*ਕੋਰੋਨਾ ਕਾਰਨ ਪੰਜਾਬ ‘ਚ ਨਵੀਂਆਂ ਪਾਬੰਦੀਆਂ, ਪ੍ਰਾਈਵੇਟ ਮੁਲਾਜ਼ਮਾਂ ਲਈ ਸਖਤ ਨਿਰਦੇਸ਼, ਇਨ੍ਹਾਂ ਕੰਮਾਂ ਲਈ ਛੂਟ*

0
256

ਚੰਡੀਗੜ੍ਹ 28,ਅਪ੍ਰੈਲ (ਸਾਰਾ ਯਹਾਂ/ਬਿਊਰੋ ਰਿਪੋਰਟ):: ਪੰਜਾਬ ਸਰਕਾਰ ਨੇ ਕੋਰੋਨਾ ਦੀ ਲਾਗ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸੂਬੇ ‘ਚ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ। ਸੂਬਾ ਸਰਕਾਰ ਨੇ ਪ੍ਰਾਈਵੇਟ ਦਫ਼ਤਰਾਂ ਤੇ ਸਰਵਿਸ ਇੰਡਸਟਰੀ ਨੂੰ ਵਰਕ ਫ਼ਰਾਮ ਹੋਮ ਕਰਨ ਲਈ ਕਿਹਾ ਹੈ। ਪੰਜਾਬ ‘ਚ ਦੁਕਾਨਾਂ ਸ਼ਾਮ 5 ਵਜੇ ਬੰਦ ਹੋਣਗੀਆਂ, ਜਦਕਿ ਨਾਈਟ ਕਰਫ਼ਿਊ ਦਾ ਸਮਾਂ ਸ਼ਾਮ 6 ਵਜੇ ਤੋਂ ਲਾਗੂ ਕੀਤਾ ਗਿਆ ਹੈ। ਇਹ ਹੁਕਮ ਸੂਬੇ ‘ਚ ਬੀਤੇ ਦਿਨ ਤੋਂ ਲਾਗੂ ਹੋ ਗਏ ਹਨ। ਆਦੇਸ਼ਾਂ ਦੀ ਉਲੰਘਣਾ ਕਰਨ ‘ਤੇ ਮਹਾਂਮਾਰੀ ਕਾਨੂੰਨ ਤਹਿਤ ਕਾਰਵਾਈ ਹੋ ਸਕਦੀ ਹੈ।

ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨੀਂ ਮੀਟਿੰਗ ‘ਚ ਇਹ ਫ਼ੈਸਲੇ ਲਏ, ਜਿਸ ਦੀ ਨੋਟੀਫਿਕੇਸ਼ਨ ਗ੍ਰਹਿ ਵਿਭਾਗ ਵੱਲੋਂ ਜਾਰੀ ਕੀਤੀ ਗਈ ਹੈ। ਸਰਕਾਰ ਨੇ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਨੂੰ ਪਾਬੰਦੀਆਂ ਦੀ ਸਖ਼ਤੀ ਨਾਲ ਪਾਲਣ ਕਰਨ ਦੇ ਨਿਰਦੇਸ਼ ਦਿੱਤੇ ਹਨ। ਅਧਿਕਾਰੀਆਂ ਨੂੰ ਲਾਜ਼ਮੀ ਤੌਰ ‘ਤੇ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਲੋਕ ਸਮਾਜਿਕ ਦੂਰੀ ਦੀ ਪਾਲਣਾ ਕਰਨ। ਮਾਸਕ ਨਾ ਪਾਉਣ ਵਾਲਿਆਂ ਵਿਰੁੱਧ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਨਾਲ ਹੀ ਜਨਤਕ ਥਾਵਾਂ ‘ਤੇ ਥੁੱਕਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਇਹ ਹਨ ਨਵੀਆਂ ਹਦਾਇਤਾਂ

