*ਕੈਬਨਿਟ ਮੰਤਰੀ ਰਾਜਾ ਵੜਿੰਗ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮਾਨਸਾ ਆਮਦ ਨੂੰ ਲੈ ਕੇ ਤਿਆਰੀਆਂ ਦਾ ਲਿਆ ਜਾਇਜ਼ਾ*

0
315

ਮਾਨਸਾ, 05 ਦਸੰਬਰ (ਸਾਰਾ ਯਹਾਂ/ਮੁੱਖ ਸੰਪਾਦਕ ): ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਵਿਚ ਵਿਕਾਸ ਕਾਰਜਾਂ ਲਈ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ, ਜਿਸ ਦੇ ਚੱਲਦਿਆਂ ਅੱਜ ਪੂਰੇ ਸੂਬੇ ਵਿਚ ਤੇਜ਼ੀ ਨਾਲ ਵਿਕਾਸ ਕੰਮ ਹੋ ਰਹੇ ਹਨ। ਸੂਬੇ ਅੰਦਰ ਵਿਕਾਸ ਕੰਮਾਂ ਦੀ ਰਫ਼ਤਾਰ ਅਤੇ ਪੰਜਾਬ ਸਰਕਾਰ ਤੋਂ ਹਰ ਵਰਗ ਦੇ ਲੋਕ ਪੂਰੀ ਤਰ੍ਹਾ ਸੰਤੁਸ਼ਟ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ 10 ਦਸੰਬਰ ਨੂੰ ਮਾਨਸਾ ਵਿਖੇ ਮੁੱਖ ਮੰਤਰੀ ਪੰਜਾਬ ਦੀ ਆਮਦ ਨੂੰ ਲੈ ਕੇ ਨਵੀਂ ਦਾਣਾ ਮੰਡੀ ਵਿਖੇ ਰੱਖੇ ਗਏ ਪ੍ਰੋਗਰਾਮ ਦੀ ਤਿਆਰੀਆਂ ਦਾ ਜਾਇਜ਼ਾ ਲੈਣ ਵੇਲੇ ਕੀਤਾ। ਕੈਬਨਿਟ ਮੰਤਰੀ ਨੇ ਪ੍ਰੋਗਰਾਮ ਦੀ ਰੂਪ ਰੇਖਾ ਅਤੇ ਹੋਰ ਪ੍ਰਬੰਧਾਂ ਲਈ ਸਮੂਹ ਬਲਾਕ ਸੰਮਤੀ ਮੈਂਬਰਾਂ, ਸਰਪੰਚਾਂ, ਪੰਚਾਂ, ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਅਤੇ ਹੋਰਨਾਂ ਸੀਨੀਅਰ ਆਗੂਆਂ ਨਾਲ ਵਿਸ਼ੇਸ ਗੱਲਬਾਤ ਕੀਤੀ ਅਤੇ ਮੁੱਖੀ ਮੰਤਰੀ ਪੰਜਾਬ ਦੇ ਦੌਰੇ ਨੂੰ ਪੰਜਾਬ ਦੀ ਸਭ ਤੋਂ ਵਧੀਆਂ ਆਮਦ ਬਣਾਉਣ ਲਈ ਆਪਸੀ ਤਾਲਮੇਲ ਨਾਲ ਕੰਮ ਕਰਨ ਦੀ ਅਪੀਲ ਕੀਤੀ।  ਉਨ੍ਹਾਂ ਕਿਹਾ ਕਿ ਸੂਬੇ ਅੰਦਰ ਆਮ ਲੋਕਾਂ ਦੀ ਸਰਕਾਰ ਹੈ ਜਿਥੇ ਸਾਰੇ ਅਧਿਕਾਰੀ ਤੇ ਵਿਧਾਇਕ, ਮੰਤਰੀ ਇੱਥੋਂ ਤੱਕ ਕਿ ਮੁੱਖ ਮੰਤਰੀ ਤੱਕ ਜਨਤਾ ਸਿੱਧੇ ਤੌਰ ’ਤੇ ਪਹੁੰਚ ਕਰ ਸਕਦੀ ਹੈ। ਸੂਬੇ ਦੇ ਮੁੱਖ ਮੰਤਰੀ ਹਰ ਵਰਗ ਤੱਕ ਪਹੁੰਚ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਖੁਦ ਜਾ ਕੇ ਹੱਲ ਕਰ ਰਹੇ ਹਨ ਅਤੇ ਜਨਤਾ ਤੱਕ ਹਰ ਸਰਕਾਰੀ ਯੋਜਨਾ ਦਾ ਲਾਭ ਪਹੁੰਚਾਉਣ ਲਈ ਖੁਦ ਨਿਗਰਾਨੀ ਕਰ ਰਹੇ ਹਨ। ਇਸ ਮੌਕੇ ਵਿਧਾਇਕ ਮਾਨਸਾ ਨਾਜ਼ਰ ਸਿੰਘ ਮਾਨਸ਼ਾਹੀਆ, ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਮਹਿੰਦਰ ਪਾਲ, ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਬਿਕਰਮ ਮੋਫਰ, ਐਸ.ਡੀ.ਐਮ. ਮਾਨਸਾ ਸ਼੍ਰੀ ਹਰਜਿੰਦਰ ਸਿੰਘ ਜੱਸਲ, ਐਸ.ਡੀ.ਐਮ. ਸਰਦੂਲਗੜ੍ਹ ਸ੍ਰੀਮਤੀ ਮਨੀਸ਼ਾ ਰਾਣਾ, ਐਸ.ਡੀ.ਐਮ. ਬੁਢਲਾਡਾ ਕਾਲਾ ਰਾਮ ਕਾਂਸਲ, ਡਾ. ਮਨੋਜ ਬਾਲਾ, ਰਣਜੀਤ ਕੌਰ ਭੱਟੀ, ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ, ਚੁਸਪਿੰਦਰਬੀਰ ਚਹਿਲ, ਗੁਰਪ੍ਰੀਤ ਸਿੰਘ ਵਿੱਕੀ, ਪ੍ਰਧਾਨ ਨਗਰ ਕੌਂਸਲ ਮਾਨਸਾ ਜਸਬੀਰ ਕੌਰ, ਪ੍ਰਧਾਨ ਨਗਰ ਪੰਚਾਇਤ ਭੀਖੀ ਵਿਨੋਦ ਸਿੰਗਲਾ ਤੋਂ ਇਲਾਵਾ ਹੋਰ ਆਗੂ ਹਾਜ਼ਰ ਸਨ।

NO COMMENTS