ਮਾਨਸਾ, 13 ਮਈ (ਸਾਰਾ ਯਹਾਂ/ਮੁੱਖ ਸੰਪਾਦਕ): ਜਿ਼ਲ੍ਹਾ ਪ੍ਰੋਗਰਾਮ ਅਫਸਰ ਸ੍ਰੀ ਪ੍ਰਦੀਪ ਸਿੰਘ ਗਿੱਲ ਨੇ ਦੱਸਿਆ ਕਿ ਵਿਸ਼ਵ ਭਰ ਵਿੱਚ ਕੋਰੋਨਾ ਮਹਾਂਮਾਰੀ ਦੇ ਦੂਜੇ ਗੇੜ ਵਿਚ ਮੌਤਾਂ ਦੀ ਵਧ ਰਹੀ ਗਿਣਤੀ ਦੌਰਾਨ ਸਰਕਾਰ ਨੇ ਕੋਰੋਨਾ ਕਾਰਨ ਜਾਨ ਗੁਆ ਚੁੱਕੇ ਜਾਂ ਹਸਪਤਾਲਾਂ ਵਿੱਚ ਦਾਖਲ ਮਾਪਿਆਂ ਦੇ ਬੱਚਿਆਂ ਨੂੰ ਸੰਭਾਲਣ ਦੇ ਆਦੇਸ਼ ਜਾਰੀ ਕੀਤੇ ਹਨ। ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੇ ਇਸ ਕੰਮ ਦੀ ਜਿੰਮੇਵਾਰੀ ਹਰ ਸੁੂਬੇ ਅੰਦਰ ਜਿ਼ਲ੍ਹਾ ਪੱਧਰ ਤੇ ਤਾਇਨਾਤ ਜਿ਼ਲ੍ਹਾ ਬਾਲ ਸੁਰੱਖਿਆ ਅਫ਼ਸਰ ਅਤੇ ਚਾਇਲਡ ਲਾਇਨ ਦੇ ਮੋਢਿਆਂ ਤੇ ਪਾਈ ਹੈ ਜੋ ਕਿ ਲੋੜਵੰਦ ਬੱਚਿਆਂ ਦੀ ਸ਼ਨਾਖਤ ਕਰਨ ਜਾਂ ਅਜਿਹੇ ਬੱਚਿਆਂ ਦੀ ਸੂਚਨਾ ਮਿਲਦਿਆਂ ਹੀ ਬੱਚਿਆਂ ਨੂੰ ਸਬੰਧਤ ਥਾਣੇ ਤੋਂ ਪੁਲਿਸ ਰਿਪੋਰਟ ਪ੍ਰਾਪਤ ਕਰਕੇ ਜਨਰਲ ਮੈਡੀਕਲ, ਕੋਰੋਨਾ ਟੈਸਟ ਅਤੇ ਮੁਢਲੇ ਇਲਾਜ ਉਪਰੰਤ ਬਾਲ ਭਲਾਈ ਕਮੇਟੀ ਨਾਲ ਤਾਲਮੇਲ ਕਰਦੇ ਹੋਏ ਸਰਕਾਰ ਤੋਂ ਮਾਨਤਾ ਪ੍ਰਾਪਤ ਬਾਲ ਘਰ ਵਿਚ ਪਹੁੰਚਾਉਣਗੇ। ਦੂਜੇ ਪਾਸੇ ਦੇਸ਼ ਭਰ ਦੇ ਬਾਲ ਘਰਾਂ ਪ੍ਰੰਬਧਕਾਂ ਨੂੰ ਵੀ ਆਪਣੇ ਅਦਾਰਿਆਂ ਵਿੱਚ ਲੜਕੇ ਅਤੇ ਲੜਕੀਆਂ ਵਾਸਤੇ ਇਕਾਂਤਵਾਸ ਕੇਂਦਰ ਸਥਾਪਿਤ ਕਰਨ ਲਈ ਕਿਹਾ ਗਿਆ ਹੈ ਤਾਂ ਕਿ ਨਵੇਂ ਆਉਣ ਵਾਲੇ ਬੱਚਿਆਂ ਦੀ ਬਾਲ ਘਰਾਂ ਵਿੱਚ ਪਹਿਲਾਂ ਰਹਿੰਦੇ ਬੱਚਿਆਂ ਤੋਂ ਕੁਝ ਦਿਨਾਂ ਲਈ ਦੂਰੀ ਬਣਾਈ ਜਾ ਸਕੇ ਅਤੇ ਜੇਕਰ ਕੋਈ ਬੱਚਾ ਕੋਰੋਨਾ ਵਾਇਰਸ ਤੋਂ ਇੰਨਫੈਕਟਡ ਹੋਵੇ ਤਾਂ ਦੂਜੇ ਬੱਚਿਆਂ ਨੂੰ ਇਸ ਤੋਂ ਬਚਾਇਆ ਜਾ ਸਕੇ।
ਜਿ਼ਲ੍ਹਾ ਬਾਲ ਸੁਰੱਖਿਆ ਅਫਸਰ ਡਾ. ਸ਼ਾਈਨਾ ਕਪੂਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਆਮ ਜਨਤਾ ਨੂੰ ਅਜਿਹੇ ਬੱਚੇ ਜਿਸ ਦੇ ਮਾਤਾ—ਪਿਤਾ ਦੀ ਮੌਤ ਕੋਰੋਨਾ ਨਾਲ ਹੋ ਚੁੱਕੀ ਹੈ ਜਾਂ ਜਿਸ ਦੇ ਮਾਤਾ ਪਿਤਾ ਕੋਰੋਨਾ ਮਹਾਂਮਾਰੀ ਨਾਲ ਲੜ ਰਹੇ ਹਨ ਤਾਂ ਇਸ ਦੀ ਸੂਚਨਾਂ ਇਨ੍ਹਾਂ ਨੰਬਰਾਂ (ਜਿਲ੍ਹਾ ਬਾਲ ਸੁਰੱਖਿਆ ਅਫਸਰ— 84378—83300, ਚੇਅਰਪਰਸਨ, ਬਾਲ ਭਲਾਈ ਕਮੇਟੀ:— 98723—31277, ਚਾਇਲਡ ਲਾਈਨ — 1098) ਤੇ ਦਿੱਤੀ ਜਾਵੇ ।