*ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਲਈ ਕੈਪਟਨ ਦੇ ਇਹ ਨਿਰਦੇਸ਼ ਅਤੇ ਕਿਹਾ ਲਾਕਡਾਊਨ ਕੋਈ ਹੱਲ ਨਹੀਂ..!!*

0
127

ਚੰਡੀਗੜ੍ਹ30 ਅਪ੍ਰੈਲ (ਸਾਰਾ ਯਹਾਂ/ਮੁੱਖ ਸੰਪਾਦਕ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਲ ਦੀ ਘੜੀ ਪੂਰੇ ਲਾਕਡਾਊਨ ਦੀ ਸੰਭਾਵਨਾ ਤੋਂ ਇਨਕਾਰ ਕਰਦੇ ਹੋਏ ਸ਼ੁੱਕਰਵਾਰ ਨੂੰ ਸਭ ਤੋਂ ਵੱਧ ਕੋਵਿਡ ਪ੍ਰਭਾਵਿਤ 6 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਮਾਈਕਰੋ ਕੰਟੇਨਮੈਂਟ ਰਣਨੀਤੀ ਹੋਰ ਪੁਖਤਾ ਕਰਨ ਅਤੇ 100 ਫੀਸਦੀ ਟੈਸਟਿੰਗ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲਾਕਡਾਊਨ ਕੋਈ ਹੱਲ ਨਹੀਂ ਹੈ ਕਿਉਂ ਜੋ ਇਸ ਨਾਲ ਵੱਡੀ ਪੱਧਰ ‘ਤੇ ਪ੍ਰਵਾਸੀ ਮਜ਼ਦੂਰ ਆਪਣੇ ਸੂਬਿਆਂ ਵੱਲ ਵਹੀਰਾਂ ਘੱਤ ਦੇਣਗੇ ਜਿੱਥੇ ਕਿ ਮੈਡੀਕਲ ਸਹੂਲਤਾਂ ਬਿਲਕੁਲ ਨਿਗੂਣੀਆਂ ਹਨ। ਉਨ੍ਹਾਂ ਨੇ ਸਬੰਧਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਕਿ ਸਾਰੀਆਂ ਪਾਬੰਦੀਆਂ ਸਖਤੀ ਨਾਲ ਲਾਗੂ ਕੀਤੀਆਂ ਜਾਣ ਅਤੇ ਜ਼ਿਆਦਾ ਪਾਜ਼ੇਟਿਵ ਮਾਮਲਿਆਂ ਵਾਲੇ ਸਾਰੇ ਖੇਤਰਾਂ ਦੇ ਹੋਟਲਾਂ ਵਿੱਚ ਬੈਠ ਕੇ ਖਾਣ ‘ਤੇ ਰੋਕ ਲਾਈ ਜਾਵੇ ਅਤੇ ਸਿਹਤ ਵਿਭਾਗ ਦੁਆਰਾ ਰੈਸਟੋਰੈਂਟਾਂ ਦੇ ਸਟਾਫ ਦੀ ਕੋਵਿਡ ਜਾਂਚ ਕੀਤੀ ਜਾਵੇ।

