*ਕੋਵਿਡ ਟੀਕਾਕਰਨ ਦੀ ਦੂਸਰੀ ਖ਼ੁਰਾਕ ਲਈ 12 ਸਤੰਬਰ ਨੂੰ ਲਗਾਏ ਜਾਣਗੇ ਵਿਸ਼ੇਸ਼ ਕੈਂਪ : ਡਾ.ਹਿਤਿੰਦਰ ਕੌਰ*

0
12

ਮਾਨਸਾ, 10 ਸਤੰਬਰ(ਸਾਰਾ ਯਹਾਂ/ਹਿਤੇਸ਼ ਸ਼ਰਮਾ) : 12 ਸਤੰਬਰ 2021 ਦਿਨ ਐਤਵਾਰ ਨੂੰ ਕੋਵਿਡ ਟੀਕਾਕਰਨ ਮੈਗਾ ਡਰਾਈਵ ਤਹਿਤ ਜ਼ਿਲ੍ਹਾ ਮਾਨਸਾ ਵਿਖੇ ਪਹਿਲਾ ਟੀਕਾ ਲਗਵਾ ਚੁੱਕੇ ਲਾਭਪਾਤਰੀਆਂ ਨੂੰ ਵੈਕਸੀਨ ਦੀ ਦੂਸਰੀ ਖ਼ੁਰਾਕ ਲਗਾਈ ਜਾਵੇਗੀ। ਇਹ ਜਾਣਕਾਰੀ ਸਿਵਲ ਸਰਜਨ ਮਾਨਸਾ ਡਾ. ਹਿਤਿੰਦਰ ਕੌਰ ਨੇ ਸਮੂਹ ਸੀਨੀਅਰ ਮੈਡੀਕਲ ਅਧਿਕਾਰੀਆਂ ਅਤੇ ਪ੍ਰੋਗਰਾਮ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਲਗਾਏ ਜਾ ਰਹੇ ਵਿਸ਼ੇਸ਼ ਕੈਂਪਾਂ ਰਾਹੀਂ ਕੋਵਿਡ ਵੈਕਸੀਨ ਦੀ ਪਹਿਲੀ ਖ਼ੁਰਾਕ ਲੈ ਚੁੱਕੇ ਲਾਭਪਾਤਰੀਆਂ ਨੂੰ ਦੂਸਰੀ ਖ਼ੁਰਾਕ ਲਗਾਈ ਜਾਵੇਗੀ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕੋਵੀਸ਼ੀਲਡ ਦਾ ਪਹਿਲਾ ਟੀਕਾ ਲਗਵਾ ਚੁੱਕੇ ਵਿਅਕਤੀ 84 ਦਿਨ ਪੂਰੇ ਹੋਣ ਅਤੇ ਕੋਵੈਕਸੀਨ ਦੀ ਪਹਿਲੀ ਖੁਰਾਕ ਲਗਾ ਚੁੱਕੇ ਵਿਅਕਤੀ 28 ਦਿਨ ਪੂਰੇ ਹੋਣ ਉਪਰੰਤ ਆਪਣੇ ਨੇੜੇ ਦੇ ਕੈਂਪ ਵਿੱਚ ਪਹੁੰਚ ਕੇ ਦੂਸਰੀ ਖ਼ੁਰਾਕ ਤੁਰੰਤ ਲਗਵਾ ਸਕਦੇ ਹਨ।  ਉਨ੍ਹਾਂ ਕਿਹਾ ਕਿ ਕੋਰੋਨਾ ਕੇਸਾਂ ਵਿੱਚ ਕਮੀ ਜ਼ਰੂਰ ਆਈ ਹੈ ਪਰ ਵਿਸ਼ਵ ਸਿਹਤ ਸੰਸਥਾ ਅਤੇ ਹੋਰ ਮਾਹਿਰਾਂ ਵੱਲੋਂ ਇਹ ਖਦਸ਼ਾ ਪ੍ਰਗਟ ਕੀਤਾ ਗਿਆ ਹੈ ਕਿ ਕੋਰੋਨਾ ਦੀ ਤੀਸਰੀ ਸੰਭਾਵੀ ਲਹਿਰ ਤੋਂ ਬਚਣ ਲਈ ਕੋਰੋਨਾ ਦਾ ਮੁਕੰਮਲ ਟੀਕਾਕਰਨ ਕਰਵਾਉਣਾ ਚਾਹੀਦਾ ਹੈ ਅਤੇ ਕੋਰੋਨਾ ਸੰਬੰਧੀ ਸਾਰੀਆਂ ਹਦਾਇਤਾਂ ਜਿਵੇਂ ਮੂੰਹ ਤੇ ਮਾਸਕ ਲਗਾ ਕੇ ਰੱਖਣਾ, ਹੱਥਾਂ ਨੂੰ ਵਾਰ-ਵਾਰ ਸਾਬਣ ਪਾਣੀ ਨਾਲ ਧੋਣਾ ਜਾਂ ਸੈਨੀਟਾਈਜ਼ਰ ਦੀ ਵਰਤੋਂ ਕਰਨੀ, ਆਪਸ ਵਿੱਚ ਦੋ ਗਜ਼ ਦੀ ਦੂਰੀ ਨੂੰ ਬਣਾਈ ਰੱਖਣਾ, ਬਿਨਾਂ ਕੰਮ ਤੋਂ ਘਰ ਤੌ ਬਾਹਰ ਨਾ ਨਿਕਲਣਾ ਅਤੇ ਭੀੜ ਵਾਲੀਆਂ ਥਾਵਾਂ ਤੇ ਜਾਣ ਤੋਂ ਗੁਰੇਜ਼ ਕਰਨਾ, ਦੀ ਪਾਲਣਾ ਜਰੂਰ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹਾ ਮਾਨਸਾ ਵਿਖੇ 240569 ਵਿਅਕਤੀ ਪਹਿਲੀ ਖ਼ੁਰਾਕ ਅਤੇ 54693 ਵਿਅਕਤੀ ਦੂਸਰੀ ਖੁਰਾਕ ਲਗਵਾ ਚੁੱਕੇ ਹਨ, ਜਿਸਦਾ ਕੋਈ ਮਾੜਾ ਅਸਰ ਸਾਹਮਣੇ ਵੇਖਣ ਨੂੰ ਨਹੀਂ ਆਇਆ।  ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਬੇਝਿਜਕ ਹੋਕੇ ਨੇੜੇ ਦੇ ਸਿਹਤ ਕੇਂਦਰ ਜਾਂ ਸੰਸਥਾਵਾਂ ਦੁਆਰਾ ਧਾਰਮਿਕ ਅਤੇ ਆਮ ਸੰਸਥਾਵਾਂ ਦੁਆਰਾ ਲਗਾਏ ਕੈਂਪਾਂ ਵਿੱਚ ਜਾ ਕੇ ਵੈਕਸੀਨੇਸ਼ਨ ਕਰਾਉਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਵੈਕਸੀਨ ਦੀ ਕੋਈ ਕਮੀ ਨਹੀਂ ਹੈ ਅਤੇ ਹਰ ਐਤਵਾਰ ਨੂੰ ਇਸੇ ਤਰ੍ਹਾਂ ਦੂਸਰੀ ਖੁਰਾਕ ਲਈ ਮੈਗਾ ਕੈਂਪ ਜਾਰੀ ਰਹਿਣਗੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜਿਹੜੇ ਕੈਂਪ ਪਹਿਲਾਂ ਤੋਂ ਰੋਜ਼ਾਨਾ ਵਿਚ ਸੋਮਵਾਰ ਤੋਂ ਸ਼ਨੀਵਾਰ ਤੱਕ ਲੱਗ ਰਹੇ ਹਨ, ਉਹ ਵੀ ਉਸੇ ਤਰ੍ਹਾਂ ਲੱਗਦੇ ਰਹਿਣਗੇ, ਉੱਥੇ ਵੀ ਪਹਿਲੀ ਅਤੇ ਦੂਸਰੀ ਖ਼ੁਰਾਕ ਲਗਾਤਾਰ ਲੱਗਣੀ ਜਾਰੀ ਰਹੇਗੀ।

NO COMMENTS