*ਕੋਵਿਡ ਮਰੀਜ਼ਾਂ ਤੋਂ ਵਾਧੂ ਖਰਚਾ ਵਸੂਲਣ ਵਾਲੇ ਪ੍ਰਾਈਵੇਟ ਹਸਪਤਾਲਾਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ.! 104 ਉਤੇ ਦਰਜ ਕੀਤੀ ਜਾਵੇ ਸ਼ਿਕਾਇਤ: ਡਿਪਟੀ ਕਮਿਸ਼ਨਰ ਮਾਨਸਾ*

0
44

ਮਾਨਸਾ, 21 ਮਈ (ਸਾਰਾ ਯਹਾਂ/ਮੁੱਖ ਸੰਪਾਦਕ): ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਵਿਡ-19 ਮਰੀਜ਼ਾਂ ਦੇ ਇਲਾਜ ਲਈ ਵਾਧੂ ਖਰਚਾ ਵਸੂਲ ਕੇ ਵਿੱਤੀ ਫਾਇਦਾ ਚੁੱਕਣ ਵਾਲੇ ਹਸਪਤਾਲਾਂ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ ਨੇ ਕਿਹਾ ਕਿ ਜੇਕਰ ਕੋਈ ਹਸਪਤਾਲ ਜਾਂ ਡਾਕਟਰ ਕੋਰੋਨਾ ਵਾਇਰਸ ਤੋਂ ਪੀੜਤ ਮਰੀਜਾਂ ਦਾ ਆਰਥਿਕ ਸ਼ੋਸ਼ਣ ਕਰਦਾ ਹੈ ਤਾਂ ਜ਼ਿਲ੍ਹਾ ਪ੍ਰਸ਼ਾਸਨ ਐਪੀਡੈਮਿਕ ਡਿਸੀਜ਼ ਐਕਟ ਤਹਿਤ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕਰੇਗਾ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਅਜਿਹੇ ਹਸਪਤਾਲਾਂ ਨੂੰ ਬੰਦ ਕਰਨ ਜਾਂ ਅਪਣੇ ਕੰਟਰੋਲ ਹੇਠ ਲੈਣ ਦਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ ਜਿਨ੍ਹਾਂ ਵਿੱਚ ਪ੍ਰਾਈਵੇਟ ਹਸਪਤਾਲ ਸਰਕਾਰ ਵੱਲੋਂ ਨਿਰਧਾਰਤ ਕੀਤੇ ਰੇਟਾਂ ਤੋਂ ਵੱਧ ਚਾਰਜ ਕਰਕੇ ਮਰੀਜ਼ਾਂ ਅਤੇ ਮਰੀਜ਼ਾਂ ਦੇ ਪਰਿਵਾਰਾਂ ਨੂੰ ਠੱਗ ਰਹੇ ਹਨ। ਉਹਨਾਂ ਅੱਗੇ ਕਿਹਾ ਕਿ ਜੇਕਰ ਜ਼ਿਲ੍ਹਾ ਮਾਨਸਾ ਵਿੱਚ ਕੋਈ ਹਸਪਤਾਲ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਸਪੱਸ਼ਟ ਕੀਤਾ ਕਿ ਸਾਰੇ ਪ੍ਰਾਈਵੇਟ ਹਸਪਤਾਲ ਕਿਸੇ ਵੀ ਮਰੀਜ਼ ਦੀ ਮਜਬੂਰੀ ਦਾ ਫਾਇਦਾ ਨਹੀਂ ਉਠਾਉਣਗੇ। ਅਜਿਹਾ ਕਰਨ ਵਾਲੇ ਡਿਫਾਲਟਰ ਹਸਪਤਾਲ ਖਿਲਾਫ ਸਖਤ ਕਾਰਵਾਈ ਕਰਨ ਤੋਂ ਇਲਾਵਾ ਸਰਕਾਰ ਕੋਲ ਕੋਈ ਹੋਰ ਚਾਰਾ ਨਹੀਂ ਬਚੇਗਾ। ਉਨ੍ਹਾਂ ਕਿਹਾ ਕਿ ਸਾਡੇ ਸਰਕਾਰੀ ਅਤੇ ਪ੍ਰਾਈਵੇਟ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਨੇ ਇਸ ਮੁਸ਼ਕਲ ਸਮੇਂ ਦੌਰਾਨ ਤਨਦੇਹੀ ਨਾਲ ਲੋਕਾਂ ਦੀ ਸੇਵਾ ਕਰਕੇ ਇੱਕ ਚੰਗੀ ਮਿਸਾਲ ਕਾਇਮ ਕੀਤੀ ਹੈ ਪਰ ਸਿਸਟਮ ਵਿੱਚ ਕੁਝ ਅਜਿਹੇ ਵਿਅਕਤੀ ਵੀ ਹਨ ਜੋ ਸਥਿਤੀ ਦਾ ਅਣਉਚਿਤ ਫਾਇਦਾ ਉੱਠਾ ਕੇ ਲੋਕਾਂ ਨੂੰ ਧੋਖਾ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਮੰਦਭਾਗਾ ਹੈ ਕਿ ਅਜਿਹੇ ਮਾੜੇ ਲੋਕ ਸਮੁੱਚੇ ਪੇਸ਼ੇ ਦੇ ਅਕਸ ਨੂੰ ਢਾਹ ਲਾ ਰਹੇ ਹਨ। ਉਨ੍ਹਾਂ ਅਜਿਹੇ ਅਨਸਰਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਆਪਣੀ ਹਰਕਤਾਂ ਤੋਂ ਤੁਰੰਤ ਬਾਜ ਆ ਜਾਣ ਨਹੀਂ ਤਾਂ ਸਖਤ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੂਬਾ ਅਤੇ ਜ਼ਿਲ੍ਹਾ ਪੱਧਰੀ ਕਮੇਟੀ ਜਲਦ ਹੀ ਪ੍ਰਾਈਵੇਟ ਹਸਪਤਾਲਾਂ ਵੱਲੋਂ ਕਰਵਾਏ ਗਏ ਕੋਵਿਡ-19 ਮਰੀਜ਼ਾਂ ਦੇ ਇਲਾਜ਼ ਦਾ ਵਿਸਥਾਰਤ ਆਡਿਟ ਕਰੇਗੀ। ਇਸ ਸਬੰਧੀ ਕੋਈ ਵੀ ਵਿਅਕਤੀ ਆਪਣੀ ਸ਼ਿਕਾਇਤ ਸਿਹਤ ਵਿਭਾਗ ਦੇ 104 ਹੈਲਪਲਾਈਨ ਨੰਬਰ ’ਤੇ  ਦਰਜ ਕਰਵਾ ਸਕਦਾ ਹੈ ਜਿਸ ਦੀ ਤੁਰੰਤ ਜਾਂਚ ਕਰਵਾਈ ਜਾਵੇਗੀ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਅਮਰਪ੍ਰੀਤ ਕੌਰ ਸੰਧੂ, ਐਸ.ਡੀ.ਐਮ. ਮਾਨਸਾ ਡਾ. ਸ਼ਿਖਾ ਭਗਤ, ਸਹਾਇਕ ਕਮਿਸ਼ਨਰ ਸ਼੍ਰੀਮਤੀ ਬਲਜੀਤ ਕੌਰ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ਼੍ਰੀ ਨਵਨੀਤ ਜੋਸ਼ੀ ਅਤੇ ਐਸ.ਐਮ.ਓ. ਮਾਨਸਾ ਡਾ. ਹਰਚੰਦ ਸਿੰਘ ਮੌਜੂਦ ਸਨ।   

NO COMMENTS