*ਕੋਰੋਨਾ ਨੂੰ ਹਰਾਉਣ ਲਈ ਫੌਜ ਵੱਲੋਂ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ‘ਚ ਜੰਗੀ ਪੱਧਰ ਤੇ ਸਥਾਪਤ ਕੀਤੇ ਗਏ ਕੋਵਿਡ ਹਸਪਤਾਲ*

0
41

ਚੰਡੀਗੜ੍ਹ: ਕੋਰੋਨਾਵਾਇਰਸ ਦੇ ਕਹਿਰ ਵਿਚਾਲੇ ਆਕਸੀਜਨ, ਦਵਾਈਆਂ ਅਤੇ ਮਰੀਜ਼ਾਂ ਦੇ ਇਲਾਜ ਲਈ ਬੈੱਡਾਂ ਦੀ ਕਮੀ ਹੈ।ਸਰਕਾਰੀ ਹਸਪਤਾਲ ਹੋਣ ਜਾਂ ਪ੍ਰਾਈਵੇਟ ਹਰ ਥਾਂ ਕੋਰੋਨਾ ਦੇ ਮਰੀਜ਼ ਭਰੇ ਪਏ ਹਨ।ਕੋਰੋਨਾ ਦੀ ਘਾਤਕ ਦੂਜੀ ਲਹਿਰ ਪੰਜਾਬ ਵਿੱਚ ਆਪਣਾ ਕਹਿਰ ਦਿਖਾ ਰਹੀ ਹੈ।ਇਸ ਮਾਰੂ ਵਾਇਰਸ ਨਾਲ ਲੜਾਈ ਵਿੱਚ ਭਾਰਤੀ ਫ਼ੌਜ ਘੰਟਿਆਂ ਜਾਂ ਵੱਧ ਤੋਂ ਵੱਧ ਦਿਨਾਂ ਦੇ ਵਿੱਚ ਹਸਪਤਾਲ ਬਣਾ ਰਹੀ ਹੈ।ਪੱਛਮੀ ਕਮਾਂਡ ਨੇ ਭਾਰਤੀ ਫ਼ੌਜ ਦੇ ‘ਆਪਰੇਸ਼ਨ ਨਮਸਤੇ’ ਅਧੀਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਖੇ 3 ਕੋਵਿਡ ਹਸਪਤਾਲਾਂ ਨੂੰ ਦੇਸ਼ ਨੂੰ ਸਮਰਪਿਤ ਕੀਤਾ ਹੈ। 10 ਮਈ ਨੂੰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਇੰਟਰਨੈਸ਼ਨਲ ਸਟੂਡੈਂਟਸ ਹੋਸਟਲ ਵਿਖੇ ਯੂਟੀ ਪ੍ਰਸ਼ਾਸਨ ਦੇ ਸਹਿਯੋਗ ਨਾਲ ਪਹਿਲਾ ਪੱਛਮੀ ਕਮਾਂਡ 100 ਬੈੱਡ ਵਾਲਾ ਕੋਵਿਡ ਹਸਪਤਾਲ ਸ਼ੁਰੂ ਹੋ ਗਿਆ।

ਅਗਲੇ ਦੋ ਦਿਨਾਂ ਵਿੱਚ ਦੋ ਹੋਰ ਹਸਪਤਾਲ ਯਾਨੀ ਅਟਲ ਬਿਹਾਰੀ ਵਾਜਪਾਈ ਹਸਪਤਾਲ, ਫ਼ਰੀਦਾਬਾਦ ਅਤੇ ਰਾਜਿੰਦਰਾ ਸਰਕਾਰੀ ਹਸਪਤਾਲ ਪਟਿਆਲਾ ਵਿੱਚ ਵੀ ਸਿਲਸਿਲੇ ਵਾਰ 11 ਮਈ ਅਤੇ 12 ਮਈ ਨੂੰ ਚਾਲੂ ਕੀਤੇ ਜਾਣਗੇ।ਪੱਛਮੀ ਸੈਨਾ ਦੇ ਕਮਾਂਡਰ ਨੇ ਇਨ੍ਹਾਂ ਹਸਪਤਾਲਾਂ ਨੂੰ ਸਬੰਧਿਤ ਰਾਜਾਂ ਨੂੰ ਸਮਰਪਿਤ ਕੀਤਾ ਹੈ।ਲੈਫ਼ਟੀਨੈਂਟ ਜਨਰਲ ਆਰ.ਪੀ. ਸਿੰਘ, ਜੀ ਓ ਸੀ-ਇੰਨ-ਸੀ, ਪੱਛਮੀ ਕਮਾਂਡ, ਨੇ ਕਿਹਾ ਕਿ ਇਹ ਹਸਪਤਾਲ ਜੰਗੀ ਪੱਧਰ ‘ਤੇ ਸਥਾਪਤ ਕੀਤੇ ਗਏ ਹਨ ਅਤੇ ਇਹ ਕੰਮ ਸਬੰਧਿਤ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਸਿਵਲ ਪ੍ਰਸ਼ਾਸਨ ਨਾਲ ਤਾਲਮੇਲ ਨਾਲ ਹੋਇਆ ਹੈ।

