*ਕੋਵਿਡ-19 ਤੋਂ ਬਚਾਅ ਲਈ ਚੱਲ ਰਹੀ ਟੀਕਾਕਰਨ ਪ੍ਰਕ੍ਰਿਆ ਮਾਨਸਾ ਜਿਲ੍ਹੇ ਕੀਤੀ ਹੋਰ ਤੇਜ਼*

0
30

ਮਾਨਸਾ, 15 ਅਪ੍ਰੈਲ ( ਸਾਰਾ ਯਹਾਂ /ਹਿਤੇਸ਼ ਸ਼ਰਮਾ): ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਨੇ ਦੱਸਿਆ ਕਿ ਕੋਵਿਡ-19 ਦੀ ਮਹਾਂਮਾਰੀ ਤੋਂ ਬਚਾਅ ਲਈ ਅਤੇ ਇਸ ਦੇ ਪਸਾਰ ਨੂੰ ਰੋਕਣ ਲਈ ਜ਼ਿਲ੍ਹਾ ਵਾਸੀਆਂ ਵੱਲੋਂ ਪੂਰੇ ਉਤਸ਼ਾਹ ਨਾਲ ਟੀਕਾਕਾਰਨ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਸਮਾਜ ਸੇਵੀ ਸੰਸਥਾਵਾਂ ਵੀ ਲੋਕਾਂ ਨੂੰ ਪ੍ਰੇਰਿਤ ਕਰਨ ਵਿੱਚ ਆਪਣਾ ਪੂਰਾ ਸਹਿਯੋਗ ਦੇ ਰਹੀਆਂ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸੇ ਤਹਿਤ ਅੱਜ ਕੋਵਿਡ ਤੋਂ ਬਚਾਅ ਲਈ ਟੀਕਾਕਰਨ ਪ੍ਰਕ੍ਰਿਆ ਵਿੱਚ ਹੋਰ ਤੇਜ਼ੀ ਲਿਆਉਂਦਿਆਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ਼੍ਰੀ ਪ੍ਰਦੀਪ ਸਿੰਘ ਗਿੱਲ ਦੀ ਅਗਵਾਈ ਹੇਠ ਸੁਪਰਵਾਈਜ਼ਰਾਂ, ਆਂਗਣਵਾੜੀ ਵਰਕਰਾਂ ਅਤੇ ਹੋਰ ਕਾਮਿਆਂ ਵੱਲੋਂ ਟੀਕਾਕਰਨ ਕਰਵਾਇਆ ਗਿਆ। ਉਨ੍ਹਾਂ ਆਂਗਣਵਾੜੀ ਵਰਕਰਾਂ ਨੂੰ ਹਦਾਇਤ ਕੀਤੀ ਉਹ ਘਰ-ਘਰ ਜਾ ਕੇ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਟੈਸਟਿੰਗ ਅਤੇ ਟੀਕਾਕਰਨ ਕਰਵਾਉਣ ਲਈ ਪ੍ਰੇਰਿਤ ਕਰਨ।  ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲ੍ਹਾ ਮਾਨਸਾ ਦੇ ਸਰਕਾਰੀ ਸਕੂਲਾਂ ਫਫੜੇ ਭਾਈਕੇ (ਮ), ਬੁਢਲਾਡਾ (ਮ), ਦਾਤੇਵਾਸ, ਬਰੇਟਾ (ਮ), ਬਰੇ੍ਹ, ਬੋਹਾ (ਮ) ਤੇ ਕੁਲਰੀਆਂ ਵਿਖੇ

ਵੀ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਸ਼੍ਰੀ ਜਗਰੂਪ ਭਾਰਤੀ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਸ਼੍ਰੀ ਗੁਰਲਾਭ ਸਿੰਘ ਦੀ ਅਗਵਾਈ ਹੇਠ ਕੋਰੋਨਾ ਤੋਂ ਬਚਾਅ ਸਬੰਧੀ 490 ਵਿਅਕਤੀਆਂ ਦਾ ਟੀਕਾਕਰਨ ਕੀਤਾ ਗਿਆ।  ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਅੰਦਰ ਕੁੱਲ 133155 ਵਿਅਕਤੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਅੱਜ 25 ਹੋਰ ਵਿਅਕਤੀ ਸਿਹਤਯਾਬ ਹੋ ਕੇ ਆਪਣੇ-ਆਪਣੇ ਘਰਾਂ ਨੂੰ ਵਾਪਸ ਪਰਤ ਗਏ ਹਨ ਅਤੇ ਹੁਣ ਜ਼ਿਲ੍ਹੇ ਅੰਦਰ 561 ਵਿਅਕਤੀ ਕੋਰੋਨਾ ਪਾਜ਼ਿਟਿਵ ਹਨ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਵਿਡ ਬਿਮਾਰੀ ਤੋਂ ਬਚਾਅ ਅਤੇ ਇਸ ਦੇ ਪਸਾਰ ਨੂੰ ਰੋਕਣ ਲਈ ਹਰੇਕ ਵਿਅਕਤੀ ਨੂੰ ਟੀਕਾਕਰਨ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਮਾਸਕ ਪਹਿਨ ਕੇ ਰੱਖਣਾ, ਆਪਣੇ ਹੱਥਾਂ ਨੂੰ ਬਾਰ-ਬਾਰ ਸਾਫ਼ ਕਰਨਾ ਅਤੇ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਦਰਮਿਆਨ ਨਿਰਧਾਰਿਤ ਦੂਰੀ ਬਣਾ ਕੇ ਰੱਖਣਾ ਯਕੀਨ ਬਣਾਇਆ ਜਾਵੇ।

NO COMMENTS