ਨਵੀਂ ਦਿੱਲੀ11,ਅਪ੍ਰੈਲ (ਸਾਰਾ ਯਹਾਂ /ਬਿਓਰੋ ਰਿਪੋਰਟ) : ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸੁਝਾਅ ‘ਤੇ ਦੇਸ਼ ‘ਚ 11 ਅਪ੍ਰੈਲ ਯਾਨੀ ਅੱਜ ਤੋਂ 14 ਅਪ੍ਰੈਲ ਤਕ ਟੀਕਾ ਉਤਸਵ ਮਨਾਇਆ ਜਾਵੇਗਾ। ਇਸ ਦਾ ਉਦੇਸ਼ ਵੱਧ ਤੋਂ ਵੱਧ ਲੋਕਾਂ ਨੂੰ ਵੈਕਸੀਨ ਲਾਉਣਾ ਹੈ।
ਦੇਸ਼ ‘ਚ ਕੋਰੋਨਾ ਵਾਇਰਸ ਦਾ ਲਗਾਤਾਰ ਇਜ਼ਾਫਾ ਹੋ ਰਿਹਾ ਹੈ। ਬੀਤੇ 24 ਘੰਟਿਆਂ ‘ਚ ਪੂਰੇ ਦੇਸ਼ ‘ਚ ਕੋਰੋਨਾ ਦੇ 1,52,879 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨੂੰ ਦੇਖਦਿਆਂ ਵੈਕਸੀਨੇਸ਼ਨ ਪ੍ਰੋਗਰਾਮ ‘ਚ ਤੇਜ਼ੀ ਲਿਆਉਣ ਲਈ ਕਈ ਯਤਨ ਕੀਤੇ ਜਾ ਰਹੇ ਹਨ। ਜਿੰਨ੍ਹਾਂ ‘ਚ ਇਕ ਟੀਕਾ ਉਤਸਵ ਹੈ। ਵੱਡੇ ਪੱਧਰ ‘ਤੇ ਲੋਕਾਂ ਨੂੰ ਵੈਕਸੀਨ ਲਾਉਣ ਲਈ ਚਾਰ ਦਿਨਾਂ ਟੀਕਾ ਉਤਸਵ 14 ਅਪ੍ਰੈਲ ਤਕ ਚੱਲੇਗਾ। 14 ਅਪ੍ਰੈਲ ਨੂੰ ਸੰਵਿਧਾਨ ਨਿਰਮਾਤਾ ਡਾ.ਭੀਮਰਾਓ ਅੰਬੇਦਕਰ ਦੀ ਜਯੰਤੀ ਵੀ ਹੈ।
ਟੀਕਾ ਉਤਸਵ ਨੂੰ ਲੈਕੇ ਕੀਤੇ ਟਵੀਟ ‘ਚ ਪੀਐਮ ਮੋਦੀ ਨੇ ਕਿਹਾ, ‘ਅੱਜ ਤੋਂ ਅਸੀਂ ਸਾਰੇ ਦੇਸ਼ਭਰ ‘ਚ ਟੀਕਾ ਉਤਸਵ ਦੀ ਸ਼ੁਰੂਆਤ ਕਰ ਰਹੇ ਹਨ। ਕੋਰੋਨਾ ਖਿਲਾਫ ਲੜਾਈ ਦੇ ਇਸ ਗੇੜ ‘ਚ ਦੇਸ਼ਵਾਸੀਆਂ ਨੂੰ ਮੇਰੀਆਂ ਚਾਰ ਅਪੀਲਾਂ ਹਨ।’
ਪੀਐਮ ਮੋਦੀ ਦੀਆਂ ਲੋਕਾਂ ਨੂੰ ਚਾਰ ਅਪੀਲਾਂ
ਜੋ ਲੋਕ ਘੱਟ ਪੜੇ ਲਿਖੇ ਹਨ, ਬਜ਼ੁਰਗ ਹਨ ਜੋ ਖੁਦ ਜਾ ਕੇ ਵੈਕਸੀਨ ਨਹੀਂ ਲਗਵਾ ਸਕਦੇ ਉਨ੍ਹਾਂ ਦੀ ਮਦਦ ਕਰੋ।
ਜਿਹੜੇ ਲੋਕਾਂ ਕੋਲ ਓਨੇ ਸਾਧਨ ਨਹੀਂ। ਜਿਨ੍ਹਾਂ ਨੂੰ ਜਾਣਕਾਰੀ ਵੀ ਘੱਟ ਹੈ। ਉਨ੍ਹਾਂ ਦੀ ਕੋਰੋਨਾ ਇਲਾਜ ‘ਚ ਸਹਾਇਤਾ ਕਰੋ।
ਮੈਂ ਖੁਦ ਵੀ ਮਾਸਕ ਪਹਿਨਾ ਤੇ ਇਸ ਤਰ੍ਹਾਂ ਖੁਦ ਦੀ ਵੀ ਸੁਰੱਖਿਆ ਕਰਾਂ ਤੇ ਦੂਜਿਆਂ ਦੀ ਵੀ ਸੁਰੱਖਿਆ ਕਰੂੰ। ਇਸ ‘ਤੇ ਜ਼ੋਰ ਦੇਣਾ ਹੈ।
ਚੌਥੀ ਤੇ ਅਹਿਮ ਗੱਲ, ਕਿਸੇ ਨੂੰ ਕੋਰੋਨਾ ਹੋਣ ਦੀ ਸਥਿਤੀ ‘ਚ ਮਾਇਕ੍ਰੋ ਕੰਟੇਨਮੈਂਟ ਜ਼ੋਨ ਬਣਾਉਣ ਦੀ ਅਗਵਾਈ ਸਮਾਜ ਦੇ ਲੋਕ ਕਰਨ। ਜਿੱਥੇ ਇਕ ਵੀ ਕੋਰੋਨਾ ਪੌਜ਼ੇਟਿਵ ਕੇਸ ਆਇਆ ਹੈ। ਉੱਥੇ ਪਰਿਵਾਰ ਦੇ ਲੋਕ ਤੇ ਸਮਾਜ ਦੇ ਲੋਕ ਮਾਇਕ੍ਰੋ ਕੰਟੇਨਮੈਂਟ ਜ਼ੋਨ ਬਣਾਉਣ।
ਮੋਦੀ ਨੇ ਕਿਹਾ ਟੀਕਾ ਉਤਸਵ ਕੋਰੋਨਾ ਖਿਲਾਫ ਦੂਜੀ ਵੱਡੀ ਲੜਾਈ ਹੈ। ਸਾਨੂੰ ਵਿਅਕਤੀਗਤ ਤੇ ਸਮਾਜਿਕ ਪੱਧਰ ‘ਤੇ ਸਵੱਛਤਾ ‘ਤੇ ਜ਼ੋਰ ਦੇਣਾ ਹੋਵੇਗਾ। ਪ੍ਰਧਾਨ ਮੰਤਰੀ ਨੇ ਕੋਵਿਡ ਇਲਾਜ ‘ਚ ਮਾਸਕ ਨੂੰ ਬੜਾਵਾ ਦੇਕੇ ਵਾਇਰਸ ਤੋਂ ਬਚਾਅ ‘ਚ ਹੋਰਾਂ ਲੋਕਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ ਤੇ ਕਿਹਾ, ਹਰ ਵਿਅਕਤੀ ਦੂਜੇ ਵਿਅਕਤੀ ਦੀ ਸੁਰੱਖਿਆ ਕਰੇ। ਹਰ ਵਿਅਕਤੀ ਦੂਜੇ ਵਿਅਕਤੀ ਦਾ ਬਚਾਅ ਕਰੇ।