*ਕੈਬਨਿਟ ਸਬ-ਕਮੇਟੀ ਵੱਲੋਂ ਸਕੂਲ ਸਿੱਖਿਆ ਵਿਭਾਗ ਨਾਲ ਸਬੰਧਤ ਅਧਿਆਪਕ ਜਥੇਬੰਦੀਆਂ ਨਾਲ ਮੀਟਿੰਗ*

0
36

ਚੰਡੀਗੜ੍ਹ, 24 ਮਈ (ਸਾਰਾ ਯਹਾਂ/ ਮੁੱਖ ਸੰਪਾਦਕ): ਕੈਬਨਿਟ ਮੰਤਰੀਆਂ ਐਡਵੋਕੇਟ ਹਰਪਾਲ ਸਿੰਘ ਚੀਮਾ, ਸ੍ਰੀ ਅਮਨ ਅਰੋੜਾ ਅਤੇ ਸ. ਕੁਲਦੀਪ ਸਿੰਘ ਧਾਲੀਵਾਲ ਦੀ ਸ਼ਮੂਲੀਅਤ ਵਾਲੀ ਕੈਬਨਿਟ ਸਬ-ਕਮੇਟੀ ਵੱਲੋਂ ਅੱਜ ਸਕੂਲ ਸਿੱਖਿਆ ਵਿਭਾਗ ਨਾਲ ਸਬੰਧਤ ਵੱਖ-ਵੱਖ ਅਧਿਆਪਕ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੇ ਮਸਲਿਆਂ ਦੇ ਹੱਲ ਲਈ ਵਿਚਾਰ ਚਰਚਾ ਕੀਤੀ ਗਈ।

ਇਥੇ ਪੰਜਾਬ ਭਵਨ ਵਿਖੇ ਖੁਸ਼ਗਵਾਰ ਮਾਹੌਲ ਵਿੱਚ ਹੋਈਆਂ ਇੰਨ੍ਹਾਂ ਮੀਟਿੰਗਾਂ ਦੌਰਾਨ ਮੈਰੀਟੋਰੀਅਸ ਟੀਚਰਜ਼ ਯੂਨੀਅਨ, ਕੰਪਿਊਟਰ ਅਧਿਆਪਕ ਯੂਨੀਅਨ, ਪੀ.ਐਸ.ਟੈੱਟ ਯੂਨੀਅਨ, ਈ.ਜੀ.ਐਸ./ਏ.ਆਈ.ਈ./ਐਸ.ਟੀ.ਆਰ ਕੱਚੇ ਅਧਿਆਪਕ ਯੂਨੀਅਨ, ਕੱਚੇ ਅਧਿਆਪਕ ਯੂਨੀਅਨ, ਈ.ਟੀ.ਟੀ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ, 4161 ਬੇਰੁਜ਼ਗਾਰ ਅਧਿਆਪਕ ਯੂਨੀਅਨ, ਈ.ਜੀ.ਐਸ./ਏ.ਆਈ.ਈ/ਐਸ.ਟੀ.ਆਰ ਪ੍ਰੀ ਪ੍ਰਾਇਮਰੀ ਕੱਚੇ ਅਧਿਆਪਕ ਯੂਨੀਅਨ ਵੱਲੋਂ ਸਬ-ਕਮੇਟੀ ਨਾਲ ਆਪੋ-ਆਪਣੇ ਮਸਲਿਆਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਗਈ। ਯੂਨਿਅਨਾਂ ਵੱਲੋਂ ਪੇਸ਼ ਕੀਤੇ ਗਏ ਜਿਆਦਾਤਰ ਮਸਲੇ ਸੇਵਾਵਾਂ ਨੂੰ ਪੱਕਿਆਂ ਕਰਨ ਅਤੇ ਤਨਖਾਹ ਵਿੱਚ ਵਾਧੇ ਨਾਲ ਸਬੰਧਤ ਸਨ।

