*ਕੈਰੀ ਆਨ ਜੱਟਾ -3 ਵਿੱਚ ਸ਼੍ਰੀ ਸਨਾਤਨ ਧਰਮ ਦੀ ਕੀਤੀ ਬੇਅਦਬੀ ਵਾਰੇ ਮਾਨਯੋਗ S.S.P ਮਾਨਸਾ ਨੂੰ ਮਿਲਕੇ ਕਾਨੂੰਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਨ ਦੀ ਦਰਖ਼ਾਸਤ ਦਿੱਤੀ*

0
194

  ਮਾਨਸਾ (ਸਾਰਾ ਯਹਾਂ/ਮੁੱਖ ਸੰਪਾਦਕ ) : ਸ਼੍ਰੀ ਸਨਾਤਨ ਧਰਮ ਸਭਾ ਮਾਨਸਾ ਅਤੇ ਐਡਵੋਕੇਟਸ ਦੇ ਵਫ਼ਦ ਵੱਲੋਂ ਪਿਛਲੇ ਦਿਨੀਂ ਰਿਲੀਜ਼ ਹੋਈ ਪੰਜਾਬੀ ਫ਼ਿਲਮ ਕੈਰੀ ਆਨ ਜੱਟਾ -3 ਵਿੱਚ ਸ਼੍ਰੀ ਸਨਾਤਨ ਧਰਮ ਦੀ ਕੀਤੀ ਬੇਅਦਬੀ ਵਾਰੇ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਮਾਨਸਾ ਨੂੰ ਮਿਲਕੇ 295-ਏ ਅਤੇ ਹੋਰ ਬਣਦੀਆਂ ਕਾਨੂੰਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਨ ਦੀ ਦਰਖ਼ਾਸਤ ਦਿੱਤੀ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸ਼੍ਰੀ ਸਨਾਤਨ ਧਰਮ ਸਭਾ ਮਾਨਸਾ ਦੇ ਵਾਇਸ ਪ੍ਰਧਾਨ ਹਰੀ ਰਾਮ ਡਿੰਪਾ,ਜਨਰਲ ਸਕੱਤਰ ਕੰਵਲਜੀਤ, ਸਾਬਕਾ ਪ੍ਰਧਾਨ ਸਭਾ ਸਮੀਰ ਛਾਬੜਾ ਅਤੇ ਸ਼੍ਰੀ ਸਨਾਤਨ ਧਰਮ ਪ੍ਰਚਾਰ ਸੰਮਤੀ ਦੇ ਪ੍ਰਧਾਨ ਇੰਦਰਸੈਨ ਅਕਲੀਆਂ ਨੇ ਦੱਸਿਆ ਕਿ ਕੈਰੀ ਆਨ ਜੱਟਾ -3 ਪੰਜਾਬੀ ਫ਼ਿਲਮ ਵਿੱਚ ਹਵਨ ਯੱਗ ਕਰਦਿਆਂ ਦਾ ਇੱਕ ਦ੍ਰਿਸ਼ ਪੇਸ਼ ਕੀਤਾ ਹੈ ਜਿਸ ਵਿੱਚ ਚੱਲ ਰਹੇ ਹਵਨ ਯੱਗ ਤੇ ਹਵਨ ਯੱਗ ਕਰਵਾ ਰਹੇ ਬ੍ਰਹਾਮਣ ਉੱਤੇ ਵੀ ਡਸੱਟਵਿਨ (ਕੂੜੇ ਰੱਖਣ ਵਾਲਾ ਡੱਬਾ) ਵਿੱਚ ਪਾਣੀ ਭਰ ਕੇ ਸੁੱਟਿਆ ਜਾਂਦਾ ਵਿਖਾਇਆ ਹੈ। ਇਹ ਸ਼ਰੇਆਮ ਜਾਣਬੁੱਝ ਕੇ ਸ਼੍ਰੀ ਸਨਾਤਨ ਧਰਮ ਦੀ ਮਰਿਆਦਾ ਭੰਗ ਕੀਤੀ ਹੈ ਅਤੇ ਧਰਮ ਦਾ ਮਜ਼ਾਕ ਉਡਾਇਆ ਹੈ ਸੋ ਕਿ ਬਰਦਾਸ਼ਤ ਤੋਂ ਬਾਹਰ ਹੈ ਇਸ ਨਾਲ ਸਾਰੇ ਸ਼੍ਰੀ ਸਨਾਤਨ ਧਰਮ ਵਿੱਚ ਆਸਥਾ ਰੱਖਣ ਵਾਲਿਆਂ ਦੇ ਹਿਰਦੇ ਵਲੂੰਧਰੇ ਗਏ ਹਨ। ਪਾਲੀਵੁੱਡ ਹੋਵੇ ਚਾਹੇ ਬਾਲੀਵੁੱਡ ਹਮੇਸ਼ਾ ਹੀ ਸ਼੍ਰੀ ਸਨਾਤਨ ਧਰਮ ਦਾ ਅਪਮਾਨ ਕਰਕੇ ਘਟੀਆ ਸ਼ੋਹਰਤ ਹਾਸਲ ਕਰਦਾ ਆਇਆ ਹੈ ਤੇ ਕਰ ਰਿਹਾ ਹੈ ਹੁਣ ਇਹ ਸਹਿਣ ਨਹੀਂ ਹੋਵੇਗਾ।


