*ਕੋਰੋਨਾ ਨੇਮਾਂ ਦੀ ਉਲੰਘਣਾ ਕਰਨ ‘ਤੇ ਸੁਖਬੀਰ ਬਾਦਲ ਖ਼ਿਲਾਫ਼ ਕੇਸ ਦਰਜ*

0
96

ਬਠਿੰਡਾ 29,ਅਪ੍ਰੈਲ (ਸਾਰਾ ਯਹਾਂ/ਬਿਊਰੋ ਰਿਪੋਰਟ): ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਕਰਕੇ ਪੁਲਿਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਿਲਾਫ ਕੇਸ ਦਰਜ ਕੀਤਾ ਹੈ। ਸੁਖਬੀਰ ਬਾਦਲ ਨੇ ਆਪਣੇ ਪਿੰਡ ਬਾਦਲ ਵਿਖੇ ਕੋਰੋਨਾ ਮਹਾਮਾਰੀ ਦੇ ਫੈਲਾਅ ਨੂੰ ਰੋਕਣ ਲਈ ਲਾਈਆਂ ਪਾਬੰਦੀਆਂ ਦੀ ਉਲੰਘਣਾ ਕੀਤੀ ਤਾਂ ਪੁਲਿਸ ਨੇ ਉਨ੍ਹਾਂ ਖ਼ਿਲਾਫ਼ ਐਕਸ਼ਨ ਲੈ ਲਿਆ।  

ਸੁਖਬੀਰ ਬਾਦਲ ਵਿਰੁੱਧ ਥਾਣਾ ਲੰਬੀ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ ਅਤੇ ‘ਏਬੀਪੀ ਸਾਂਝਾ’ ਨੂੰ ਜਾਣਕਾਰੀ ਦਿੰਦੇ ਹੋਏ ਥਾਣਾ ਲੰਬੀ ਦੇ ਮੁਖੀ ਚੰਦਰ ਸ਼ੇਖਰ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਸੁਖਬੀਰ ਬਾਦਲ ਦੀ ਰਿਹਾਇਸ਼ ਤੇ ਪਾਰਟੀ ਦੇ ਵਿਦਿਆਰਥੀ ਵਿੰਗ SOI ਦੇ ਕੌਮੀ ਪ੍ਰਧਾਨ ਲਈ ਰੌਬਿਨ ਬਰਾੜ ਦਾ ਨਾਂਅ ਐਲਾਨਿਆ ਗਿਆ ਅਤੇ ਇਸ ਮੌਕੇ ਅਕਾਲੀ ਦਲ ਤੇ ਯੂਥ ਵਿੰਗ ਦੇ ਵਰਕਰ ਵੱਡੀ ਗਿਣਤੀ ਵਿੱਚ  ਇਕੱਠੇ ਹੋਏ ਸਨ।

ਪੁਲਿਸ ਨੇ ਕੋਰੋਨਾ ਨਿਯਮਾ ਦੀ ਉਲੰਘਣਾ ਕਰਨ ਦੇ ਮਾਮਲੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਖ਼ਿਲਾਫ ਮੁਕੱਦਮਾ ਨੰਬਰ 109 ਹੇਠ ਐਫਆਈਆਰ ਦਰਜ ਕੀਤੀ ਗਈ ਹੈ। ਇਸ ਮਾਮਲੇ ਵਿੱਚ ਅਰਸ਼ਦੀਪ ਸਿੰਘ ਉਰਫ ਰੌਬਿਨ ਬਰਾੜ, ਹਰਪ੍ਰੀਤ ਸਿੰਘ ਅਤੇ ਭੀਮ ਵੜੈਚ ਨੂੰ ਵੀ ਐਫਆਈਆਰ ਵਿੱਚ ਨਾਮਜ਼ਦ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਛੇ ਵਿਅਕਤੀਆਂ ਨੂੰ ਗਿਰਫਤਾਰ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਜ਼ਮਾਨਤ ‘ਤੇ ਰਿਹਾ ਕਰ ਦਿੱਤਾ ਗਿਆ ਹੈ।

ਦੇਸ਼ ਦੇ ਨਾਲ-ਨਾਲ ਪੰਜਾਬ ਵਿੱਚ ਵੀ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸੇ ਸਥਿਤੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਬੀਤੇ ਦਿਨੀਂ ਪੰਜਾਬ ਵਿੱਚ ਰਾਤ ਵੇਲੇ ਦਾ ਕਰਫਿਊ ਵਧਾਇਆ ਗਿਆ ਸੀ ਅਤੇ ਵੀਕਐਂਡ ਲਾਕਡਾਊਨ ਵੀ ਲਾਉਣ ਦਾ ਹੁਕਮ ਸੁਣਾਇਆ ਸੀ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਬਠਿੰਡਾ ਸ਼ਹਿਰ ਦੇ ਮੇਅਰ ਬਣਨ ਦੀ ਖ਼ੁਸ਼ੀ ਮਨਾ ਰਹੇ ਕਾਂਗਰਸੀ ਲੀਡਰਾਂ ਵਿਰੁੱਧ ਵੀ ਪੁਲਿਸ ਨੇ ਕੇਸ ਦਰਜ ਕੀਤਾ ਸੀ। ਲੀਡਰਾਂ ਖ਼ਿਲਾਫ਼ ਪੁਲਿਸ ਦੀ ਇਸ ਕਾਰਵਾਈ ਕਾਰਨ ਕੋਰੋਨਾ ਰੋਕੂ ਨਿਯਮਾਂ ਦੀ ਪਾਲਣਾ ਸਖ਼ਤੀ ਨਾਲ ਕਰਨ ਦਾ ਸੁਨੇਹਾ ਆਮ ਲੋਕਾਂ ਵਿੱਚ ਜਾਣਾ ਸੁਭਾਵਿਕ ਹੈ। 

NO COMMENTS