ਚੰਡੀਗੜ੍ਹ, 30 ਜਨਵਰੀ (ਸਾਰਾ ਯਹਾਂ /ਮੁੱਖ ਸੰਪਾਦਕ)ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਤਰੁਣ ਚੁੱਘ ਵੱਲੋਂ ਉਨ੍ਹਾਂ ਦੇ ਫੌਜੀ ਪਿਛੋਕੜ ਉਪਰ ਕੀਤੀ ਟਿੱਪਣੀ ਨੂੰ ਨਿੰਦਣਯੋਗ ਕਰਾਰ ਦਿੰਦਿਆਂ ਕਿਹਾ ਕਿ ਭਾਜਪਾ ਜਾਂ ਉਸ ਦੀ ਲੀਡਰਸ਼ਿਪ ਨੂੰ ਫੌਜ ਦੇ ਮਾਣ-ਸਤਿਕਾਰ ਜਾਂ ਕੌਮੀ ਤਿਰੰਗੇ ਦੀ ਅਹਿਮੀਅਤ ਦਾ ਕੀ ਪਤਾ ਜਿਸ ਵਿੱਚ ਹਰੇਕ ਦੂਜੇ ਦਿਨ ਸਰਹੱਦਾਂ ਉਤੋਂ ਸਾਡੇ ਪੰਜਾਬੀ ਭਰਾਵਾਂ ਦੀਆਂ ਦੇਹਾਂ ਲਿਪਟ ਕੇ ਆਉਂਦੀਆਂ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਜਦੋਂ ਸਾਡੇ ਪੁੱਤਾਂ ਅਤੇ ਭਰਾਵਾਂ ਦੀਆਂ ਦੇਹਾਂ ਅਸੀਂ ਹਰ ਦੂਜੇ ਦਿਨ ਕੌਮੀ ਝੰਡੇ ਵਿੱਚ ਲਿਪਟੀਆਂ ਆਉਂਦੀਆਂ ਦੇਖਦੇ ਹਾਂ ਤਾਂ ਇਸ ਦੀ ਪੀੜਾ ਦਾ ਅਹਿਸਾਸ ਅਸੀਂ ਹੀ ਜਾਣਦੇ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਦੇ ਗੌਰਵ ਅਤੇ ਅਖੰਡਤਾ ਦੀ ਰਾਖੀ ਲਈ ਜਾਨਾਂ ਨਿਛਾਵਰ ਕਰ ਰਹੇ ਸੈਨਿਕਾਂ ਪ੍ਰਤੀ ਭਾਜਪਾ ਨੂੰ ਸਪੱਸ਼ਟ ਤੌਰ ਉਤੇ ਕੋਈ ਹਮਦਰਦੀ ਜਾਂ ਸੰਵੇਦਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਨਾ ਤਾਂ ਚੁੱਘ ਅਤੇ ਨਾ ਹੀ ਉਸ ਦੀ ਪਾਰਟੀ ਉਨ੍ਹਾਂ ਸੈਨਿਕਾਂ ਦੀ ਵੇਦਨਾ ਨੂੰ ਸਮਝ ਸਕਦੇ ਜੋ ਆਪਣੇ ਪਿਤਾ ਅਤੇ ਭਰਾਵਾਂ ਉਪਰ ਹੱਕ ਮੰਗਣ ਉਤੇ ਤਸ਼ੱਦਦ ਢਾਹੇ ਜਾਣ ਅਤੇ ਹੰਝੂ ਗੈਸ ਦੇ ਗੋਲੇ ਵਰ੍ਹਦੇ ਦੇਖਦੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਚੁੱਘ ਦੇਸ਼ ਦੀਆਂ ਸਰਹੱਦਾਂ ਉਪਰ ਮੁਲਕ ਦੀ ਰਾਖੀ ਲਈ ਲੜ ਰਹੇ ਬਹਾਦਰ ਭਾਰਤੀ ਸੈਨਿਕਾਂ ਦੇ ਮਾਣ-ਸਤਿਕਾਰ ਨਾਲ ਸਬੰਧਤ ਮੁੱਦੇ ਉਤੇ ਜਾਣ-ਬੁੱਝ ਕੇ ਕੂੜ ਪ੍ਰਚਾਰ ਕਰ ਰਹੇ ਹਨ। ਗਣਤੰਤਰ ਦਿਵਸ ਦੀ ਸ਼ਾਨ ਬਾਰੇ ਤੁਰਣ ਚੁੱਘ ਦੀ ਟਿੱਪਣੀ ਲਈ ਆੜੇ ਹੱਥੀਂ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਗਣਤੰਤਰ ਦਿਵਸ ਦੇ ਮਾਣ-ਸਤਿਕਾਰ ਦੀ ਗੱਲ ਕਰਨ ਦੇ ਸਾਰੇ ਨੈਤਿਕ ਹੱਕ ਗੁਆ ਚੁੱਕੀ ਹੈ ਜਿਸ ਨੇ ਪਿਛਲੇ ਛੇ ਸਾਲਾਂ ਵਿੱਚ ਖਾਸ ਕਰਕੇ ਘਾਤਕ ਖੇਤੀ ਕਾਨੂੰਨਾਂ ਮੌਕੇ ਸੰਵਿਧਾਨਕ ਤਾਣੇ-ਬਾਣੇ ਨੂੰ ਸੋਚੀ-ਸਮਝੀ ਸਾਜਿਸ਼ ਤਹਿਤ ਖੇਰੂੰ-ਖੇਰੂੰ ਕਰ ਦਿੱਤਾ।
ਲੋਕਾਂ ਨੂੰ ਬੇਬੁਨਿਆਦ ਦੋਸ਼ਾਂ ਰਾਹੀਂ ਗੁੰਮਰਾਹ ਕਰਨ ਲਈ ਚੁੱਘ ਉਤੇ ਵਰ੍ਹਦਿਆਂ ਗੁੱਸੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ਮੇਰੇ ਬਿਆਨ ਵਿੱਚ ਕੀ ਗਲਤ ਹੈ ਕਿ ਕਿਸਾਨਾਂ ਨੂੰ ਬਦਨਾਮ ਕਰਨ (ਲਾਲ ਕਿਲ੍ਹੇ ਦੀ ਹਿੰਸਾ ਦੇ ਸੰਦਰਭ ਵਿੱਚ) ਨਾਲ ਸਾਡੀਆਂ ਹਥਿਆਰਬੰਦ ਫੌਜਾਂ, ਜਿਨ੍ਹਾਂ ਵਿੱਚ 20 ਫੀਸਦੀ ਫੌਜੀ ਪੰਜਾਬ ਤੋਂ ਹੈ, ਦਾ ਮਨੋਬਲ਼ ਟੁੱਟ ਜਾਵੇਗਾ। ਇਸ ਨਾਲ ਗਣਤੰਤਰ ਦਿਵਸ ਦੀ ਮਰਿਆਦਾ ਦਾ ਨਿਰਾਦਰ ਕਿਵੇਂ ਹੋ ਗਿਆ ਅਤੇ ਮੇਰਾ ਤਾਂ ਖੁਦ ਫੌਜੀ ਪਿਛੋਕੜ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਗਣਤੰਤਰ ਦਿਵਸ ਦੇ ਉਸ ਸਨਮਾਨ ਦਾ ਕੀ ਹੋਇਆ ਜਦੋਂ ਕੇਂਦਰ ਸਰਕਾਰ, ਜਿਸ ਦੀ ਕਮਾਨ ਭਾਜਪਾ ਦੇ ਹੱਥ ਵਿੱਚ ਹੈ, ਨੇ ਬਿਨਾਂ ਕਿਸੇ ਨਾਲ ਸਲਾਹ-ਮਸ਼ਵਰਾ ਕੀਤੇ ਆਪਹੁਦਰੇ ਢੰਗ ਨਾਲ ਖੇਤੀ ਆਰਡੀਨੈਂਸ ਲਿਆ ਕੇ ਸੰਘੀ ਢਾਂਚੇ ਅਤੇ ਸੂਬਿਆਂ ਦੇ ਸੰਵਿਧਾਨਕ ਹੱਕਾਂ ਦਾ ਘਾਣ ਕਰ ਦਿੱਤਾ। ਤੁਹਾਡੇ ਸਮੇਤ ਕਰੋੜਾਂ ਲੋਕਾਂ ਦਾ ਹਰ ਰੋਜ਼ ਢਿੱਡ ਭਰਨ ਵਾਲੇ ਉਨ੍ਹਾਂ ਗਰੀਬ ਕਿਸਾਨਾਂ ਦਾ ਸਨਮਾਨ ਕਿੱਥੇ ਹੈ ਜੋ ਸੜਕਾਂ ਉਪਰ ਹੱਡ ਚੀਰਵੀਂ ਠੰਢ ਨਾਲ ਜੂਝ ਰਹੇ ਹਨ ਅਤੇ ਇਨ੍ਹਾਂ ਵਿੱਚੋਂ ਬਹੁਤ ਕਿਸਾਨ ਫੌਤ ਵੀ ਹੋ ਚੁੱਕੇ ਹਨ।
ਚੁੱਘ ਵੱਲੋਂ ਲਾਏ ਗਏ ਬੇਹੂਦਾ ਦੋਸ਼ ਕਿ ਉਹ (ਕੈਪਟਨ ਅਮਰਿੰਦਰ ਸਿੰਘ) ਉਨ੍ਹਾਂ ਲੋਕਾਂ ਦੇ ਹੱਕ ਵਿੱਚ ਖੜ੍ਹੇ ਹਨ ਜਿਨਾਂ ਨੇ ਲਾਲ ਕਿਲ੍ਹੇ ਉਤੇ ਤਿਰੰਗੇ ਦਾ ਨਿਰਾਦਰ ਕੀਤਾ, ਦਾ ਜਵਾਬ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲਾਲ ਕਿਲ੍ਹੇ ਹਿੰਸਾ ਵਿੱਚ ਕਿਸੇ ਦੀ ਸਮਰਥਨ ਕਰਨਾ ਤਾਂ ਦੂਰ ਦੀ ਗੱਲ ਹੈ, ਮੈਂ ਤਾਂ ਸਭ ਤੋਂ ਪਹਿਲਾਂ ਆਜਾਦ ਭਾਰਤ ਦੇ ਪ੍ਰਤੀਕ ਦਾ ਨਿਰਾਦਰ ਹੋਣ ਅਤੇ ਹਿੰਸਾ ਦੀ ਸਖਤ ਸ਼ਬਦਾਂ ਨਿਖੇਧੀ ਕਰਨ ਵਾਲਿਆਂ ਵਿੱਚੋਂ ਸਾਂ।
ਮੁੱਖ ਮੰਤਰੀ ਨੇ ਆਪਣੀ ਗੱਲ ਦੁਹਰਾਉਂਦਿਆਂ ਕਿਹਾ ਕਿ ਉਹ ਵਿਸ਼ਵਾਸ ਨਹੀਂ ਕਰਦੇ ਕਿ ਸਮੱਸਿਆ ਖੜ੍ਹੀ ਕਰਨ ਵਾਲੇ ਕਿਸਾਨ ਸਨ। ਉਨ੍ਹਾਂ ਕਿਹਾ ਕਿ ਸ਼ਰਾਰਤੀ ਤੱਤਾਂ ਵਿੱਚ ਭਾਜਪਾ ਦੇ ਆਪਣੇ ਸਮਰਥਕ ਸ਼ਾਮਲ ਸਨ, ਜਿਨ੍ਹਾਂ ਨੂੰ ਗਣਤੰਤਰ ਦਿਵਸ ਮੌਕੇ ਕੌਮੀ ਰਾਜਧਾਨੀ ਵਿੱਚ ਇਤਿਹਾਸਕ ਲਾਲ ਕਿਲ੍ਹੇ ਵਿਖੇ ਗੜਬੜ ਫੈਲਾਉਣ ਲਈ ਭੜਕਾਉਂਦੇ ਵੇਖਿਆ ਗਿਆ। ਉਨ੍ਹਾਂ ਨੇ ਇਸ ਘਟਨਾ ਦੀ ਵਿਸਥਾਰਤ ਜਾਂਚ ਕਰਨ ਦੀ ਆਪਣੀ ਮੰਗ ਦੁਹਰਾਉਂਦਿਆਂ ਕਿਹਾ ਕਿ ਇਸ ਗੱਲ ਦਾ ਪਰਦਾਫਾਸ਼ ਹੋਣਾ ਚਾਹੀਦਾ ਹੈ ਕਿ ਕਿਸ ਨੇ ਸਾਜਿਸ਼ ਰਚੀ ਅਤੇ ਇਹ ਪਤਾ ਲੱਗਾ ਕਿ ਕਿਸੇ ਰਾਜਸੀ ਪਾਰਟੀ ਜਾਂ ਕਿਸੇ ਤੀਜੇ ਮੁਲਕ ਦਾ ਹੱਥ ਤਾਂ ਨਹੀਂ।