ਉਨ੍ਹਾਂ ਅੱਗੇ ਦੱਸਿਆ ਕਿ ਇਸ ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਇਸ ਫ਼ਿਲਮ ਦੇ ਹਰ ਤਰ੍ਹਾਂ ਦੇ ਪ੍ਰਦਰਸ਼ਨ ਤੇ ਤੁਰੰਤ ਪ੍ਰਭਾਵ ਨਾਲ ਰੋਕ ਲਗਾਈ ਜਾਵੇ ਤਾਂ ਜੋ ਕੋਈ ਦੰਗਾ ਫ਼ਸਾਦ ਨਾ ਹੋਵੇ ਆਪਸੀ ਭਾਈਚਾਰਕ ਸਾਂਝ ਵਿੱਚ ਫੁੱਟ ਨਾ ਪਵੇ ਪੰਜਾਬ ਦੇ ਹਾਲਾਤ ਸੁਖਾਵੇਂ ਬਣੇ ਰਹਿਣ।
ਸ਼੍ਰੀ ਸਨਾਤਨ ਧਰਮ ਸਭਾ ਮਾਨਸਾ ਦੇ ਪ੍ਰਧਾਨ ਰੁਲਦੂ ਰਾਮ ਨੰਦਗੜ੍ਹ ਨੇ ਹਰੇਕ ਸ਼੍ਰੀ ਸਨਾਤਨ ਧਰਮ ਵਿੱਚ ਆਸਥਾ ਰੱਖਣ ਵਾਲਿਆਂ ਨੂੰ ਇਸ ਫ਼ਿਲਮ ਨੂੰ ਨਾ ਦੇਖਣ ਦੀ ਅਪੀਲ ਕੀਤੀ ਅਤੇ ਆਪਣੇ ਮੋਬਾਇਲ ਦੇ ਸਟੇਟਸ ਵਿੱਚ ਇਸ ਫ਼ਿਲਮ ਦੇ ਬਾਈਕਾਟ ਦਾ ਸੱਦਾ ਦਿੱਤਾ ਤਾਂ ਜੋ ਰੋਸ ਜੱਗ ਜ਼ਾਹਿਰ ਕੀਤਾ ਜਾਵੇ।
ਵਫ਼ਦ ਵੱਲੋਂ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਨਾਨਕ ਸਿੰਘ ਨੂੰ ਇਸ ਸੰਵੇਦਨਸ਼ੀਲ ਮਸਲੇ ਨੂੰ ਗੰਭੀਰਤਾ ਨਾਲ ਲੈਣ ਬੇਨਤੀ ਕੀਤੀ ਅਤੇ ਉਨ੍ਹਾਂ ਨੇ ਵਫ਼ਦ ਨੂੰ ਇਸ ਬਾਰੇ ਜਲਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ।
ਇਸ ਸਮੇਂ ਪ੍ਰਵੀਨ ਸ਼ਰਮਾ ਟੋਨੀ,ਬਾਰ ਕੌਂਸਲ ਦੇ ਵਾਇਸ ਪ੍ਰਧਾਨ ਐਡਵੋਕੇਟ ਰੋਹਿਤ ਭੰਮਾ ਸਾਬਕਾ ਪ੍ਰਧਾਨ ਐਡਵੋਕੇਟ ਕ੍ਰਿਸ਼ਨ ਕੁਮਾਰ, ਐਡਵੋਕੇਟ ਜਗਜੀਤ ਗੁਪਤਾ, ਐਡਵੋਕੇਟ ਅਨੀਸ਼ ਜੀਂਦਲ, ਐਡਵੋਕੇਟ ਰੋਹਿਤ ਮਿੱਤਲ, ਐਡਵੋਕੇਟ ਜਿੰਮੀ ਸਿੰਗਲਾ, ਐਡਵੋਕੇਟ ਅਮਨਦੀਪ ਸਿੰਗਲਾ,ਐਡਵੋਕੇਟ ਅਲਵਿੰਦਰ ਗੋਇਲ, ਕੌਂਸਲਰ ਸਤੀਸ਼ ਮਹਿਤਾ,ਕੌਸਲਰ ਸੰਦੀਪ ਸ਼ਰਮਾ ਅਤੇ ਸ਼ਹਿਰ ਮਾਨਸਾ ਦੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਮੈਂਬਰ ਹਾਜ਼ਰ ਸਨ।

NO COMMENTS