ ਦਿਨ ਡਾ. ਸੇਖੋਂ ਨੇ ਖੁੰਬਾਂ ਦੀ ਪ੍ਰੋਸੈਸਿੰਗ ਅਤੇ ਬੀਮਾਰੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ। ਇਸ ਦੇ ਨਾਲ-ਨਾਲ ਜ਼ਿਲ੍ਹਾ ਪ੍ਰੋਗਰਾਮ ਮੈਨੇਜ਼ਰ, ਮੈਡਮ ਜਸਵਿੰਦਰ ਕੌਰ ਨੇ ਕਿਸਾਨ ਬੀਬੀਆਂ ਨੂੰ ਸੈਲਫ਼ ਹੈਲਪ ਗਰੁੱਪ ਬਣਾਕੇ ਐਨ.ਆਰ.ਐੱਲ.ਐੱਮ. ਸਕੀਮ ਅਧੀਨ ਸਹਾਇਕ ਧੰਦੇ ਅਪਣਾਉਣ ਬਾਰੇ ਪ੍ਰੇਰਿਆ। ਪ੍ਰੋਗਰਾਮ ਦੇ ਅੰਤ ਵਿੱਚ ਪਾਤੜਾਂ ਵਿੱਚ ਖੁੰਬ ਫਾਰਮ ਚਲਾ ਰਹੇ ਸ. ਰਾਜੀਵ ਕੁਮਾਰ ਨੇ ਵੀ ਆਪਣੇ ਤਜ਼ਰਬੇ ਸਾਂਝੇ ਕੀਤੇ।

NO COMMENTS