ਉਦਯੋਗ ਜਗਤ ਨੂੰ ਹਲਕੇ ਲੱਛਣਾਂ ਵਾਲੇ ਕਾਮਿਆਂ ਦੇ ਇਲਾਜ ਲਈ ਆਪਣੇ ਖੁਦ ਦੇ ਕੋਵਿਡ ਇਲਾਜ ਕੇਂਦਰ ਸਥਾਪਤ ਕਰਨ ਅਤੇ ਆਰਜੀ ਹਸਪਤਾਲ ਤਿਆਰ ਕਰਨ ਲਈ ਅਪੀਲ ਕਰਦੇ ਹੋਏ ਮੁੱਖ ਮੰਤਰੀ ਨੇ ਕੋਵਿਡ ਖਿਲਾਫ ਜੰਗ ਮਿਲਜੁਲ ਕੇ ਲੜਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਮੁੱਖ ਸਕੱਤਰ ਨੂੰ ਕੋਵਿਡ ਖਿਲਾਫ ਜੰਗ ਵਿੱਚ ਸੇਵਾ ਮੁਕਤ ਡਾਕਟਰਾਂ/ਨਰਸਾਂ ਅਤੇ ਐਮ.ਬੀ.ਬੀ.ਐਸ. ਦੇ ਆਖਰੀ ਵਰ੍ਹੇ ਦੇ ਵਿਦਿਆਰਥੀਆਂ ਨੂੰ ਐਲ-2/ਐਲ-3 ਸੰਸਥਾਨਾਂ ਵਿਖੇ ਮੁੜ ਡਿਊਟੀ ‘ਤੇ ਆਉਣ ਲਈ ਹੱਲਾਸ਼ੇਰੀ ਦੇਣ ਲਈ ਕਿਹਾ ਅਤੇ ਇਹ ਸੁਝਾਅ ਦਿੱਤਾ ਕਿ ਜਿਮਨੇਜ਼ੀਅਮ/ਹਾਲਾਂ ਵਿੱਚ ਆਰਜੀ ਤੌਰ ‘ਤੇ ਸਿਹਤ ਸੰਭਾਲ ਕੇਂਦਰ ਸਥਾਪਤ ਕਰਨ ਦੀ ਸੁਝਾਅ ਦਿੱਤਾ।

ਮੁੱਖ ਮੰਤਰੀ ਅੱਜ 6 ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਲੁਧਿਆਣਾ, ਐਸ.ਏ.ਐਸ. ਨਗਰ (ਮੋਹਾਲੀ), ਜਲੰਧਰ, ਬਠਿੰਡਾ, ਪਟਿਆਲਾ ਅਤੇ ਅੰਮ੍ਰਿਤਸਰ ਵਿਖੇ ਕੋਵਿਡ ਸਥਿਤੀ ਦੀ ਸਮੀਖਿਆ ਸਬੰਧੀ ਇੱਕ ਵਰਚੁਅਲ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ।

ਸਭ ਤੋਂ ਪ੍ਰਭਾਵਿਤ 6 ਜ਼ਿਲ੍ਹਿਆਂ ਵਿੱਚੋਂ ਮੋਹਾਲੀ ਅਤੇ 2 ਹੋਰ ਜ਼ਿਲ੍ਹਿਆਂ ਵਿੱਚ ਕੰਟੇਨਮੈਂਟ ਜ਼ੋਨਾਂ ਦੀ ਥੋੜ੍ਹੀ ਗਿਣਤੀ ‘ਤੇ ਚਿੰਤਾ ਜ਼ਾਹਿਰ ਕਰਦੇ ਹੋਏ ਮੁੱਖ ਮੰਤਰੀ ਨੇ ਕੰਟੇਨਮੈਂਟ ਅਤੇ ਟੈਸਟਿੰਗ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਤੁਰੰਤ ਕਦਮ ਚੁੱਕਣ ਦੇ ਹੁਕਮ ਦਿੱਤੇ। ਉਨ੍ਹਾਂ ਕਿਹਾ ਕਿ ਮਾਈਕਰੋ ਕੰਟੇਨਮੈਂਟ ਰਣਨੀਤੀ ਸਖਤੀ ਨਾਲ ਲਾਗੂ ਕੀਤੀ ਜਾਵੇ ਅਤੇ ਇਸ ਦੇ ਨਾਲ ਹੀ ਉਨ੍ਹਾਂ ਸਮੂਹ ਜ਼ਿਲ੍ਹਾ ਅਧਿਕਾਰੀਆਂ ਨੂੰ ਕੋਵਿਡ ਦਾ ਫੈਲਾਅ ਰੋਕਣਾ ਆਪਣੀ ਸਭ ਤੋਂ ਵੱਡੀ ਤਰਜੀਹ ਬਣਾਉਣ ਲਈ ਵੀ ਨਿਰਦੇਸ਼ ਦਿੱਤੇ।ਮੁੱਖ ਮੰਤਰੀ ਨੇ ਇਸ ਚੁਣੌਤੀਪੂਰਨ ਸਮੇਂ ਵਿੱਚ ਅਧਿਕਾਰੀਆਂ ਵੱਲੋਂ ਕੀਤੇ ਗਏ ਚੰਗੇ ਕੰਮ ਦੀ ਪ੍ਰਸੰਸਾ ਕਰਨ ਦੇ ਨਾਲ ਇਸ ਗੱਲ ਉਤੇ ਚਿੰਤਾ ਵੀ ਜ਼ਾਹਰ ਕੀਤੀ ਕਿ ਸੂਬੇ ਦੇ 14 ਜ਼ਿਲ੍ਹਿਆਂ ਵਿੱਚ ਪਾਜ਼ੇਟਿਵਟੀ ਦਰ 10 ਫੀਸਦੀ ਤੋਂ ਵੱਧ ਹੈ ਜਦੋਂ ਕਿ ਪੰਜ ਜ਼ਿਲ੍ਹਿਆਂ ਵਿੱਚ 60 ਫੀਸਦੀ ਤੋਂ ਵੱਧ ਬੈੱਡ ਭਰੇ ਹੋਏ ਹਨ।

