*ਕੋਰੋਨਾ ਮਹਾਂਮਾਰੀ ਨੂੰ ਠੱਲ੍ਹ ਪਾਉਣ ਲਈ ਜਾਰੀ ਜਾਗਰੂਕਤਾ ਮੁਹਿੰਮ ਦੇ ਜਲਦੀ ਹੀ ਚੰਗੇ ਨਤੀਜੇ ਸਾਹਮਣੇ ਆਉਣਗੇ: ਡਿਪਟੀ ਕਮਿਸ਼ਨਰ ਮਾਨਸਾ*

0
55

ਮਾਨਸਾ, 24 ਮਈ:ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਇੱਕ ਵਰਗ ਦੇ ਸਹਿਯੋਗ ਨਾਲ ਕੋਰੋਨਾ ਮਹਾਂਮਾਰੀ ਦੀ ਲੜੀ ਨੂੰ ਤੋੜਨ ਲਈ ਲਗਾਤਾਰ ਕੀਤੇ ਜਾ ਰਹੇ ਜਾਗਰੂਕਤਾ ਉਪਰਾਲਿਆਂ ਸਦਕਾ ਜਲਦੀ ਹੀ ਚੰਗੇ ਨਤੀਜੇ ਸਾਹਮਣੇ ਆਉਣ ਦੀ ਉਮੀਦ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ  ਪਹਿਲਾਂ ਪਹਿਲ ਲੋਕ ਸੈਂਪਲਿੰਗ ਤੇ ਟੀਕਾਕਰਨ ਤੋਂ ਗੁਰੇਜ਼ ਕਰਦੇ ਸਨ ਪਰ ਹੁਣ ਨਾਗਰਿਕਾਂ ਵਿੱਚ ਵੱਡੇ ਪੱਧਰ ’ਤੇ ਜਾਗਰੂਕਤਾ ਪੈਦਾ ਹੋਈ ਹੈ ਅਤੇ ਲੋਕਾਂ ਦੇ ਸਹਿਯੋਗ ਸਦਕਾ ਹੁਣ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਔਸਤਨ 4 ਹਜ਼ਾਰ ਤੋਂ 5 ਹਜ਼ਾਰ ਦੇ ਦਰਮਿਆਨ ਸੈਂਪਲ ਲਏ ਜਾ ਰਹੇ ਹਨ ਜਿਸ ਤੋਂ ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਵਿੱਚ ਮਦਦ ਮਿਲ ਰਹੀ ਹੈ ਅਤੇ ਜਿਹੜੇ ਵਿਅਕਤੀ ਪਾਜੀਟਿਵ ਪਾਏ ਜਾਂਦੇ ਹਨ ਉਨ੍ਹਾਂ ਨੂੰ ਸਿਹਤ ਦੀ ਸਥਿਤੀ ਦੇ ਅਨੁਕੂਲ ਜਾਂ ਤਾਂ ਮਿੰਨੀ ਫ਼ਤਿਹ ਕਿੱਟਾਂ ਦੇ ਕੇ ਘਰੇਲੂ ਇਕਾਂਤਵਾਸ ਕਰ ਦਿੱਤਾ ਜਾਂਦਾ ਹੈ ਅਤੇ ਜੇ ਲੱਛਣ ਪਾਏ ਜਾਂਦੇ ਹਨ ਤਾਂ ਸਿਵਲ ਹਸਪਤਾਲ ’ਚ ਸਥਾਪਿਤ ਕੋਵਿਡ ਆਈਸੋਲੇਸ਼ਨ ਵਾਰਡ ਵਿਖੇ ਭੇਜ ਕੇ ਮਾਹਿਰ ਡਾਕਟਰਾਂ ਦੀ ਨਿਗਰਾਨੀ ਹੇਠ ਇਲਾਜ ਕੀਤਾ ਜਾਂਦਾ ਹੈ ਤਾਂ ਜੋ ਉਹ ਛੇਤੀ ਤੋਂ ਛੇਤੀ ਸਿਹਤਯਾਬ ਹੋ ਸਕਣ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਾਸਕ ਪਾ ਕੇ ਰੱਖਣਾ, ਵਾਰ ਵਾਰ ਹੱਥ ਧੋਣਾ ਅਤੇ ਸਮਾਜਿਕ ਦੂਰੀ ਜਿਹੇ ਨਿਯਮਾਂ ਨੂੰ ਕੋਰੋਨਾ ਦੇ ਚਲਦਿਆਂ ਹਰ ਵਿਅਕਤੀ ਨੂੰ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਬਣਾ ਲੈਣਾ ਚਾਹੀਦਾ ਹੈ ਤਾਂ ਜੋ ਵਾਇਰਸ ਤੋਂ ਮੁਕਤ ਰਿਹਾ ਜਾ ਸਕੇ। ਉਨ੍ਹਾਂ ਦੱਸਿਆ ਕਿ ਰੈਪਿਡ ਰਿਸਪਾਂਸ ਟੀਮਾਂ ਲਗਾਤਾਰ ਪਾਜ਼ੀਟਿਵ ਨਾਗਰਿਕਾਂ ਦੀ ਸਿਹਤ ਦੀ ਨਿਗਰਾਨੀ ਕਰਦੀਆਂ ਹਨ ਅਤੇ ਕਿਸੇ ਵੀ ਮਰੀਜ਼ ਦੀ ਸਿਹਤ ਗੰਭੀਰ ਹੋਣ ਦੀ ਸੂਰਤ ਵਿੱਚ ਤੁਰੰਤ ਢੁਕਵੇਂ ਕਦਮ ਪੁੱਟੇ ਜਾਂਦੇ ਹਨ ਤਾਂ ਜੋ ਕੀਮਤੀ ਜਾਨ ਨੂੰ ਬਚਾਇਆ ਜਾ ਸਕੇ। ਸ਼੍ਰੀ ਮਹਿੰਦਰ ਪਾਲ ਨੇ ਕਿਹਾ ਕਿ ਪਿੰਡਾਂ ਤੇ ਸ਼ਹਿਰਾਂ ਵਿੱਚ ਵਿਸ਼ੇਸ਼ ਕੈਂਪ ਨਿਰੰਤਰ ਜਾਰੀ ਹਨ ਅਤੇ ਨਾਗਰਿਕਾਂ ਦੀ ਸਿਹਤਯਾਬੀ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ 24 ਘੰਟੇ ਪੂਰੀ ਤਰ੍ਹਾਂ ਚੌਕਸ ਹੈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਿਸ਼ਨ ਫ਼ਤਿਹ-2 ਤਹਿਤ ਪਿੰਡਾਂ ਵਿੱਚ ਸਿਹਤ ਵਰਕਰਾਂ ਵੱਲੋਂ ਘਰ ਘਰ ਜਾ ਕੇ ਸਰਵੇਖਣ ਸ਼ੁਰੂ ਕਰ ਦਿੱਤਾ ਗਿਆ ਹੈ ਤਾਂ ਜੋ ਮੁਢਲੇ ਸਮੇਂ ਵਿੱਚ ਹੀ ਕੋਰੋਨਾ ਨਾਲ ਸਬੰਧਤ ਕਿਸੇ ਵੀ ਲੱਛਣ ਦੀ ਪਛਾਣ ਕਰਕੇ ਲੋੜਵੰਦਾਂ ਦਾ ਢੁਕਵਾਂ ਇਲਾਜ ਕੀਤਾ ਜਾ ਸਕੇ। ਸ਼੍ਰੀ ਮਹਿੰਦਰ ਪਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਯਤਨਾਂ ਨੂੰ ਤਾਂ ਹੀ ਬੂਰ ਪੈ ਸਕਦਾ ਹੈ ਜੇ ਹਰੇਕ ਗਾਈਡਲਾਈਨ ਦੀ ਇੰਨ ਬਿੰਨ ਪਾਲਣਾ ਕੀਤੀ ਜਾਵੇ ਅਤੇ ਬਿਨਾਂ ਕਿਸੇ ਜ਼ਰੂਰੀ ਲੋੜ ਤੋਂ ਘਰਾਂ ਵਿੱਚੋਂ ਬਾਹਰ ਨਿਕਲਣ ਤੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਕੋਈ ਵੀ ਮੁਹਿੰਮ ਲੋਕਾਂ ਦੇ ਸਹਿਯੋਗ ਨਾਲ ਹੀ ਸਫ਼ਲ ਹੋ ਸਕਦੀ ਹੈ ਤੇ ਕੋਰੋਨਾ ਵਾਇਰਸ ਦੀ ਮੁਕੰਮਲ ਰੋਕਥਾਮ ਲਈ ਚਲਾਈ ਮਿਸ਼ਨ ਫ਼ਤਿਹ ਮੁਹਿੰਮ ਦੇ ਉਦੇਸ਼ਾਂ ਨੂੰ ਘਰ ਘਰ ਵਿੱਚ ਪਹੁੰਚਾਇਆ ਜਾਵੇ ਤਾਂ ਜੋ ਕਿਸੇ ਵੀ ਉਮਰ ਵਰਗ ਦਾ ਵਿਅਕਤੀ ਕੋਰੋਨਾ ਦਾ ਸੈਂਪਲ ਕਰਵਾਉਣ ਤੋਂ ਵਾਂਝਾ ਨਾ ਰਹੇ।

NO COMMENTS