ਕੋਰੋਨਾ ‘ਤੇ ਨਵਾਂਸ਼ਹਿਰ ਦੀ ਜਿੱਤ: 13 ਮਰੀਜ਼ ਹੋਏ ਠੀਕ

0
31

ਚੰਡੀਗੜ੍ਹ: ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਦੇ ਤਿੰਨ ਹੋਰ ਮਰੀਜ਼ਾਂ ਦੀ ਪਹਿਲੀ ਜਾਂਚ ਰਿਪੋਰਟ ਨੈਗੇਟਿਵ ਆਈ ਹੈ। ਹੁਣ ਤੱਕ 18 ’ਚੋਂ 13 ਮਰੀਜ਼ ਬਿਲਕੁਲ ਸਿਹਤਯਾਬ ਹੋ ਗਏ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸਾਖੀ ਮੌਕੇ ਵੀ ਲੋਕਾਂ ਨੂੰ ਘਰਾਂ ’ਚ ਹੀ ਰਹਿਣ ਦੀ ਤਾਕੀਦ ਕੀਤੀ ਜਾ ਰਹੀ ਹੈ।

ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਅੱਜ ਤਿੰਨ ਹੋਰ ਮਰੀਜ਼ਾਂ ਆਈਸੋਲੇਸ਼ਨ ਦਾ ਸਮਾਂ ਪੂਰਾ ਕਰਨ ਤੋਂ ਬਾਅਦ ਦੂਸਰੀ ਵਾਰ ਕਰਵਾਏ ਗਏ ਕੋਵਿਡ-19 ਟੈਸਟ ‘ਚ ਨੈਗੇਟਿਵ ਆਏ ਹਨ। ਹੁਣ ਜ਼ਿਲ੍ਹੇ ’ਚ ਕੋਰੋਨਾ ਨੂੰ ਮਾਤ ਦੇ ਚੁੱਕੇ ਮਰੀਜ਼ਾਂ ਦੀ ਗਿਣਤੀ 13 ’ਤੇ ਪੁੱਜ ਗਈ ਹੈ।

ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਦੱਸਿਆ ਕਿ ਇਨ੍ਹਾਂ ਤਿੰਨ ਮਰੀਜ਼ਾਂ ਦੇ ਸਿਹਤਯਾਬ ਹੋਣ ਦੇ ਨਾਲ-ਨਾਲ ਬਾਕੀ ਰਹਿ ਗਏ 5 ਮਰੀਜ਼ਾਂ ’ਚੋਂ ਤਿੰਨ ਹੋਰਾਂ ਦਾ ਵੀ ਆਈਸੋਲੇਸ਼ਨ ਸਮਾਂ ਪੂਰਾ ਹੋਣ ਤੋਂ ਬਾਅਦ, ਪਹਿਲੀ ਵਾਰ ਕਰਵਾਏ ਗਏ ਟੈਸਟ ਨੈਗੇਟਿਵ ਆਏ ਹਨ। ਉਨ੍ਹਾਂ ਦੱਸਿਆ ਕਿ ਅੱਜ ਸਿਹਤਯਾਬ ਹੋਏ ਤਿੰਨ ਮਰੀਜ਼ਾਂ ’ਚੋਂ ਦੋ ਸਵਰਗੀ ਬਲਦੇਵ ਸਿੰਘ ਦੇ ਪੁੱਤਰ ਤੇ ਇੱਕ ਨੂੰਹ ਹੈ।

ਇਸ ਤੋਂ ਪਹਿਲਾਂ ਠੀਕ ਹੋ ਚੁੱਕੇ 10 ਮਰੀਜ਼ਾਂ ’ਚ ਇੱਕ ਸਵ. ਬਲਦੇਵ ਸਿੰਘ ਦਾ ਪੁੱਤਰ, ਤਿੰਨ ਪੋਤੀਆਂ, ਇੱਕ ਪੋਤਾ ਤੇ ਇੱਕ ਦੋਹਤਾ ਸ਼ਾਮਿਲ ਹਨ। ਇਨ੍ਹਾਂ ਤੋਂ ਇਲਾਵਾ ਸਿਹਤਯਾਬ ਹੋਏ ਬਾਬਾ ਗੁਰਬਚਨ ਸਿੰਘ ਪਠਲਾਵਾ, ਬਾਬਾ ਦਲਜਿੰਦਰ ਸਿੰਘ ਲਧਾਣਾ ਝਿੱਕਾ ਅਤੇ ਸਰਪੰਚ ਹਰਪਾਲ ਸਿੰਘ ਪਠਲਾਵਾ ਵੀ ਇਨ੍ਹਾਂ ਦਸਾਂ ’ਚ ਸ਼ਾਮਲ ਹਨ।

ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਤਾਕੀਦ ਕੀਤੀ ਹੈ ਕਿ ਉਹ ਕੋਰੋਨਾ ਦਾ ਸਾਹਮਣਾ ਕਰਨ ਲਈ ਆਪਣੇ ਘਰਾਂ ’ਚ ਹੀ ਬੈਠਣ ਅਤੇ ਵਿਸਾਖੀ ਦੀਆਂ ਖੁਸ਼ੀਆਂ ਆਪਣੇ ਪਰਿਵਾਰ ’ਚ ਹੀ ਸਾਂਝੀਆਂ ਕਰਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ‘ਚ ਕੋਰੋਨਾ ਵਾਇਰਸ ਦੇ ਫ਼ੈਲਾਅ ‘ਤੇ ਬੜੀ ਮੁਸ਼ਕਲ ਨਾਲ ਕਾਬੂ ਪਾਇਆ ਗਿਆ ਹੈ ਅਤੇ ਹਰ ਇੱਕ ਜ਼ਿਲ੍ਹਾ ਵਾਸੀ ਦੀ ਜ਼ਿੰਮੇਂਵਾਰੀ ਬਣ ਜਾਂਦੀ ਹੈ ਕਿ ਉਹ ਪ੍ਰਸ਼ਾਸਨ ਦੇ ਇਨ੍ਹਾਂ ਯਤਨਾਂ ਨੂੰ ਬੇਕਾਰ ਨਾ ਹੋਣ ਦੇਣ।

NO COMMENTS