ਕੋਵਿਡ -19 ਕਰਕੇ ਆਰਥਿਕ ਮੰਦੀ ਦੇ ਸ਼ਿਕਾਰ ਲੋਕਾਂ ਦੇ ਬਿਜਲੀ ਬਿੱਲ ਨਾ ਭਰਨ ਕਾਰਨ ਕੁਨੈਕਸ਼ਨ ਨਾ ਕੱਟੇ ਜਾਣ ਸਬੰਧੀ ਐੱਸ ਡੀ ਓ ਨੂੰ ਦਿੱਤਾ ਮੰਗ ਪੱਤਰ

0
36

ਬੁਢਲਾਡਾ – 13 ਜੁਲਾਈ –  (ਸਾਰਾ ਯਹਾ/ਅਮਨ ਮਹਿਤਾ ) – ਅੱਜ ਬੁਢਲਾਡਾ ਸ਼ਹਿਰ ਦੀ ਸੰਸਥਾ ਨਗਰ ਸੁਧਾਰ ਸਭਾ ਨੇ ਐੱਸ ਡੀ ਓ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਸਬ ਡਵੀਜ਼ਨ ਬੁਢਲਾਡਾ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਕੋਵਿਡ – 19 ਕਾਰਨ ਕਾਰੋਬਾਰੀਆਂ ਦੇ ਧੰਦੇ ‘ਤੇ ਵੱਜੀ ਵੱਡੀ ਆਰਥਿਕ ਸੱਟ ਦੇ ਮੱਦੇਨਜ਼ਰ ਬਿਜਲੀ ਬਿੱਲਾਂ ਦੀ ਅਦਾਇਗੀ ਨਾ ਕਰ ਸਕਣ ਵਾਲੇ ਖਪਤਕਾਰਾਂ ਦੇ ਘਰੇਲੂ ਅਤੇ ਕਮਰਸ਼ੀਅਲ ਕੁਨੈਕਸ਼ਨ ਨਾ ਕੱਟੇ ਜਾਣ । ਸੰਸਥਾ ਨੇ ਪੰਜਾਬ ਅਤੇ ਕੇਂਦਰ ਸਰਕਾਰ ਪਾਸੋਂ ਵੀ ਮੰਗ ਕੀਤੀ ਹੈ ਕਿ ਇਸ ਔਖੀ ਸਥਿਤੀ ਵਿੱਚ ਆਮ ਲੋਕਾਂ ਅਤੇ ਕਾਰੋਬਾਰੀਆਂ ਨੂੰ ਵਿਸ਼ੇਸ਼ ਆਰਥਿਕ ਪੈਕੇਜ ਐਲਾਨ ਕਰਕੇ ਆਰਥਿਕ ਮੱਦਦ ਦਿੱਤੀ ਜਾਵੇ। ਸੰਸਥਾ ਦੇ ਆਗੂ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਨੇ ਦੱਸਿਆ ਕਿ ਮਾਰਚ ਦੇ ਆਖਰੀ ਹਫਤੇ ਤੋਂ ਕਰੋਨਾ ਮਹਾਂਮਾਰੀ ਕਾਰਨ ਹਰ ਕਿਸਮ ਦਾ ਕਾਰੋਬਾਰ ਠੱਪ ਵਾਂਗ ਰਿਹਾ ਹੈ , ਕਰੀਬ ਚਾਰ ਮਹੀਨੇ ਤੋਂ ਕਾਰੋਬਾਰੀ ਅਤੇ ਆਮ ਲੋਕ ਮਜਬੂਰੀਵੱਸ ਵਿਹਲੇ ਰਹੇ ਹਨ । ਘਰੇਲੂ ਖਰਚੇ ਜਿਉਂ ਦੀ ਤਿਉਂ ਰਹੇ ਹਨ। ਲੋਕਾਂ ਦੀ ਬੱਚਤ ਕੀਤੀ ਪੂੰਜੀ ਵੀ ਖਤਮ ਹੋ ਚੁੱਕੀ ਹੈ । ਕਾਰੋਬਾਰਾਂ ਸਬੰਧੀ ਭਵਿੱਖ ਵਿੱਚ ਵੀ ਕੋਈ ਆਸ ਦੀ ਕਿਰਨ ਦਿਖਾਈ ਨਹੀਂ ਦੇ ਰਹੀ , ਇਸ ਦੇ ਉਲਟ ਬਿਜਲੀ ਦੇ ਛੇ ਛੇ ਮਹੀਨੇ ਦੇ ਇੱਕਠੇ ਬਿੱਲ ਆ ਗਏ ਹਨ , ਇੰਨੀ ਇਕੱਠੀ ਰਕਮ ਤਾਰਨੀ ਲੋਕਾਂ ਅਤੇ ਕਾਰੋਬਾਰੀਆਂ ਲਈ ਅਸੰਭਵ ਹੈ । ਸਬੰਧਤ ਕਾਰਪੋਰੇਸ਼ਨ ਨੂੰ ਖਪਤਕਾਰਾਂ ਵੱਲੋਂ ਤਿੰਨ ਚਾਰ ਕਿਸਤਾਂ ਦੇ ਰੂਪ ਵਿੱਚ ਬਿਜਲੀ ਦੇ ਬਿੱਲ ਉਗਰਾਹੁਣ ਦੀ ਕੀਤੀ ਬੇਨਤੀ ਵੀ ਮੰਨੀ ਨਹੀਂ ਜਾ ਰਹੀ , ਸਗੋਂ ਧੱਕੇ ਨਾਲ ਕੁਨੈਕਸ਼ਨ ਕੱਟੇ ਜਾ ਰਹੇ ਹਨ ਜੋ ਕਿ ਸਰਾਸਰ ਗ਼ਲਤ ਹੈ। ਉਨ੍ਹਾਂ ਨਗਰ ਸੁਧਾਰ ਸਭਾ ਵੱਲੋਂ ਸਬੰਧਤ ਕਾਰਪੋਰੇਸ਼ਨ ਦੇ ਉੱਚ ਅਧਿਕਾਰੀਆਂ ਅਤੇ ਸਰਕਾਰਾਂ ਨੂੰ ਅਪੀਲ ਕੀਤੀ ਕਿ ਇਸ ਨਾਜ਼ੁਕ ਸਮੇਂ ਵਿੱਚ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਹੱਲ ਕੀਤਾ ਜਾਵੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਸੰਸਥਾ ਨੇ ਆਮ ਲੋਕਾਂ ਅਤੇ ਕਾਰੋਬਾਰੀਆਂ ਦੇ ਹੱਕ ਵਿੱਚ ਖੜਨ ਦੀ ਗੱਲ ਆਖੀ ਹੈ। ਸਭਾ ਦੇ ਆਗੂਆਂ ਐਡਵੋਕੇਟ ਸੁਸ਼ੀਲ ਬਾਂਸਲ ਅਤੇ ਸਤਪਾਲ ਸਿੰਘ ਕਟੌਦੀਆ ਨੇ ਦੱਸਿਆ ਕਿ ਐੱਸ ਡੀ ਓ ਸਾਹਿਬ ਨੇ ਭਰੋਸਾ ਦਿੱਤਾ ਹੈ ਕਿ ਉਹ ਸੰਸਥਾ ਦੁਆਰਾ ਦਿੱਤੇ ਮੰਗ ਪੱਤਰ ਨੂੰ ਉੱਚ ਅਧਿਕਾਰੀਆਂ ਤੱਕ ਪਹੁੰਚਾ ਦੇਣਗੇ।Attachments area

NO COMMENTS