ਚੁੱਘ ਦੇ ਬਿਨਾ ਸਿਰ ਪੈਰ ਦੇ ਦੋਸ਼ਾਂ ਨੂੰ ਇਸ ਘਟਨਾ ਅਤੇ ਸਿੰਘੂ ਬਾਰਡਰ ਵਿਖੇ ਕੱਲ੍ਹ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਉਤੇ ਹੋਏ ਹਮਲੇ ਸਮੇਤ ਵਪਾਰੀਆਂ ਘਟਨਾਵਾਂ ਵਿੱਚ ਉਸ ਦੀ ਆਪਣੀ ਪਾਰਟੀ ਦੀ ਹਿੱਸੇਦਾਰੀ ਨੂੰ ਲੁਕਾਉਣ ਦੀ ਸਾਫ ਕੋਸ਼ਿਸ਼ ਕਰਾਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਭਾਜਪਾ ਕਿਸਾਨਾਂ ਦੇ ਹੱਕੀ ਸੰਘਰਸ਼ ਤੇ ਜਾਇਜ਼ ਮੰਗਾਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਬਹੁਤ ਉਤਾਵਲੀ ਹੈ। ਇਸੇ ਲਈ ਭਾਜਪਾ ਆਗੂ ਵੱਲੋਂ ਅਜਿਹੇ ਝੂਠ ਅਤੇ ਡਰਾਮੇ ਕੀਤੇ ਜਾ ਰਹੇ ਹਨ।
ਮੁੱਖ ਮੰਤਰੀ ਨੇ ਭਾਜਪਾ ਆਗੂ ਨੂੰ ਸੂਬੇ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਉਤੇ ਬੋਲਣ ਲਈ ਵੀ ਕਰੜੇ ਹੱਥੀ ਲਿਆ। ਕਈ ਮਹੀਨਿਆਂ ਤੋਂ ਪੰਜਾਬ ਵਿੱਚ ਸ਼ਾਂਤਮਈ ਅੰਦੋਲਨ ਕਰ ਰਹੇ ਕਿਸਾਨਾਂ, ਜਿਨ੍ਹਾਂ ਵਿੱਚੋਂ ਹੁਣ ਵੀ ਕਈ ਬਿਨਾਂ ਕਿਸੇ ਸਮੱਸਿਆ ਦੇ ਪ੍ਰਦਰਸ਼ਨ ਕਰ ਰਹੇ ਹਨ, ਦਾ ਹਵਾਲਾ ਦਿੰਦਿਆ ਉਨ੍ਹਾਂ ਕਿਹਾ ਕਿ ਭਾਜਪਾ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੀ ਹੋਈ ਸੂਬੇ ਵਿੱਚ ਸਮੱਸਿਆ ਖੜ੍ਹੀ ਹੁੰਦੀ ਦੇਖਣਾ ਚਾਹੁੰਦੀ ਹੈ। ਉਨ੍ਹਾਂ ਸੱਤਾਧਾਰੀ ਪਾਰਟੀ ਨੂੰ ਆਪਣੇ ਸੌੜੇ ਰਾਜਸੀ ਹਿੱਤਾਂ ਦੀ ਪੂਰਤੀ ਲਈ ਕੌਮੀ ਸੁਰੱਖਿਆ ਨਾਲ ਸਮਝੌਤਾ ਕਰਨ ਲਈ ਚਿਤਾਵਨੀ ਦਿੰਦਿਆਂ ਪੁੱਛਿਆ, “ਉਹ ਪਾਕਿਸਤਾਨ ਤੇ ਚੀਨ ਦੇ ਵਧਦੇ ਖ਼ਤਰੇ ਅਤੇ ਪੰਜਾਬ ਵਿੱਚ ਡਰੋਨਾਂ ਰਾਹੀਂ ਹਥਿਆਰਾਂ ਦੀ ਤਸਕਰੀ ਦੇ ਵਧਦੇ ਕੇਸਾਂ ਨੂੰ ਕਿਉਂ ਨਜ਼ਰ-ਅੰਦਾਜ਼ ਕਰ ਰਹੇ ਹਨ।”
——————