ਪੰਜਾਬ ‘ਚ ਮਲਟੀਪਲੈਕਸ, ਮਾਲ ਆਦਿ ਸਮੇਤ ਸਾਰੀਆਂ ਦੁਕਾਨਾਂ ਸ਼ਾਮ 5 ਵਜੇ ਬੰਦ ਹੋ ਜਾਣਗੀਆਂ। ਹੋਮ ਡਿਲੀਵਰੀ ਰਾਤ 9 ਵਜੇ ਤਕ ਰਹੇਗੀ।

ਸ਼ਾਮ ਨੂੰ 6 ਤੋਂ ਸਵੇਰੇ 5 ਵਜੇ ਤਕ ਨਾਈਟ ਕਰਫਿਊ ਹੋਵੇਗਾ। ਇਸ ਦੌਰਾਨ ਗ਼ੈਰ-ਜ਼ਰੂਰੀ ਗਤੀਵਿਧੀਆਂ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ।

ਸ਼ਨਿੱਚਰਵਾਰ ਸਵੇਰੇ 5 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤਕ ਕਰਫ਼ਿਊ ਰਹੇਗਾ। ਹਾਲਾਂਕਿ ਸਾਰੀਆਂ ਜ਼ਰੂਰੀ ਗਤੀਵਿਧੀਆਂ ਨੂੰ ਛੋਟ ਦਿੱਤੀ ਜਾਵੇਗੀ।

ਸਰਵਿਸ ਇੰਡਸਟਰੀ ਸਮੇਤ ਸਾਰੇ ਨਿੱਜੀ ਦਫ਼ਤਰਾਂ ਨੂੰ ਵਰਕ ਫ਼ਰਾਮ ਹੋਮ ਕਰਨ ਲਈ ਕਿਹਾ ਗਿਆ ਹੈ।

ਇਨ੍ਹਾਂ ‘ਤੇ ਕੋਈ ਪਾਬੰਦੀ ਨਹੀਂ

ਦੁੱਧ, ਡੇਅਰੀ ਉਤਪਾਦਾਂ, ਸਬਜ਼ੀਆਂ, ਫਲ ਆਦਿ ਜ਼ਰੂਰੀ ਚੀਜ਼ਾਂ ਦੀ ਸਪਲਾਈ ਕਰਨ ਵਾਲੀਆਂ ਦੁਕਾਨਾਂ ਤੇ ਕੈਮਿਸਟ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ।


ਨਿਰਮਾਣ ਉਦਯੋਗ ਉੱਤੇ ਵੀ ਕੋਈ ਪਾਬੰਦੀ ਨਹੀਂ ਹੋਵੇਗੀ।

ਜਿਹੜੀਆਂ ਫੈਕਟਰੀਆਂ 24 ਘੰਟੇ ਦੀ ਸ਼ਿਫਟ ‘ਚ ਕੰਮ ਕਰਦੀਆਂ ਹਨ, ਉਹ ਖੁੱਲ੍ਹੀਆਂ ਰਹਿਣਗੀਆਂ।

ਹਵਾਈ ਆਵਾਜਾਈ, ਰੇਲ ਗੱਡੀਆਂ, ਬੱਸ ਆਵਾਜਾਈ ਪ੍ਰਭਾਵਿਤ ਨਹੀਂ ਹੋਵੇਗੀ।

ਖੇਤੀਬਾੜੀ, ਖਰੀਦ, ਬਾਗਵਾਨੀ, ਪਸ਼ੂ ਪਾਲਣ, ਵੈਟਰਨਰੀ ਸੇਵਾਵਾਂ।

ਈ-ਕਾਮਰਸ ਤੇ ਸਾਰੇ ਸਾਮਾਨ ਦੀ ਆਵਾਜਾਈ।

ਟੀਕਾਕਰਨ ਕੈਂਪ ਤਕ ਪਹੁੰਚਣਾ।

NO COMMENTS