ਉਨ੍ਹਾਂ ਕਿਹਾ ਕਿ ਮੁਹਾਲੀ ਵਿਖੇ 100 ਬਿਸਤਰਿਆਂ ਵਾਲੇ ਆਰਜ਼ੀ ਹਸਪਤਾਲ ਦਾ ਢਾਂਚਾ ਸਥਾਪਤ ਕੀਤਾ ਜਾ ਰਿਹਾ ਹੈ ਜਦੋਂ ਕਿ ਬਠਿੰਡਾ ਰਿਫਾਇਨਰੀ ਨੇੜੇ 250 ਬਿਸਤਰਿਆਂ ਵਾਲਾ ਆਰਜ਼ੀ ਹਸਪਤਾਲ ਬਣਾਇਆ ਜਾ ਰਿਹਾ ਹੈ ਜਿੱਥੇ ਰਿਫਾਇਨਰੀ ਤੋਂ ਆਕਸੀਜਨ ਦੀ ਸਪਲਾਈ ਹੋਵੇਗੀ। ਉਨ੍ਹਾਂ ਨੇ ਸਾਰੇ ਵਿਭਾਗਾਂ ਨੂੰ ਸਿਖਰ ਲਈ ਤਿਆਰ ਰਹਿਣ ਅਤੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਆਰਜ਼ੀ ਹਸਪਤਾਲ ਬਣਾਉਣ ਲਈ ਥਾਵਾਂ ਦੀ ਸ਼ਨਾਖਤ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਲੈਵਲ-2 ਉਤੇ ਬਿਸਤਰਿਆਂ ਦੀ ਉਪਲੱਬਧਤਾ ਭਾਵੇਂ ਹਾਲੇ ਪ੍ਰਬੰਧਨਯੋਗ ਹੈ ਪਰ ਲੈਵਲ-3 ਵਿੱਚ ਭਰੇ ਬਿਸਤਰਿਆਂ ਦੀ ਗਿਣਤੀ 82 ਫੀਸਦੀ ਉੱਤੇ ਪੁੱਜ ਗਈ ਹੈ। ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਪਟਿਆਲਾ ਅਤੇ ਅੰਮ੍ਰਿਤਸਰ ਵਿਖੇ 600 ਵਾਧੂ ਬਿਸਤਰਿਆਂ ਦੇ ਨਾਲ ਪੰਜਾਬ ਵਿੱਚ ਹੋਰ 2000 ਬਿਸਤਰਿਆਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।

ਫਤਹਿ ਕਿੱਟਾਂ ਖਾਸ ਕਰਕੇ ਆਕਸੀਮੀਟਰਜ਼ ਦੀ ਕਮੀ ਨੂੰ ਦੇਖਦਿਆਂ ਉਨ੍ਹਾਂ ਨੇ ਮੁੱਖ ਸਕੱਤਰ ਦਾ ਸੁਝਾਅ ਮੰਨਦਿਆਂ ਠੀਕ ਹੋਏ ਮਰੀਜ਼ਾ ਕੋਲੋਂ ਆਕਸੀਮੀਟਰ ਵਾਪਸ ਲੈਣ ਦੀ ਗੱਲ ਕਹੀ ਜੋ ਕਿ ਚੰਗੀ ਤਰ੍ਹਾਂ ਸੈਨੀਟਾਈਜ਼ ਕਰਨ ਉਪਰੰਤ ਅੱਗੇ ਵਰਤੋਂ ਲਈ ਦਿੱਤੇ ਜਾਣਗੇ।

