ਮਾਨਸਾ, 30 ਅਗਸਤ:(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਨਰਮੇਂ ਦੀ ਫ਼ਸਲ ਵਿੱਚ ਗੁਲਾਬੀ ਸੁੰਡੀ ਸੰਬੰਧੀ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਤਹਿਤ ਅਤੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਵੱਲੋਂ ਨਰਮੇ ਦੀ ਫ਼ਸਲ ਦੇ ਕੀੜੇ-ਮਕੌੜਿਆਂ ਦੀ ਰੋਕਥਾਮ ਸਬੰਧੀ ਪਿੰਡ ਸਾਹਨੇਵਾਲੀ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ।
ਕੈਂਪ ਦੌਰਾਨ ਡਿਪਟੀ ਡਾਇਰੈਕਟਰ (ਸਿਖਲਾਈ) ਡਾ. ਗੁਰਦੀਪ ਸਿੰਘ, ਨੇ ਮਾਨਸਾ ਜ਼ਿਲ੍ਹੇ ਵਿੱਚ ਨਰਮੇ ਦੀ ਫ਼ਸਲ ਦੀ ਮਹੱਤਤਾ ਅਤੇ ਫਸਲ ਦੇ ਭਵਿੱਖ ਬਾਰੇ ਜਾਣਕਾਰੀ ਸਾਂਝੀ ਕੀਤੀ। ਡਾ ਰਣਵੀਰ ਸਿੰਘ, ਸਹਾਇਕ ਪ੍ਰੋਫੈਸਰ, ਕੀਟ ਵਿਗਿਆਨ ਨੇ ਨਰਮੇ ਦੀ ਫ਼ਸਲ ਦੇ ਕੀੜੇ-ਮਕੌੜਿਆਂ ਅਤੇ ਬੀਮਾਰੀਆਂ ਦੀ ਪਹਿਚਾਣ ਅਤੇ ਰੋਕਥਾਮ ਸਬੰਧੀ ਵਿਸਥਾਰ-ਪੂਰਵਕ ਜਾਣਕਾਰੀ ਸਾਂਝੀ ਕੀਤੀ।
ਉਨ੍ਹਾਂ ਕਿਹਾ ਕਿ ਨਰਮੇ ਦੀ ਫਸਲ ’ਤੇ ਗੁਲਾਬੀ ਸੁੰਡੀ ਦੇ ਮੱਦੇਨਜ਼ਰ ਕਿਸਾਨ ਵੀਰ ਆਪਣੇ ਖੇਤਾਂ ਦਾ ਸਰਵੇਖਣ ਕਰਦੇ ਰਹਿਣ ਅਤੇ ਗੁਲਾਬੀ ਸੁੰਡੀ ਦੀ ਸਥਿਤੀ ਵਿਚ ਸਿਫ਼ਾਰਸ਼ ਕੀਟਨਾਸ਼ਕਾਂ ਜਿਵੇਂ ਕਿ 100 ਗ੍ਰਾਮ ਪਰੋਕਲੇਮ 5 ਐਸ ਜੀ (ਐਮਾਮੈਕਟਿਨ ਬੈਨਜੋਏਟ), 800 ਮਿਲੀਲਿਟਰ ਫਾਸਮਾਈਟ 50 ਈ ਸੀ (ਈਥੀਆਨ), 300 ਮਿਲੀਲਿਟਰ ਡੈਨੀਟੋਲ 10 ਈ ਸੀ (ਫੈਨਪ੍ਰੋਪੈਥ੍ਰਿਨ) ਅਤੇ 100 ਮਿਲੀਲੀਟਰ 20 ਈ ਸੀ ਫੈਨਵਲ (ਫੈਨਵਲਰੇਟ) ਦੀਆਂ ਸਪਰੇਆਂ ਕਰਨ। ਉਨ੍ਹਾਂ ਸਪਰੇਹਾਂ ਇੱਕ ਦੂਜੇ ਨਾਲ ਮਿਕਸ ਕਰਕੇ ਵਰਤੋਂ ਕਰਨ ਤੋਂ ਗੁਰੇਜ਼ ਕਰਨ ਲਈ ਕਿਹਾ।
ਇਸ ਮੌਕੇ ਸਹਾਇਕ ਪ੍ਰੋਫੈਸਰ (ਮਿੱਟੀ ਅਤੇ ਪਾਣੀ ਇੰਜੀਨੀਅਰਿੰਗ) ਇੰਜ: ਅਲੋਕ ਗੁਪਤਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੇਤਾਂ ਨੂੰ ਪਾਣੀ ਲਗਾਉਂਦੇ ਰਹਿਣ ਕਿਉਂਕਿ ਜ਼ਿਆਦਾ ਖ਼ੁਸ਼ਕੀ ਨਰਮੇ ਦੇ ਝਾੜ ਉੱਪਰ ਅਸਰ ਪਾਉਂਦੀ ਹੈ। ਸਹਾਇਕ ਪ੍ਰੋਫੈਸਰ (ਸਬਜ਼ੀ ਵਿਗਿਆਨ), ਡਾ. ਬੀ.ਐਸ.ਸੇਖੋਂ, ਨੇ ਸਬਜ਼ੀਆਂ ਦੀ ਘਰੇਲੂ ਬਗੀਚੀ, ਟਮਾਟਰ ਅਤੇ ਬੈਂਗਣ ਦੀ ਕਾਸ਼ਤ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਪਿੰਡ ਦੇ ਲਗਭਗ ਤੀਹ ਦੇ ਕਰੀਬ ਅਗਾਂਹਵਧੂ ਕਿਸਾਨਾਂ ਨੇ ਭਾਗ ਲਿਆ। ਕੈਂਪ ਦੌਰਾਨ ਕਿਸਾਨਾਂ ਨੂੰ ਖੇਤੀ ਸਾਹਿਤ, ਸਬਜ਼ੀਆਂ ਦੀ ਪਨੀਰੀ, ਸਬਜ਼ੀਆਂ ਦੇ ਬੀਜਾਂ ਦੀਆਂ ਕਿੱਟਾਂ, ਧਾਤਾਂ ਦਾ ਚੂਰਾ ਅਤੇ ਪਸ਼ੂਆਂ ਦੇ ਚੱਟਣ ਵਾਲੀ ਇੱਟ ਵੀ ਮੁਹੱਈਆ ਕਰਵਾਈ ਗਈ। ਕੈਂਪ ਤੋਂ ਬਾਅਦ ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਦੀ ਟੀਮ ਵਲੋਂ ਨਰਮੇਂ ਦੇ ਖੇਤਾਂ ਦਾ ਸਰਵੇਖਣ ਵੀ ਕੀਤਾ ਗਿਆ।