ਲੈਫਟੀਨੈਂਟ ਜਨਰਲ ਆਰਪੀ ਸਿੰਘ ਨੇ ਦੱਸਿਆ ਕਿ ਕੋਵਿਡ 19 ਮਹਾਮਾਰੀ ਖਿਲਾਫ ਵੈਸਟਰਨ ਕਮਾਂਡ ਵੱਲੋਂ ਇਹ ਸਾਡਾ ਪਹਿਲਾ ਸਟੈਪ ਹੈ। ਅਸੀਂ ਬਹੁਤ ਸਾਰੇ ਇਹੋ ਜਿਹੇ ਕਦਮ ਚੁੱਕ ਰਹੇ ਹਾਂ। ਜਿਥੇ ਵੀ ਸਾਡੀ ਲੋੜ ਪਏਗੀ, ਅਸੀਂ ਸਿਵਲ ਸੇਵਾ ਲ਼ਈ ਤਿਆਰ ਹਾਂ।ਉਨ੍ਹਾਂ ਕਿਹਾ ਕਿ ਇਸ ਹਸਪਤਾਲ ਨਾਲ ਬਾਕੀ ਹਸਪਤਾਲਾਂ ਦਾ ਬੋਝ ਘੱਟ ਜਾਏਗਾ। ਇਹ ਹਸਪਤਾਲ ਲੇਵਲ 1 ਹਸਪਤਾਲ ਲਈ ਬਿਲਕੁੱਲ ਸਮਰੱਥ ਹੈ। ਪਹਿਲੀ ਸਟੇਜ ਤੇ ਦੂਜੀ ਸਟੇਜ ਤੱਕ ਦੀ ਸਹੂਲਤ ਇਸ ਹਸਪਤਾਲ ਵਿੱਚ ਦਿੱਤੀ ਜਾਏਗੀ।

ਹਸਪਤਾਲਾਂ ਵਿੱਚ ਕੋਵਿਡ-19 ਤੋਂ ਪੀੜਤ ਹਲਕੇ ਤੋਂ ਦਰਮਿਆਨੇ ਲੱਛਣ ਵਾਲੇ ਮਰੀਜ਼ਾਂ ਦੇ ਇਲਾਜ ਕਰਨ ਦੀ ਸਮਰੱਥਾ ਹੈ।ਫੌਜ ਨੇ ਆਪਣੇ ਡਾਕਟਰਾਂ, ਨਰਸਿੰਗ ਅਫ਼ਸਰਾਂ ਅਤੇ ਪੈਰਾਮੈਡਿਕ ਸਟਾਫ਼ ਨੂੰ ਆਈਸੀਐਮਆਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਰੀਜ਼ਾਂ ਨੂੰ ਸੰਪੂਰਨ ਇਲਾਜ ਲਈ ਤਾਇਨਾਤ ਕੀਤਾ ਹੈ।ਸਿਵਲ ਪ੍ਰਸ਼ਾਸਨ ਇਨ੍ਹਾਂ ਹਸਪਤਾਲਾਂ ਵਿੱਚ ਜ਼ਰੂਰੀ ਸਹੂਲਤਾਂ, ਸੇਵਾ ਪ੍ਰਬੰਧਨ, ਨਿਰਵਿਘਨ ਆਕਸੀਜਨ ਸਪਲਾਈ, ਮਰੀਜ਼ਾਂ ਦੇ ਦਾਖ਼ਲੇ ਅਤੇ ਡਿਸਚਾਰਜ ਅਤੇ ਐਂਬੂਲੈਂਸ ਸੇਵਾਵਾਂ ਦੀ ਸਹੂਲਤ ਦੇ ਰਿਹਾ ਹੈ।

ਹਸਪਤਾਲ ਬੁਨਿਆਦੀ ਲੈਬ, ਐਕਸ-ਰੇ, ਫਾਰਮੇਸੀ ਅਤੇ ਮਰੀਜ਼ਾਂ ਦੇ ਖਾਣ-ਪੀਣ ਦਾ ਪ੍ਰਬੰਧ ਵੀ ਕਰਨਗੇ।ਇਨ੍ਹਾਂ ਹਸਪਤਾਲਾਂ ਵਿੱਚ ਦਾਖਲਾ ਸਾਰੇ ਨਾਗਰਿਕਾਂ ਲਈ ਖੋਲ੍ਹਿਆ ਜਾਵੇਗਾ ਅਤੇ ਸਬੰਧਿਤ ਜ਼ਿਲ੍ਹਿਆਂ ਦੇ ਸੀ.ਐੱਮ.ਓ ਵੱਲੋਂ ਤਾਲਮੇਲ ਕੀਤਾ ਜਾਵੇਗਾ।ਜੇਕਰ ਕੋਈ ਮਰੀਜ਼ ਜ਼ਿਆਦਾ ਸੀਰੀਅਸ ਹੋਏਗਾ ਤਾਂ ਉਸ ਨੂੰ ਮਲਟੀ ਸਪੈਸ਼ਲਿਟੀ ਹਸਪਤਾਲ ਵਿੱਚ ਰੈਫਰ ਕੀਤਾ ਜਾਏਗਾ।ਮਰੀਜ਼ ਦੇ ਪਰਿਵਾਰ ਨੂੰ ਸਮੇਂ-ਸਮੇਂ ਤੇ ਮਰੀਜ਼ ਦੀ ਸਿਹਤ ਬਾਰੇ ਵੀ ਜਾਣਕਾਰੀ ਦਿੱਤੀ ਜਾਏਗੀ। ਪਟਿਆਲਾ ਵਿੱਚ ਵੀ 100 ਬੈੱਡ ਦਾ ਹਸਪਤਾਲ ਤਿਆਰ ਕੀਤਾ ਜਾ ਰਿਹਾ ਹੈ ਇੱਕ ਜਾਂ ਦੋ ਦਿਨਾਂ ਵਿੱਚ ਉਸ ਨੂੰ ਵੀ ਸ਼ੁਰੂ ਕਰ ਦਿੱਤਾ ਜਾਏਗਾ। 

NO COMMENTS