ਡਾ. ਕੇ.ਕੇ. ਤਲਵਾੜ, ਜੋ ਸੂਬਾ ਸਰਕਾਰ ਦੇ ਕੋਵਿਡ ਮਾਹਿਰ ਗਰੁੱਪ ਦੇ ਮੁਖੀ ਹਨ, ਨੇ ਕਿਹਾ ਕਿ ਸਾਰੇ ਹਸਪਤਾਲਾਂ ਨੂੰ ਆਕਸੀਜਨ ਦੀ ਦੁਰਵਰਤੋਂ ਚੈੱਕ ਕਰਨ ਲਈ ਵਿਸਥਾਰਤ ਦਿਸ਼ਾ-ਨਿਰਦੇਸ਼ਾਂ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਠੀਕ ਹੋਏ ਮਰੀਜ਼ਾਂ ਨੂੰ ਲੈਵਲ-2 ਤੋਂ ਲੈਵਲ-3 ਦੇ ਖਾਲੀ ਬੈੱਡਜ਼ ਉਤੇ ਸ਼ਿਫਟ ਕੀਤਾ ਜਾ ਰਿਹਾ ਹੈ।

ਮੁੱਖ ਸਕੱਤਰ ਵਿਨੀ ਮਹਾਜਨ ਨੇ ਕਿਹਾ ਕਿ ਮੌਜੂਦਾ ਸਮੇਂ ਗੰਭੀਰ ਸਥਿਤੀ ਨੂੰ ਦੇਖਦਿਆਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੂੰ ਸਲਾਹ ਦਿੱਤੀ ਗਈ ਹੈ ਕਿ ਸੈਨੇਟ ਚੋਣਾਂ ਫਿਲਹਾਲ ਨਾ ਕਰਵਾਈਆਂ ਜਾਣ।

ਇਸ ਤੋਂ ਪਹਿਲਾਂ ਸਿਹਤ ਸਕੱਤਰ ਹੁਸਨ ਲਾਲ ਨੇ ਸੰਖੇਪ ਪੇਸ਼ਕਾਰੀ ਵਿੱਚ ਵਧਦੀ ਪਾਜ਼ੇਟਿਵੀ ਦਰ ਅਤੇ ਮੌਤ ਦਰ ਵੱਲ ਇਸ਼ਾਰਾ ਕਰਦਿਆਂ ਖੁਲਾਸਾ ਕਰਦਿਆਂ ਦੱਸਿਆ ਕਿ ਪੰਜਾਬ ਵਿੱਚ ਮੌਜੂਦਾ ਸਮੇਂ ਪਾਜ਼ੇਟਿਵਟੀ ਦਰ 12 ਹੈ ਜਦੋਂ ਕਿ ਐਸ.ਏ.ਐਸ. ਨਗਰ (ਮੁਹਾਲੀ) ਵਿੱਚ ਸਭ ਤੋਂ ਵੱਧ 22.9 ਹੈ।

 ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਅਤੇ ਪੁਲੀਸ ਕਮਿਸ਼ਨਰ ਸੁਖਚੈਨ ਗਿੱਲ ਨੇ ਆਕਸੀਜਨ ਸੰਕਟ ਉਚੇ ਚਿੰਤਾ ਜਾਹਰ ਕੀਤੀ ਜਿਸ ਲਈ ਵਾਇਆ ਗਰੀਨ ਕੌਰੀਡੋਰ ਦੂਜੇ ਜਿਲਿਆਂ ਤੋਂ ਹੰਗਾਮੀ ਸਪਲਾਈ ਰਾਹੀਂ ਰੋਜਾਨਾ ਪੂਰਤੀ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਆਕਸੀਜਨ ਦਾ ਆਡਿਟ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿਚ ਐਲ-3 ਦੇ 200 ਬੈੱਡਾਂ ਵਿੱਚੋਂ 196 ਬੈੱਡ ਮਰੀਜਾਂ ਨਾਲ ਭਰੇ ਹੋਏ ਹਨ ਜਦਕਿ ਜਿਲ੍ਹੇ ਵਿਚ 30 ਹੋਰ ਬੈੱਡ ਸ਼ਾਮਲ ਕੀਤੇ ਗਏ ਹਨ। ਜਿਲ੍ਹੇ ਵਿਚ ਚਾਰ ਕੰਟੇਨਮੈਂਟ ਅਤੇ 32 ਮਾਈਕਰੋ ਕੰਟੇਨਮੈਂਟ ਜੋਨ ਐਲਾਨੇ ਗਏ ਹਨ ਅਤੇ ਕੰਟੈਕਟ ਟ੍ਰੇਸਿੰਗ ਵਧਾਉਣ ਲਈ ਵੀ ਕਦਮ ਚੁੱਕੇ ਜਾ ਰਹੇ ਹਨ। ਮੈਡੀਕਲ ਸਿੱਖਿਆ ਮੰਤਰੀ ਓ.ਪੀ. ਸੋਨੀ ਨੇ ਮੀਟਿੰਗ ਦੌਰਾਨ ਦੱਸਿਆ ਕਿ ਅੰਮ੍ਰਿਤਸਰ  ਵਿਚ ਸਾਰੇ ਮੈਡੀਕਲ ਕਾਲਜਾਂ ਦੀਆਂ ਓ.ਪੀ.ਡੀ. ਸੇਵਾਵਾਂ ਬੰਦ ਕਰ ਦਿੱਤੀਆਂ ਹਨ ਅਤੇ ਸਟਾਫ ਨੂੰ ਕੋਵਿਡ ਡਿਊਟੀ ਵਿਚ ਲਾਇਆ ਜਾ ਰਿਹਾ ਹੈ।

ਬਠਿੰਡਾ ਦੇ ਡਿਪਟੀ ਕਮਿਸ਼ਨਰ ਨੇ ਜਿਲ੍ਹਾ ਪ੍ਰਸ਼ਾਸਨ ਦੇ ਯਤਨਾਂ ਨੂੰ ਪੂਰਾ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਇਨ੍ਹਾਂ ਯਤਨਾਂ ਦੇ ਤਹਿਤ ਬਠਿੰਡਾ ਰਿਫਾਈਨਰੀ ਵਿਖੇ 25 ਬਿਸਤਰਿਆਂ ਦੀ ਸਮਰੱਥਾ ਵਾਲਾ ਹਸਪਤਾਲ ਬਣਾਇਆ ਜਾ ਰਿਹਾ ਹੈ ਅਤੇ ਆਕਸੀਜਨ ਦੀ ਸਪਲਾਈ ਰਿਫਾਈਨਰੀ ਤੋਂ ਹੋਣੀ ਹੈ।

ਲੁਧਿਆਣਾ ਦੇ ਡਿਪਟੀ ਕਮਿਸਨਰ ਵਰਿੰਦਰ ਕੁਮਾਰ ਨੇ ਕਿਹਾ ਕਿ ਵਰਧਮਾਨ ਮਿੱਲ ਦੇ ਬੰਦ ਪਏ ਆਕਸੀਜਨ ਯੂਨਿਟ ਨੂੰ ਮੁੜ ਚਾਲੂ ਕਰ ਦਿੱਤਾ ਗਿਆ ਅਤੇ ਇਕ ਹੋਰ ਨੂੰ ਵੀ ਕਾਰਜਸ਼ੀਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਲ੍ਹੇ ਵਿਚ 30 ਅਪ੍ਰੈਲ ਤੱਕ ਪਾਜੇਟਿਵਟੀ ਦਰ 16 ਫੀਸਦੀ ਉਤੇ ਖੜ੍ਹੀ ਹੈ ਅਤੇ ਦਿੱਲੀ ਅਤੇ ਗੁੜਗਾਉਂ ਸਮੇਤ ਵੱਖ-ਵੱਖ ਹੋਰ ਥਾਵਾਂ ਤੋਂ ਮਰੀਜ਼ ਵੱਡੀ ਗਿਣਤੀ ਵਿਚ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਵੇਲੇ ਜਿਲ੍ਹੇ ਵਿਚ 2 ਕੰਟੇਨਮੈਂਟ ਅਤੇ 8 ਮਾਈਕਰੋ ਕੰਟੇਨਮੈਂਟ ਜੋਨ ਹਨ। ਲੁਧਿਆਣਾ ਦੇ ਪੁਲੀਸ ਕਮਿਸ਼ਨਰ ਨੇ ਕਿਹਾ ਕਿ ਇਸ ਹਫ਼ਤੇ 27 ਪੁਲੀਸ ਜਵਾਨ ਕੋਵਿਡ ਦੀ ਲਾਗ ਦੇ ਸ਼ਿਕਾਰ ਹੋਏ ਹਨ ਅਤੇ ਇਨ੍ਹਾਂ ਵਿੱਚੋਂ ਕੋਈ ਵੀ ਗੰਭੀਰ ਨਹੀਂ ਕਿਉਂ ਜੋ ਇਨ੍ਹਾਂ ਸਾਰਿਆਂ ਨੇ ਕੋਵਿਡ ਤੋਂ ਬਚਾਅ ਦੇ ਟੀਕੇ ਲਵਾਏ ਹੋਏ ਹਨ।

ਮੀਟਿੰਗ ਵਿਚ ਦੱਸਿਆ ਗਿਆ ਕਿ ਪਟਿਆਲਾ ਜਿਲ੍ਹੇ ਵਿਚ ਆਕਸਜੀਨ ਦੇ ਆਡਿਟ ਨਾਲ ਮੰਗ ਘਟੀ ਹੈ ਅਤੇ ਜਿਲ੍ਹੇ ਵਿਚ ਕੰਟੇਨਮੈਂਟ ਜੋਨ ਵਧਾਏ ਗਏ ਹਨ ਅਤੇ ਅਜਿਹੇ ਜੋਨਾਂ ਵਿਚ 100 ਫੀਸਦੀ ਟੈਸਟਿੰਗ ਕੀਤੀ ਜਾ ਰਹੀ ਹੈ। ਜਿਲ੍ਹੇ ਵਿਚ ਐਲ-2 ਅਤੇ ਐਲ-3 ਵਿਚ ਹੋਰ ਬੈੱਡ ਸਾਮਲ ਕੀਤੇ ਗਏ ਹਨ।

        ਮੀਟਿੰਗ ਵਿਚ ਦੱਸਿਆ ਗਿਆ ਕਿ ਅਤਿ ਪ੍ਰਭਾਵਿਤ ਮੋਹਾਲੀ ਜਿਲ੍ਹੇ ਵਿਚ 90 ਫੀਸਦੀ ਬੈੱਡ ਭਰੇ ਹੋਏ ਹਨ। ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਖੁਲਾਸਾ ਕੀਤਾ ਕਿ ਵੱਡੀ ਗਿਣਤੀ ਵਿਚ ਮਰੀਜ਼ ਦਿੱਲੀ-ਐਨ.ਸੀ.ਆਰ. ਤੋਂ ਆਏ ਹਨ। ਉਨ੍ਹਾਂ ਕਿਹਾ ਕਿ ਟ੍ਰਾਈਸਿਟੀ ਦੇ ਦੂਜੇ ਹਿੱਸਿਆਂ ਵੱਲੋਂ ਹਫਤਾਵਾਰੀ ਲਾਕਡਾਊਨ ਲਈ ਸਹਿਮਤ ਨਾ ਹੋਣ ਕਰਕੇ ਸਥਿਤੀ ਗੰਭੀਰ ਬਣੀ ਹੈ। 

————

LEAVE A REPLY

Please enter your comment!
Please enter your name here