*ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਵਿਖੇ‘ਸੂਰ ਪਾਲਣ’ਦਾ ਕਿੱਤਾਮੁੱਖੀ ਸਿਖਲਾਈ ਕੋਰਸ ਕਰਵਾਇਆ*

0
8

ਮਾਨਸਾ, 27 ਸਤੰਬਰ: (ਸਾਰਾ ਯਹਾਂ/ਬੀਰਬਲ ਧਾਲੀਵਾਲ )
ਕ੍ਰਿਸ਼ੀ ਵਿਗਿਆਨ ਕੇਂਦਰ, ਮਾਨਸਾ ਵੱਲੋਂ 20 ਸਤੰਬਰ ਤੋਂ 26 ਸਤੰਬਰ 2023 ਤੱਕ ਨਿਰਦੇਸ਼ਕ ਪਸਾਰ ਸਿੱਖਿਆ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀ ਅਗਵਾਈ ਹੇਠ ‘ਸੂਰ ਪਾਲਣ’ ਵਿਸ਼ੇ ’ਤੇ ਇੱਕ ਹਫ਼ਤੇ ਦਾ ਕਿੱਤਾਮੁਖੀ ਸਿਖਲਾਈ ਕੋਰਸ ਕਰਵਾਇਆ ਗਿਆ। ਇਹ ਜਾਣਕਾਰੀ ਡਿਪਟੀ ਡਾਇਰੈਕਟਰ (ਸਿਖਲਾਈ), ਕ੍ਰਿਸ਼ੀ ਵਿਗਿਆਨ ਕੇਂਦਰ, ਮਾਨਸਾ  ਡਾ. ਗੁਰਦੀਪ ਸਿੰਘ ਨੇ ਦਿੱਤੀ।

 
ਉਨ੍ਹਾਂ ਦੱਸਿਆ ਕਿ ਇਸ ਕਿੱਤਾਮੁਖੀ ਸਿਖਲਾਈ ਵਿਚ 10 ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਹਿੱਸਾ ਲਿਆ। ਕੋਰਸ ਵਿਚ ਪੇਂਡੂ ਖੇਤਰਾਂ ਦੇ ਗਰੀਬ ਲੋਕਾਂ ਲਈ ਸੂਰ ਪਾਲਣ ਦੀ ਮਹੱਤਤਾ ਸਾਂਝੀ ਕੀਤੀ ਗਈ।


ਡਾ. ਅਜੈ ਸਿੰਘ ਸਹਾਇਕ ਪ੍ਰੋਫੈਸਰ, ਪਸ਼ੂ ਵਿਗਿਆਨ ਅਤੇ ਕੋਰਸ ਕੋਆਰਡੀਨੇਟਰ ਨੇ ਸਿਖਿਆਰਥੀਆਂ ਨਾਲ ਸੂਰਾਂ ਦੀਆਂ ਨਸਲਾਂ, ਪ੍ਰਜਨਣ ਪ੍ਰਬੰਧਨ, ਸੂਰ ਪਾਲਣ ਦੀਆਂ ਵਿਧੀਆਂ, ਸੂਰਾਂ ਲਈ ਵਾੜੇ, ਸੂਰਾਂ ਦੀ ਖੁਰਾਕ, ਸੂਰਾਂ ਦੀਆਂ ਸਾਂਭ—ਸੰਭਾਲ, ਸੂਰਾਂ ਵਿੱਚ ਟੀਕਾਕਰਨ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਦੀਆਂ ਗਤੀਵਿਧੀਆਂ ਅਤੇ ਸਾਹਿਤ ਬਾਰੇ ਜਾਣਕਾਰੀ ਸਾਂਝੀ ਕੀਤੀ। ਕੋਰਸ ਦੌਰਾਨ ਸੁਧਰੀ ਨਸਲ ਦੀ ਪਹਿਚਾਣ, ਦੰਦ ਅਤੇ ਪੂੰਛ ਕੱਟਣ ਆਦਿ ਬਾਰੇ ਵਿਹਾਰਿਕ ਸਿਖਲਾਈ ਦਿੱਤੀ ਗਈ।


ਡਾ: ਸਤਪਾਲ, ਵੈਟਰਨਰੀ ਅਫਸਰ ਵੱਲੋਂ ਸੂਰਾਂ ਦੀਆਂ ਵੱਖ ਵੱਖ ਬਿਮਾਰੀਆਂ ਅਤੇ ਉਨ੍ਹਾਂ ਦੇ ਸੰਭਾਵਿਤ ਇਲਾਜ ਬਾਰੇ ਜਾਗਰੂਕ ਕੀਤਾ। ਸਿਖਲਾਈ ਵਿੱਚ ਸ਼ਾਮਿਲ ਸਿਖਆਰਥੀਆਂ ਦਾ ਗੋਸਲ ਇੰਟੀਗਰੇਟਡ ਫਾਰਮ ਪਿੰਡ ਭਾਈ ਦੇਸਾ ਦਾ ਦੌਰਾ ਵੀ ਕਰਵਾਇਆ ਗਿਆ। ਗੋਸਲ ਇੰਟੀਗਰੇਟਡ (ਜੀ.ਆਈ) ਫਾਰਮ ਚਲਾ ਰਹੇ ਅਗਾਂਹਵਧੂ ਸੂਰ ਪਾਲਕ ਸ੍ਰ ਅਮਨਦੀਪ ਸਿੰਘ ਨੇ ਸੂਰ ਪਾਲਣ ਦੇ ਕਿੱਤੇ ਦੌਰਾਨ ਪੇਸ਼ ਆਉਂਦੀਆਂ ਮੁਸ਼ਕਿਲਾਂ ਅਤੇ ਉਨ੍ਹਾਂ ਦੇ ਹੱਲ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ ਅਤੇ ਇਸ ਧੰਦੇ ਨੂੰ ਅਪਣਾ ਕੇ ਆਮਦਨ ਵਿੱਚ ਵਾਧਾ ਕਰਨ ਲਈ ਵੀ ਪ੍ਰੇਰਿਆ। ਪ੍ਰੋਗਰਾਮ ਦੇ ਅਖੀਰਲੇ ਦਿਨ ਸਿੱਖਿਆਰਥੀਆਂ ਨੂੰ ਖੇਤੀ ਸਾਹਿਤ, ਧਾਂਤਾਂ ਦਾ ਚੂਰਾ, ਪਪੀਤੇ ਦੇ ਬੂਟੇ ਅਤੇ ਬੈਂਗਣ ਦੀ ਪਨੀਰੀ ਵੀ ਮਹੁਈਆ ਕਰਵਾਈ ਗਈ।

NO COMMENTS