ਚੰਡੀਗੜ੍ਹ07,ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ): ਪੰਜਾਬ ਵਿੱਚ ਕੋਰੋਨਾ ਦੀ ਦੂਜੀ ਲਹਿਰ ਮਗਰੋਂ ਸਵਾਲ ਉੱਠ ਰਹੇ ਹਨ ਕਿ ਸਰਕਾਰ ਹੁਣ ਮੁੜ ਸਕੂਲ ਬੰਦ ਕਰੇਗੀ। ਇਸ ਬਾਰੇ ਪੰਜਾਬ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਸਕੂਲ ਬੰਦ ਨਹੀਂ ਹੋਣਗੇ। ਮੁੱਖ ਸਕੱਤਰ ਵਿਨੀ ਮਹਾਜਨ ਨੇ ਕਿਹਾ ਹੈ ਕਿ ਸਕੂਲਾਂ ਵਿੱਚ ਬਿਮਾਰੀ ਦਾ ਫੈਲਾਅ ਘੱਟ ਹੈ, ਇਸ ਲਈ ਸਕੂਲ ਬੰਦ ਕਰਨ ਦੀ ਲੋੜ ਨਹੀਂ।
ਉਂਝ ਉਨ੍ਹਾਂ ਨੇ ਕਿਹਾ ਹੈ ਕਿ ਸਕੂਲ ਅਧਿਆਪਕਾਂ ਨੂੰ ਟੈਸਟ ਕਰਵਾਉਣ ਲਈ ਉਤਸ਼ਾਹਤ ਕੀਤਾ ਜਾਵੇ ਤੇ ਯੋਗ ਅਧਿਆਪਕਾਂ ਨੂੰ ਪਹਿਲ ਦੇ ਆਧਾਰ ’ਤੇ ਫਰੰਟ ਲਾਈਨ ਵਰਕਰਾਂ ਵਜੋਂ ਲਾਜ਼ਮੀ ਤੌਰ ’ਤੇ ਟੀਕਾ ਲਾਇਆ ਜਾਵੇ।
ਦਰਅਸਲ ਕੋਰੋਨਾ ਦੇ ਕੇਸ ਵਧਣ ਮਗਰੋਂ ਪੰਜਾਬ ਤੇ ਕੇਂਦਰ ਸਰਕਾਰ ਚੌਕਸ ਹੋ ਗਈ ਹੈ। ਪੰਜਾਬ ਸਰਕਾਰ ਨੇ ਸੂਬੇ ’ਚ ਨੇਮਾਂ ਦੀ ਪਾਲਣਾ ਤੇ ਚੌਕਸੀ ਦੇ ਆਦੇਸ਼ ਦਿੱਤੇ ਹਨ। ਇਸ ਬਾਰੇ ਵਿਨੀ ਮਹਾਜਨ ਨੇ ਕਿਹਾ ਕਿ ਕੋਵਿਡ ਦੀ ਦੂਜੀ ਲਹਿਰ ਸ਼ੁਰੂ ਹੋ ਚੁੱਕੀ ਹੈ ਤੇ ਸਾਰੇ ਡਿਪਟੀ ਕਮਿਸ਼ਨਰਾਂ ਤੇ ਪੁਲਿਸ ਮੁਖੀਆਂ ਵੱਲੋਂ ਲਾਜ਼ਮੀ ਤੌਰ ’ਤੇ ਵਿਆਹਾਂ, ਧਾਰਮਿਕ ਸਮਾਗਮਾਂ ਤੇ ਸਮਾਜਿਕ ਕਾਰਜਾਂ ਵਰਗੇ ਵੱਡੇ ਇਕੱਠਾਂ ਦੌਰਾਨ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀਮਤ ਇਕੱਤਰਤਾ ਯਕੀਨੀ ਬਣਾਈ ਜਾਵੇ।