*ਕੋਰੋਨਾ ਦੀ ਰੋਕਥਾਮ ਲਈ ਟੈਸਟਿੰਗ ਅਤੇ ਟੀਕਾਕਰਨ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਪ੍ਰਸ਼ਾਸਨ ਸਰਗਰਮ*

0
10

ਮਾਨਸਾ, 16 ਅਪ੍ਰੈਲ ( ਸਾਰਾ ਯਹਾਂ /ਜੋਨੀ ਜਿੰਦਲ) ਕੋਰੋਨਾ ਮਹਾਂਮਾਰੀ ਨੂੰ ਨਾਗਰਿਕਾਂ ਵਿੱਚ ਫੈਲਣ ਤੋਂ ਰੋਕਣ ਲਈ ਟੈਸਟਿੰਗ ਤੇ ਟੀਕਾਕਰਨ ਦੀ ਪ੍ਰਕਿਰਿਆ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੇਜ਼ੀ ਲਿਆ ਦਿੱਤੀ ਗਈ ਹੈ ਅਤੇ ਪਿਛਲੇ ਪੰਜ ਦਿਨਾਂ ਵਿੱਚ ਜਿਥੇ ਕੋਰੋਨਾ ਦੇ ਸੈਂਪਲ ਲੈਣ ਦੀ ਦਰ ਵਧਾਈ ਗਈ ਹੈ ਉਥੇ ਹੀ ਲੋਕਾਂ ਵਿੱਚ ਟੀਕਾਕਰਨ ਕਰਵਾਉਣ ਲਈ ਉਤਸ਼ਾਹ ਵਧਿਆ ਨਜ਼ਰ ਆ ਰਿਹਾ ਹੈ। ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਹਿਲਾਂ ਲੋਕ ਇਸ ਬਿਮਾਰੀ ਨੂੰ ਹਲਕੇ ਵਿੱਚ ਲੈ ਰਹੇ ਸਨ ਪਰ ਲਗਾਤਾਰ ਜਾਗਰੂਕਤਾ ਦੇ ਚਲਦਿਆਂ ਹੁਣ ਲੋਕਾਂ ਵਿੱਚ ਸੈਂਪਲਿੰਗ ਤੇ ਟੀਕਾਕਰਨ ਦਾ ਰੁਝਾਨ ਵਧਿਆ ਹੈ ਜੋ ਕਿ ਇੱਕ ਚੰਗਾ ਸੰਕੇਤ ਹੈ ਜਿਸ ਨਾਲ ਆਉਣ ਵਾਲੇ ਦਿਨਾਂ ਵਿੱਚ 45 ਸਾਲ ਤੋਂ ਵੱਧ ਉਮਰ ਦੀ ਵੱਡੀ ਵਸੋਂ ਦਾ ਟੀਕਾਕਰਨ ਯਕੀਨੀ ਬਣਾ ਲਿਆ ਜਾਵੇਗਾ। ਸਿਵਲ ਸਰਜਨ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ‘ਤੇ ਸਿਹਤ ਵਿਭਾਗ ਦੀਆਂ ਟੀਮਾਂ ਵਾਰਡਾਂ ਤੇ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨਜ਼ਦੀਕ ਵਿਸ਼ੇਸ਼ ਕੈਂਪਾਂ ਰਾਹੀਂ ਟੀਕਾਕਰਨ ਲਈ ਪ੍ਰੇਰਿਤ ਕਰ ਰਹੀਆਂ ਹਨ।
ਸਿਵਲ ਸਰਜਨ ਨੇ 11 ਅਪ੍ਰੈਲ ਤੋਂ 15 ਅਪ੍ਰੈਲ ਤੱਕ ਦੇ ਵੇਰਵੇ ਦਸਦਿਆਂ ਕਿਹਾ ਕਿ 11 ਅਪ੍ਰੈਲ ਨੂੰ 673 ਜਣਿਆਂ ਨੇ ਟੀਕਾਕਰਨ ਕਰਵਾਇਆ ਸੀ ਜਦਕਿ ਵਿਸ਼ੇਸ ਕੈਂਪਾਂ ਦੇ ਚਲਦਿਆਂ 1868 ਨਾਗਰਿਕਾਂ ਨੇ ਟੀਕਾ ਲਗਵਾਇਆ ਅਤੇ ਹੁਣ ਇਹ ਗਿਣਤੀ ਨਿਰੰਤਰ ਵਧੇਗੀ। ਸਿਵਲ ਸਰਜਨ ਨੇ ਦੱਸਿਆ ਕਿ ਅਹਿਤਿਆਤ ਦੇ ਤੌਰ ‘ਤੇ ਲਏ ਜਾ ਰਹੇ ਕੋਰੋਨਾ ਸੈਂਪਲਾਂ ਦੀ ਗਿਣਤੀ ਵੀ ਵਧਾਈ ਗਈ ਹੈ ਜਿਸ ਦੇ ਚਲਦਿਆਂ 11 ਅਪ੍ਰੈਲ ਨੂੰ 333 ਸੈਂਪਲ, 12 ਨੂੰ 698 ਅਤੇ 15 ਨੂੰ ਹੋਰ ਇਜ਼ਾਫਾ ਕਰਦਿਆਂ 729 ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਤਾਂ ਜੋ ਇਸ ਮਹਾਂਮਾਰੀ ਨੂੰ ਠੱਲ੍ਹ ਪਾਈ ਜਾ ਸਕੇ ਅਤੇ ਪਾਜ਼ੀਟਿਵ ਪਾਏ ਜਾਣ ਵਾਲੇ ਵਿਅਕਤੀਆਂ ਨੂੰ ਘਰੇਲੂ ਇਕਾਂਤਵਾਸ ਵਿੱਚ ਭੇਜਿਆ ਜਾ ਸਕੇ।
ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਲੋਕਾਂ ਨੂੰ ਸੂਬਾ ਸਰਕਾਰ ਵੱਲੋਂ ਜਾਰੀ ਕੋਵਿਡ ਪ੍ਰੋਟੋਕਾਲ ਪ੍ਰਤੀ ਜਾਗਰੂਕ ਕਰਦੇ ਹੋਏ ਟੀਕਾਕਰਨ ਕਰਵਾਉਣ ਲਈ ਪ੍ਰੇਰਿਤ ਕਰ ਰਹੀਆਂ ਹਨ ਕਿਉਂਕਿ ਕੋਵਿਡ ਕੇਸਾਂ ਦੀ ਲੜੀ ਨੂੰ ਤੋੜਨ ਦਾ ਇਹ ਇੱਕੋ-ਇੱਕ ਰਸਤਾ ਹੈ।
ਸਿਹਤ ਸਾਵਧਾਨੀਆਂ ਦੀ ਪਾਲਣਾ ਦੀ ਅਪੀਲ ਕਰਦਿਆਂ ਸਿਵਲ ਸਰਜਨ ਨੇ ਕਿਹਾ ਕਿ ਮਾਸਕ ਨਾਲ ਚੰਗੀ ਤਰ੍ਹਾਂ ਆਪਣੇ ਮੂੰਹ ਤੇ ਨੱਕ ਨੂੰ ਢਕਿਆ ਜਾਵੇ ਅਤੇ ਸਮਾਜਿਕ ਦੂਰੀ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਅਪੀਲ ਕੀਤੀ ਕਿ ਆਪਣੇ ਹੱਥ ਸਾਫ਼ ਚੱਲ ਰਹੇ ਪਾਣੀ ਨਾਲ ਧੋਵੋ, ਆਪਣੇ ਹੱਥਾਂ ਅਤੇ ਗੁੱਟਾਂ ਦੀਆਂ ਸਾਰੀਆਂ ਸਤਹਾਂ ਨੂੰ ਸਾਬਣ ਲਗਾਓ, ਆਪਣੇ ਹੱਥਾਂ ਨੂੰ  ਚੰਗੀ ਤਰ੍ਹਾਂ ਰਗੜੋ, ਆਪਣੇ ਹੱਥਾਂ, ਉਂਗਲੀਆਂ, ਨਹੁੰਆਂ ਅਤੇ ਗੁੱਟ ਦੀਆਂ ਸਾਰੀਆਂ ਸਤਹਾਂ ਨੂੰ ਸਾਫ਼ ਕਰਨਾ ਨਿਸ਼ਚਤ ਕਰੋ, ਆਪਣੇ ਹੱਥਾਂ ਅਤੇ ਗੁੱਟਾਂ ਨੂੰ ਘੱਟੋ ਘੱਟ 20 ਸਕਿੰਟ ਲਈ ਰਗੜੋ, ਆਪਣੇ ਹੱਥਾਂ ਅਤੇ ਕਲਾਈਆਂ ਨੂੰ ਸਾਫ ਚੱਲ ਰਹੇ ਪਾਣੀ ਦੇ ਹੇਠਾਂ ਕਰੋ ਅਤੇ ਆਪਣੇ ਹੱਥਾਂ ਅਤੇ ਕਲਾਈਆਂ ਨੂੰ ਸਾਫ਼ ਡਿਸਪੋਜਏਬਲ ਰੁਮਾਲ ਨਾਲ ਸੁਕਾਉਣਾ ਆਦਿ ਸ਼ਾਮਲ ਹੈ।
I

NO COMMENTS