ਸੇਵਾਵਾਂ ਨੂੰ ਪੱਕਿਆਂ ਕਰਨ ਨਾਲ ਸਬੰਧਤ ਯੂਨੀਅਨਾਂ ਦੀਆਂ ਕੁਝ ਮੰਗਾਂ ਬਾਰੇ ਕੈਬਨਿਟ ਸਬ-ਕਮੇਟੀ ਨੇ ਪਾਇਆ ਕਿ ਇਨ੍ਹਾਂ ਮਾਮਲਿਆਂ ਨੂੰ ਹੱਲ ਕਰਨ ਲਈ ਕਾਨੂੰਨੀ ਰਾਏ ਦੀ ਲੋੜ ਹੈ। ਕੈਬਨਿਟ ਸਬ-ਕਮੇਟੀ ਨੇ ਸਕੂਲ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਨ੍ਹਾਂ ਯੂਨੀਅਨਾਂ ਨਾਲ ਵਿਸ਼ੇਸ਼ ਮੀਟਿੰਗਾਂ ਕਰਨ ਅਤੇ ਇਨ੍ਹਾਂ ਦੇ ਮਸਲਿਆਂ ਦੇ ਕਾਨੂੰਨੀ ਤੌਰ ‘ਤੇ ਢੁਕਵੇਂ ਹੱਲ ਲਈ ਐਡਵੋਕੇਟ ਜਨਰਲ ਦੇ ਦਫ਼ਤਰ ਤੋਂ ਕਾਨੂੰਨੀ ਸਲਾਹ ਲੈਣ। ਕੈਬਨਿਟ ਸਬ-ਕਮੇਟੀ ਦੇ ਚੇਅਰਮੈਨ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਯਕੀਨੀ ਬਨਾਉਣ ਲਈ ਕਿਹਾ ਕਿ ਯੂਨੀਅਨਾਂ ਸੇਵਾਵਾਂ ਪੱਕਿਆਂ ਕਰਨ ਸਬੰਧੀ ਮੰਗਾਂ ਦਾ ਅਜਿਹਾ ਹੱਲ ਕੱਢਿਆ ਜਾਵੇ ਜਿਸ ਤਹਿਤ ਕਿਸੇ ਕਾਨੂੰਨੀ ਅੜਚਨ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਮੰਨਸ਼ਾ ਵੱਧ ਤੋਂ ਵੱਧ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਪੱਕਿਆਂ ਕਰਨ ਦੀ ਹੈ।

ਤਨਖਾਹ ਅਤੇ ਵਿੱਤ ਵਿਭਾਗ ਨਾਲ ਸਬੰਧਤ ਹੋਰ ਮਸਲਿਆਂ ਬਾਰੇ ਵਿੱਤ ਮੰਤਰੀ ਨੇ ਅਧਿਆਪਕ ਯੂਨੀਅਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਵੱਲੋਂ ਉਠਾਈਆਂ ਗਈਆਂ ਜਿਆਦਾਤਰ ਮੰਗਾਂ ਬਾਰੇ ਅਮਲ ਪ੍ਰਕ੍ਰਿਆ ਅਧੀਨ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਇਸ ਸਬੰਧੀ ਖੁਸ਼ਖਬਰੀ ਮਿਲੇਗੀ। ਉਨ੍ਹਾਂ ਵਿੱਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਉਹ ਸਕੂਲ ਸਿੱਖਿਆ ਵਿਭਾਗ ਦੇ ਨਾਲ ਮੀਟਿੰਗਾਂ ਕਰਕੇ ਇਸ ਸਬੰਧੀ ਹੋਰਨਾਂ ਵਿੱਤੀ ਮਾਮਲਿਆਂ ਬਾਰੇ ਵੀ ਜਲਦ ਤਜਵੀਜ ਤਿਆਰ ਕਰਨ।

ਇੰਨ੍ਹਾਂ ਮੀਟਿੰਗਾਂ ਦੌਰਾਨ ਹੋਰਨਾਂ ਤੋਂ ਇਲਾਵਾ ਵਧੀਕ ਮੁੱਖ ਸਕੱਤਰ ਸਕੂਲ ਸਿੱਖਿਆ ਸ੍ਰੀਮਤੀ ਸੀਮਾ ਜੈਨ, ਵਿੱਤ ਸਕੱਤਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ, ਵਿਸ਼ੇਸ਼ ਸਕੱਤਰ ਸਕੂਲ ਸਿੱਖਿਆ ਸ੍ਰੀਮਤੀ ਗੌਰੀ ਪਰਾਸ਼ਰ ਜੋਸ਼ੀ ਅਤੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਸ੍ਰੀਮਤੀ ਦੀਪਤੀ ਉੱਪਲ ਵੀ ਹਾਜਰ ਸਨ।

NO COMMENTS